Punjab News: ਅਮਰੀਕਾ ਤੋਂ ਗੁਪਚੁੱਪ ਡਿਪੋਰਟ ਹੋਏ ਪੰਜਾਬ ਦੇ 4 ਲੋਕ, ਦਿੱਲੀ ਪੁੱਜੀ ਫਲਾਈਟ, ਅੰਮ੍ਰਿਤਸਰ ਏਅਰਪੋਰਟ ਕੀਤਾ ਗਿਆ ਸ਼ਿਫਟ, ਜਾਣੋ ਪੂਰੀ ਡਿਟੇਲ
ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਗੈਰ-ਕਾਨੂੰਨੀ ਢੰਗ ਨਾਲ ਗਏ ਸੈਂਕੜੇ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਹੁਣ ਚਾਰ ਹੋ ਪੰਜਾਬੀ ਨੌਜਵਾਨਾਂ ਨੂੰ ਵਿਸ਼ੇਸ਼ ਉਡਾਣ ਰਾਹੀ ਭਾਰਤ ਭੇਜਿਆ ਗਿਆ ਹੈ। ਆਓ ਜਾਣਦੇ ਹਾਂ ਪੂਰਾ ਵੇਰਵਾ

ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਐਤਵਾਰ ਨੂੰ ਇੱਕ ਵਿਸ਼ੇਸ਼ ਉਡਾਣ ਗੁਪਤ ਤਰੀਕੇ ਨਾਲ ਦਿੱਲੀ ਦੇ ਇੰਦਿਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ। ਉਥੋਂ ਇੰਡਿਗੋ ਦੀ (indigo flight) ਉਡਾਣ ਰਾਹੀਂ 4 ਵਿਅਕਤੀਆਂ ਨੂੰ ਅੰਮ੍ਰਿਤਸਰ ਭੇਜਿਆ ਗਿਆ। ਇਹ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚ 2 ਨੌਜਵਾਨ ਬਟਾਲਾ, 1 ਪਟਿਆਲਾ ਅਤੇ 1 ਜਲੰਧਰ ਦਾ ਵਸਨੀਕ ਹੈ।
ਇਨ੍ਹਾਂ ਚਾਰਾਂ ਨੌਜਵਾਨਾਂ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਦੇ ਬਾਅਦ ਪੰਜਾਬ ਪੁਲਿਸ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਛੱਡ ਆਵੇਗੀ। ਜਾਣਕਾਰੀ ਮੁਤਾਬਕ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮ 'ਤੇ 18,000 ਭਾਰਤੀਆਂ ਨੂੰ ਡਿਪੋਰਟ ਕੀਤਾ ਜਾਣਾ ਹੈ, ਜਿਸ ਵਿੱਚ ਲਗਭਗ 5,000 ਵਿਅਕਤੀ ਹਰਿਆਣਾ ਦੇ ਹਨ। ਹੁਣ ਤਕ ਭੇਜੇ ਗਏ 3 ਗਰੁੱਪਾਂ ਵਿੱਚ 336 ਭਾਰਤੀ ਡਿਪੋਰਟ ਹੋ ਚੁੱਕੇ ਹਨ।
ਇਹ ਚਾਰ ਡਿਪੋਰਟ ਕੀਤੇ ਗਏ ਵਿਅਕਤੀਆਂ ਦੀ ਜਾਣਕਾਰੀ
ਜਤਿੰਦਰ ਸਿੰਘ – ਪਿੰਡ ਕਨਸੂਹਾ ਕਲਾ, ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਹਨ। ਜਤਿੰਦਰ ਨੂੰ ਪਟਿਆਲਾ ਨੀਲ ਭਵਨ ਦੇ ਜੇ-ਟ੍ਰੈਵਲਰ ਜੋਬਨਜੀਤ ਸਿੰਘ ਨੇ 52 ਲੱਖ ਰੁਪਏ ਲੈ ਕੇ ਦਿੱਲੀ ਤੋਂ ਗੁਆਨਾ, ਫਿਰ ਬਰਾਜ਼ੀਲ, ਪਨਾਮਾ, ਕੋਸਟਾਰਿਕਾ ਅਤੇ ਮੈਕਸੀਕੋ ਰਾਹੀਂ ਅਮਰੀਕਾ ਭੇਜਿਆ ਸੀ।
ਮਨਿੰਦਰ ਸਿੰਘ – ਚਾਂਦਪੁਰਾ, ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਹਨ। ਦਿੱਲੀ ਦੇ ਗੋਲਡੀ ਨਾਂਅ ਦੇ ਏਜੰਟ ਨੇ 42 ਲੱਖ ਰੁਪਏ ਲੈ ਕੇ ਉਨ੍ਹਾਂ ਨੂੰ ਸਪੇਨ, ਸਲਵਾਡੋਰ ਅਤੇ ਮੈਕਸੀਕੋ ਰਾਹੀਂ ਅਮਰੀਕਾ ਭੇਜਿਆ।
ਜੁਗਰਾਜ ਸਿੰਘ – ਪਿੰਡ ਚੌਧਰਪੁਰ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਬਟਾਲਾ ਦੇ ਖਾਨ ਪਿਆਰਾ ਨਿਵਾਸੀ ਮਲਕੀਤ ਸਿੰਘ ਨੇ 38 ਲੱਖ ਰੁਪਏ ਲੈ ਕੇ ਜੁਗਰਾਜ ਨੂੰ ਦਿੱਲੀ, ਮੁੰਬਈ, ਐਮਸਟਰਡਮ (ਨੀਦਰਲੈਂਡ), ਸੂਰੀਨਾਮ, ਗੁਆਨਾ, ਬਰਾਜ਼ੀਲ, ਪੇਰੂ, ਇਕਵੇਡੋਰ, ਕੋਲੰਬੀਆ, ਪਨਾਮਾ ਅਤੇ ਮੈਕਸੀਕੋ ਰਾਹੀਂ ਅਮਰੀਕਾ ਭੇਜਿਆ ਸੀ।
ਹਰਪ੍ਰੀਤ ਸਿੰਘ – ਕਾਦੀਆਂ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਬਟਾਲਾ ਦੇ ਖਾਨ ਪਿਆਰਾ ਨਿਵਾਸੀ ਮਲਕੀਤ ਸਿੰਘ ਨੇ 38 ਲੱਖ ਰੁਪਏ ਲੈ ਕੇ ਉਨ੍ਹਾਂ ਨੂੰ ਦਿੱਲੀ, ਮੁੰਬਈ, ਐਮਸਟਰਡਮ (ਨੀਦਰਲੈਂਡ), ਸੂਰੀਨਾਮ, ਗੁਆਨਾ, ਬਰਾਜ਼ੀਲ, ਪੇਰੂ, ਇਕਵੇਡੋਰ, ਕੋਲੰਬੀਆ, ਪਨਾਮਾ, ਮੈਕਸੀਕੋ ਰਾਹੀਂ ਅਮਰੀਕਾ ਪਹੁੰਚਾਇਆ।
ਇਸ ਤੋਂ ਪਹਿਲਾਂ ਤਿੰਨ ਸੈਨਿਕ ਜਹਾਜ਼ ਆ ਚੁੱਕੇ ਭਾਰਤ
ਦੱਸ ਦਈਏ ਕਿ ਪਿਛਲੇ ਦਿਨੀਂ ਅਮਰੀਕਾ ਦਾ ਤੀਜਾ ਸੈਨਿਕ ਜਹਾਜ਼ 112 ਦੇ ਕਰੀਬ ਭਾਰਤੀਆਂ ਨੂੰ ਲੈਕੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਪੁੱਜਾ ਸੀ। ਇਸ ਤੋਂ ਪਹਿਲਾਂ, 15 ਫਰਵਰੀ ਨੂੰ 116 ਦੇ ਕਰੀਬ ਭਾਰਤੀ ਨਾਗਰਿਕ ਅਮਰੀਕਾ ਤੋਂ ਡਿਪੋਰਟ ਕਰਕੇ ਭਾਰਤ ਲਿਆਂਦੇ ਸਨ। ਇਨ੍ਹਾਂ ਵਿੱਚ ਮਹਿਲਾਵਾਂ, ਮਰਦ ਤੇ ਬੱਚੇ ਵੀ ਸ਼ਾਮਲ ਹਨ। ਡਿਪੋਰਟ ਹੋ ਕੇ ਹਵਾਈ ਅੱਡੇ ਉੱਤੇ ਉਤਰਨ ਤੋਂ ਬਾਅਦ ਇਨ੍ਹਾਂ ਭਾਰਤੀਆਂ ਦੀ ਏਜੰਸੀਆਂ ਵਲੋਂ ਜਾਂਚ-ਪੜਤਾਲ ਕੀਤੀ ਗਈ ਅਤੇ ਲੋੜੀਂਦੀ ਪੁੱਛਗਿੱਛ ਵੀ ਹੋਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪੋ-ਆਪਣੇ ਘਰਾਂ ਨੂੰ ਰਵਾਨਾ ਕੀਤਾ ਗਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
