Punjab CM on ED Raids: ਰਿਸ਼ਤੇਦਾਰ 'ਤੇ ED ਦੀ ਰੇਡ ਕਾਰਨ ਭੜਕੇ CM ਚੰਨੀ, ਬੋਲੇ, ਬੰਗਾਲ ਵਾਂਗ ਕੀਤਾ ਜਾ ਰਿਹੈ ਟਾਰਗੇਟ
ਪੰਜਾਬ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਦਾ ਮਾਮਲਾ ਬਹੁਤ ਪੁਰਾਣਾ ਹੈ, ਹੁਣ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰਾਂ ਖ਼ਿਲਾਫ਼ ਐਕਸ਼ਨ ਹੋਇਆ ਹੈ।
ਸ਼ੰਕਰ ਦਾਸ ਦੀ ਰਿਪੋਰਟ
Charanjit Singh Channi: ਪੰਜਾਬ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਦਾ ਮਾਮਲਾ ਬਹੁਤ ਪੁਰਾਣਾ ਹੈ, ਹੁਣ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰਾਂ ਖ਼ਿਲਾਫ਼ ਐਕਸ਼ਨ ਹੋਇਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਉਨ੍ਹਾਂ ਦੇ ਰਿਸ਼ਤੇਦਾਰਾਂ 'ਤੇ ਛਾਪੇਮਾਰੀ ਕੀਤੀ ਹੈ। ਜਿਸ 'ਤੇ ਖੁਦ ਸੀਐਮ ਚੰਨੀ ਦਾ ਜਵਾਬ ਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਅਸੀਂ ਡਰਦੇ ਨਹੀਂ ਹਾਂ।
ਚੰਨੀ ਨੇ ਕਿਹਾ - ਸਾਨੂੰ ਦਬਾਉਣ ਦੀ ਹੋ ਰਹੀ ਕੋਸ਼ਿਸ਼
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਡੇ ਮੰਤਰੀ ਅਤੇ ਮੈਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅੱਜ 2018 ਦੀ ਕਿਸੇ ਐਫਆਈਆਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਸ ਸਮੇਂ ਤਾਂ ਸੀਐਮ ਵੀ ਨਹੀਂ ਸੀ, ਇਹ ਸਾਨੂੰ ਦਬਾਉਣ ਦੀ ਕੋਸ਼ਿਸ਼ ਹੈ ਪਰ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਹਾਂ। ਪੱਛਮੀ ਬੰਗਾਲ ਦੀਆਂ ਚੋਣਾਂ ਦੌਰਾਨ ਵੀ ਅਜਿਹਾ ਹੀ ਹੋਇਆ ਸੀ।
ਦੱਸ ਦੇਈਏ ਕਿ 18 ਜਨਵਰੀ ਦੀ ਸਵੇਰ ਈਡੀ ਨੇ ਮੋਹਾਲੀ ਸਮੇਤ ਕਰੀਬ 9 ਥਾਵਾਂ 'ਤੇ ਛਾਪੇਮਾਰੀ ਸ਼ੁਰੂ ਕੀਤੀ ਸੀ। ਦੱਸਿਆ ਗਿਆ ਕਿ ਨਾਜਾਇਜ਼ ਮਾਈਨਿੰਗ ਸਬੰਧੀ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਕਿ ਜਿਨ੍ਹਾਂ ਲੋਕਾਂ 'ਤੇ ਛਾਪੇਮਾਰੀ ਹੋ ਰਹੀ ਹੈ, ਉਹ ਸੀਐਮ ਚੰਨੀ ਨਾਲ ਸਬੰਧਤ ਹਨ। ਇਸ ਵਿੱਚ ਉਨ੍ਹਾਂ ਦੇ ਸਾਲੇ ਦੇ ਲੜਕੇ ਦਾ ਨਾਂ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ।
ਚੋਣਾਂ ਤੋਂ ਪਹਿਲਾਂ ਗਰਮ ਨਾਜਾਇਜ਼ ਮਾਈਨਿੰਗ ਦਾ ਮੁੱਦਾ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਨਾਜਾਇਜ਼ ਮਾਈਨਿੰਗ ਦਾ ਮੁੱਦਾ ਕਾਫੀ ਗਰਮ ਹੈ। ਇਸ ਸਬੰਧੀ ਖੁਦ ਨਵਜੋਤ ਸਿੰਘ ਸਿੱਧੂ ਨੇ ਵੀ ਸਵਾਲ ਉਠਾਏ ਹਨ। ਉਨ੍ਹਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕਾਂਗਰਸ ਸਰਕਾਰ ਨੂੰ ਘੇਰ ਰਹੇ ਹਨ।
ਕਾਂਗਰਸ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਤੋਂ ਹੀ ਇਸ ਮੁੱਦੇ ਨੂੰ ਲੈ ਕੇ ਘਿਰੀ ਹੋਈ ਹੈ। ਚੋਣਾਂ ਦੇ ਆਉਂਦਿਆਂ ਹੀ ਇਹ ਮੁੱਦਾ ਫਿਰ ਵੱਡਾ ਹੋ ਗਿਆ ਹੈ ਪਰ ਹੁਣ ਕੇਂਦਰੀ ਏਜੰਸੀ ਦੀ ਇਸ ਕਾਰਵਾਈ ਨੇ ਇਸ ਨੂੰ ਹੋਰ ਹਵਾ ਦੇ ਦਿੱਤੀ ਹੈ। ਆਉਣ ਵਾਲੇ ਦਿਨਾਂ ਵਿਚ ਆਮ ਆਦਮੀ ਪਾਰਟੀ ਇਸ ਨੂੰ ਜ਼ੋਰ-ਸ਼ੋਰ ਨਾਲ ਉਛਾਲ ਸਕਦੀ ਹੈ।