ਰਾਘਵ ਚੱਢਾ ਦਾ ਕਾਂਗਰਸ 'ਤੇ ਹਮਲਾ, ‘ਯੂਜ ਐਂਡ ਥਰੋਅ’ ਨੀਤੀ ਦੇ ਤਹਿਤ ਚੰਨੀ ਦਾ ਕੀਤਾ ਇਸਤੇਮਾਲ
ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਟਿਕਟਾਂ ਦੀ ਵੰਡ ਨਾਲ ਪਾਰਟੀ ਦਾ ਦਲਿਤ ਵਿਰੋਧੀ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਟਿਕਟਾਂ ਦੀ ਵੰਡ ਨਾਲ ਪਾਰਟੀ ਦਾ ਦਲਿਤ ਵਿਰੋਧੀ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ।
ਕਾਂਗਰਸ ਪਾਰਟੀ ਨੇ ਹਮੇਸ਼ਾ ਦਲਿਤਾਂ ਨੂੰ ਵੋਟਾਂ ਲਈ ਵਰਤਿਆ ਹੈ। ਕਾਂਗਰਸ ਪਾਰਟੀ ਨੇ ਕੁਝ ਹਫ਼ਤਿਆਂ ਲਈ ਐਸਸੀ ਭਾਈਚਾਰੇ ਦੇ ਐਮਐਲਏ ਨੂੰ ਮੁੱਖ ਮੰਤਰੀ ਬਣਾਇਆ ਤਾਂ ਜੋ ਪੰਜਾਬ ਵਿੱਚ ਵੋਟ ਬੈਂਕ ਦੀ ਰਾਜਨੀਤੀ ਕੀਤੀ ਜਾ ਸਕੇ।
ਪੰਜਾਬ ਨੂੰ ਜਾਤ-ਪਾਤ ਦੇ ਨਾਂ 'ਤੇ ਵੰਡਿਆ ਜਾ ਸਕੇ ਅਤੇ ਦਲਿਤਾਂ ਦੀਆਂ ਵੋਟਾਂ ਲਈਆਂ ਜਾ ਸਕਣ।ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਦਲਿਤਾਂ ਦੀ ਆਵਾਜ਼ ਨਹੀਂ ਸੁਣਦੀ ਅਤੇ ਹਮੇਸ਼ਾ ਆਪਣੀ ਰਵਾਇਤ ਮੁਤਾਬਕ ਭਾਈ-ਭਤੀਜਾਵਾਦ ਅਤੇ ਪਰਿਵਾਰਵਾਦ ਨੂੰ ਹੀ ਅੱਗੇ ਵਧਾਉਂਦੀ ਹੈ।
ਕਾਂਗਰਸ ਦੇ ਪਰਿਵਾਰਵਾਦ ਅਤੇ ਦਲਿਤ ਵਿਰੋਧੀ ਹੋਣ ਦਾ ਸਬੂਤ ਦਿੰਦਿਆਂ ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਦੀ ਪਾਰਟੀ ਦੇ ਵੱਡੇ ਆਗੂਆਂ ਦੀ ਮੰਗ ਅਨੁਸਾਰ ਉਨ੍ਹਾਂ ਦੇ ਭਾਈ ਭਤੀਜਿਆਂ, ਪੁੱਤਰਾਂ ਤੇ ਜਵਾਈਆਂ ਨੂੰ ਟਿਕਟਾਂ ਤਾਂ ਦੇ ਦਿੱਤੀਆਂ, ਪਰ ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਰਾ ਲਈ ਟਿਕਟਾਂ ਦੀ ਮੰਗ ਕੀਤੀ ਤਾਂ ਪਾਰਟੀ ਨੇ ਟਿਕਟ ਨਹੀਂ ਦਿੱਤੀ।
ਉਨ੍ਹਾਂ ਉਦਾਹਰਣ ਦਿੰਦਿਆਂ ਕਿਹਾ ਕਿ ਪਾਰਟੀ ਨੇ ਸੁਨੀਲ ਜਾਖੜ ਦੇ ਬੇਟੇ ਨੂੰ ਅਬੋਹਰ ਤੋਂ , ਅਮਰ ਸਿੰਘ ਦੇ ਬੇਟੇ ਨੂੰ ਰਾਏਕੋਟ ਤੋਂ , ਸੰਸਦ ਮੈਂਬਰ ਸੰਤੋਸ਼ ਚੌਧਰੀ ਦੇ ਭਤੀਜੇ ਨੂੰ ਕਰਤਾਰਪੁਰ ਤੋਂ 'ਤੇ ਉਨ੍ਹਾਂ ਦੇ ਬੇਟੇ ਨੂੰ ਫਿਲੌਰ ਹਲਕੇ ਤੋਂ ਟਿਕਟ ਦਿੱਤੀ ਹੈ।
ਇਸੇ ਤਰ੍ਹਾਂ ਅਵਤਾਰ ਹੈਨਰੀ ਦੇ ਪੁੱਤਰ ਨੂੰ ਜਲੰਧਰ (ਰੂਰਲ) ਤੋਂ, ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪਰਿਵਾਰ ਦੀ ਨੂੰਹ ਕਰਨ ਕੌਰ ਨੂੰ , ਨਵਜੋਤ ਸਿੰਘ ਸਿੱਧੂ ਦੇ ਭਤੀਜੇ ਸੁਮੀਤ ਸਿੰਘ ਨੂੰ ਅਮਰਗੜ੍ਹ ਤੋਂ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ।
ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ ਸਾਹਨੇਵਾਲ ਤੋਂ, ਸਾਬਕਾ ਵਿਧਾਇਕ ਸੁਰਜੀਤ ਧੀਮਾਨ ਦੇ ਭਤੀਜੇ ਨੂੰ ਸੁਨਾਮ ਤੋਂ ਅਤੇ ਬ੍ਰਹਮ ਮਹਿੰਦਰਾ ਦੇ ਬੇਟੇ ਨੂੰ ਪਟਿਆਲਾ (ਦਿਹਾਤੀ) ਤੋਂ ਟਿਕਟ ਦਿੱਤੀ ਗਈ ਹੈ।
ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦਲਿਤ ਭਾਈਚਾਰੇ ਨਾਲ ਸਬੰਧਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਭਰਾ ਨੂੰ ਟਿਕਟ ਦੇਣ ਲਈ ਝੋਲੀ ਅੱਡ ਕੇ ਕੀਤੀ ਗਈ ਅਪੀਲ ਨੂੰ ਵੀ ਨਹੀਂ ਮੰਨਿਆ ਅਤੇ ਟਿਕਟ ਨਹੀਂ ਦਿੱਤੀ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੀ ਰਵਾਇਤ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 'ਯੂਜ਼ ਐਂਡ ਥ੍ਰੋ' ਕੀਤਾ ਹੈ। ਚੰਨੀ ਨੂੰ ਕਾਂਗਰਸ ਨੇ 'ਨਾਈਟ-ਵਾਚਮੈਨ' ਵਜੋਂ ਵਰਤਿਆ ਹੈ। ਚੰਨੀ ਦੇ ਸਕੇ ਭਰਾ ਨੂੰ ਟਿਕਟ ਨਾ ਦੇਣ ਨਾਲ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ। ਚੱਢਾ ਨੇ ਕਿਹਾ ਕਿ ਕਾਂਗਰਸ ਸਿਰਫ਼ ਭਾਈ-ਭਤੀਜਾਵਾਦ ਅਤੇ ਪਰਿਵਾਰਵਾਦ ਦੀ ਰਾਜਨੀਤੀ ਕਰਦੀ ਹੈ। ਕਾਂਗਰਸ ਆਮ ਆਦਮੀ ਪਾਰਟੀ ਦੀ 'ਇਕ ਪਰਿਵਾਰ-ਇਕ ਟਿਕਟ' ਦੀ ਨੀਤੀ 'ਤੇ ਨਹੀਂ ਚੱਲਦੀ।