Punjab Election 2022: ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਲਗਾਤਾਰ ਝਟਕੇ, ਹੁਣ ਤੱਕ 20 'ਚੋਂ 11 ਵਿਧਾਇਕਾਂ ਨੇ ਛੱਡੀ ਪਾਰਟੀ
ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ 'ਆਪ' ਵਿਧਾਇਕ ਐਚਐਸ ਫੂਲਕਾ ਨੇ ਪਾਰਟੀ ਛੱਡਣ ਤੋਂ ਬਾਅਦ ਸਿਆਸਤ ਤੋਂ ਦੂਰੀ ਬਣਾ ਲਈ ਹੈ। ਖਰੜ ਤੋਂ ‘ਆਪ’ ਵਿਧਾਇਕ ਕੰਵਰ ਸੰਧੂ ਨੂੰ ਪਾਰਟੀ ਵੱਲੋਂ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ।
![Punjab Election 2022: ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਲਗਾਤਾਰ ਝਟਕੇ, ਹੁਣ ਤੱਕ 20 'ਚੋਂ 11 ਵਿਧਾਇਕਾਂ ਨੇ ਛੱਡੀ ਪਾਰਟੀ Punjab Assembly elections 2022, 11 out of 20 Aam Aadmi Party MLAs have quit the party Punjab Election 2022: ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਲਗਾਤਾਰ ਝਟਕੇ, ਹੁਣ ਤੱਕ 20 'ਚੋਂ 11 ਵਿਧਾਇਕਾਂ ਨੇ ਛੱਡੀ ਪਾਰਟੀ](https://feeds.abplive.com/onecms/images/uploaded-images/2021/12/10/e56253f1dcbf5f36a131c9523515e2fc_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਕਿਸਾਨ ਅੰਦੋਲਨ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਬਣੇ ਮਾਹੌਲ ਵਿੱਚ ਆਮ ਆਦਮੀ ਪਾਰਟੀ ਕੋਲ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਬਾਜ਼ੀ ਮਾਰਨ ਦਾ ਚੰਗਾ ਮੌਕਾ ਸੀ ਪਰ ਪਾਰਟੀ ਅੰਦਰਲੀ ਖਿੱਚੋਤਾਣ ਸਾਰੇ ਸੁਫਨੇ ਚਕਨਾਚੂਰ ਕਰ ਰਹੀ ਹੈ। ਹੁਣ ਤੱਕ ਆਮ ਆਦਮੀ ਪਾਰਟੀ ਦੇ 20 'ਚੋਂ 11 ਵਿਧਾਇਕਾਂ ਨੇ ਪਾਰਟੀ ਛੱਡ ਦਿੱਤੀ ਹੈ। ਇਸ ਤੋਂ ਇਲਾਵਾ ਪਾਰਟੀ ਅਜੇ ਤੱਕ ਮੁੱਖ ਮੰਤਰੀ ਦੇ ਅਹੁਦੇ ਲਈ ਕੋਈ ਚਿਹਰਾ ਨਹੀਂ ਐਲਾਨ ਸਕੀ ਜਿਸ ਕਰਕੇ ਵਰਕਰਾਂ ਵਿੱਚ ਵੀ ਨਿਰਾਸ਼ਾ ਹੈ।
ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਭਾਵੇਂ ਪੰਜਾਬ ਦੇ ਵੋਟਰਾਂ ਨੂੰ ਵੱਖ-ਵੱਖ ਤਰ੍ਹਾਂ ਦੇ ਗਾਰੰਟੀ ਕਾਰਡ ਵੰਡ ਰਹੇ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ 'ਤੇ ਸਿੱਧੇ ਰੇਤ ਮਾਫ਼ੀਏ ਨੂੰ ਲੈ ਕੇ ਸ਼ਬਦੀ ਵਾਰ ਕਰ ਰਹੇ ਹਨ, ਪਰ ਪਾਰਟੀ ਅੰਦਰਲੀ ਖਿੱਚੋਤਾਣ ਮੁਸੀਬਤ ਬਣ ਰਹੀ ਹੈ। ਇਸ ਦਾ ਲਾਹਾ ਲੈਂਦਿਆਂ ਹੀ ਕਾਂਗਰਸ ਨੇ ਡੂੰਘੀ ਸੱਟ ਮਾਰਨ ਦੀ ਰਣਨੀਤੀ ਘੜੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੇ 'ਆਪ' ਦੇ ਸੀਨੀਅਰ ਤੇ ਮਜ਼ਬੂਤ ਵਿਧਾਇਕ ਨੂੰ ਪਾਰਟੀ 'ਚ ਸ਼ਾਮਲ ਕਰਨ ਦੀ ਤਿਆਰੀ ਕੀਤੀ ਹੈ।
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ‘ਆਪ’ ਵਿਧਾਇਕ ਨਾਲ ਮੀਟਿੰਗ ਕੀਤੀ ਹੈ। ਆਮ ਆਦਮੀ ਪਾਰਟੀ ਭਾਵੇਂ ਸੂਬੇ ਦੀਆਂ ਸਾਰੀਆਂ 117 ਸੀਟਾਂ 'ਤੇ ਇਕੱਲੀ ਚੋਣ ਲੜ ਰਹੀ ਹੈ ਪਰ ਇਸ ਦੇ ਵਿਧਾਇਕ ਹੌਲੀ-ਹੌਲੀ ਆਪਣਾ ਸਮਰਥਨ ਛੱਡ ਰਹੇ ਹਨ। 2017 'ਚ 20 ਵਿਧਾਇਕਾਂ ਨਾਲ ਪੰਜਾਬ ਵਿਧਾਨ ਸਭਾ ਪਹੁੰਚੇ 'ਆਪ' ਦੇ 11 ਵਿਧਾਇਕ ਪਾਰਟੀ ਛੱਡ ਚੁੱਕੇ ਹਨ।
11 ਨਵੰਬਰ 2021 ਨੂੰ 'ਆਪ' ਦੀ ਸਥਿਤੀ ਉਦੋਂ ਹਾਸੋਹੀਣੀ ਬਣ ਗਈ ਸੀ, ਜਦੋਂ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਰਾਏਕੋਟ ਤੋਂ 'ਆਪ' ਵਿਧਾਇਕ ਜਗਤਾਰ ਹਿੱਸੋਵਾਲ 'ਆਪ' ਦੇ ਬੈਂਚ ਤੋਂ ਉੱਠ ਕੇ ਕਾਂਗਰਸੀਆਂ ਦੇ ਬੈਂਚ 'ਚ ਬੈਠ ਗਏ ਸਨ, ਜਦਕਿ ਇਸ ਤੋਂ ਇਕ ਦਿਨ ਪਹਿਲਾਂ ਬਠਿੰਡਾ ਦੇਹਾਤੀ ਤੋਂ 'ਆਪ' ਦੀ ਮਹਿਲਾ ਵਿਧਾਇਕ ਰੁਪਿੰਦਰ ਰੂਬੀ ਕਾਂਗਰਸ 'ਚ ਸ਼ਾਮਲ ਹੋ ਗਈ ਸੀ। ਇਸ ਤੋਂ ਪਹਿਲਾਂ ਸੁਖਪਾਲ ਖਹਿਰਾ, ਪਿਰਮਲ ਸਿੰਘ ਤੇ ਜਗਦੇਵ ਕਮਾਲੂ ਵੀ ਕਾਂਗਰਸ 'ਚ ਸ਼ਾਮਲ ਹੋ ਚੁੱਕੇ ਹਨ।
ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ 'ਆਪ' ਵਿਧਾਇਕ ਐਚਐਸ ਫੂਲਕਾ ਨੇ ਪਾਰਟੀ ਛੱਡਣ ਤੋਂ ਬਾਅਦ ਸਿਆਸਤ ਤੋਂ ਦੂਰੀ ਬਣਾ ਲਈ ਹੈ। ਖਰੜ ਤੋਂ ‘ਆਪ’ ਵਿਧਾਇਕ ਕੰਵਰ ਸੰਧੂ ਨੂੰ ਪਾਰਟੀ ਵੱਲੋਂ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ। ਹੁਣ ਸੰਧੂ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ 'ਆਪ' ਦੇ ਤਕੜੇ ਵਿਧਾਇਕ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮਿਲੇ ਸੀ। ਐਸਸੀ ਵਰਗ ਨਾਲ ਸਬੰਧਤ ਵਿਧਾਇਕ ਵੀ ਜਲਦੀ ਹੀ ਕਾਂਗਰਸ 'ਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ।
ਇਹ ਵੀ ਅਹਿਮ ਹੈ ਕਿ 'ਆਪ' ਨੇ ਅਜੇ ਤੈਅ ਨਹੀਂ ਕੀਤਾ ਕਿ ਪੰਜਾਬ 'ਚ ਉਨ੍ਹਾਂ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ। ਪੰਜਾਬ 'ਚ 'ਆਪ' ਦੇ ਪਹਿਲੇ ਕਨਵੀਨਰ ਰਹੇ ਸੁੱਚਾ ਸਿੰਘ ਛੋਟੇਪੁਰ ਨੇ 'ਆਪ' 'ਤੇ ਚੁਟਕੀ ਲੈਂਦਿਆਂ ਕਿਹਾ ਕਿ ਕੇਜਰੀਵਾਲ ਭਗਵੰਤ ਮਾਨ ਦੇ ਸਾਹਮਣੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸਾਫ਼-ਸੁਥਰਾ ਚਿਹਰਾ ਚਾਹੀਦਾ ਹੈ। ਕੇਜਰੀਵਾਲ ਦੇ ਇਸ ਬਿਆਨ ਨਾਲ ਭਗਵੰਤ ਮਾਨ ਦੇ ਦਿਲ 'ਤੇ ਕੀ ਬੀਤਦੀ ਹੋਵੇਗੀ।
ਦੱਸ ਦੇਈਏ ਕਿ ਪਿਛਲੇ ਦਿਨੀਂ ਮਾਨ ਨੇ ਇਹ ਬਿਆਨ ਦਿੱਤਾ ਸੀ ਕਿ ਭਾਜਪਾ ਉਨ੍ਹਾਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਨਾ ਚਾਹੁੰਦੀ ਹੈ। ਹਾਲਾਂਕਿ ਭਾਜਪਾ ਨੇ ਵੀ ਮਾਨ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ਸਿਰਫ਼ ਆਪਣੀ ਪਾਰਟੀ ਨੂੰ ਬਲੈਕਮੇਲ ਕਰਨਾ ਚਾਹੁੰਦੇ ਹਨ। ਅਜਿਹੀ ਸਥਿਤੀ ਵਿੱਚ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਆਪਣੀਆਂ ਹੀ ਗਲਤੀਆਂ ਨਾਲ ਇਸ ਵਾਰ ਵੀ ਮੌਕਾ ਗਵਾ ਰਹੀ ਹੈ।
ਇਹ ਵੀ ਪੜ੍ਹੋ: Coronavirus Update: ਰਾਹਤ ਦੀ ਖਬਰ! ਭਾਰਤ 'ਚ ਨਹੀਂ ਓਮੀਕਰੋਨ ਦਾ ਅਸਰ, ਜਾਣੋ ਦੇਸ਼ ਦੇ ਤਾਜ਼ਾ ਹਾਲਾਤ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)