(Source: ECI/ABP News/ABP Majha)
Punab News: ਪੰਜਾਬ 'ਚ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ...ਐਕਸ਼ਨ ਮੋਡ 'ਚ ਸੀਐਮ ਭਗਵੰਤ ਮਾਨ
ਪੰਜਾਬ ਵਿੱਚ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ। ਪੰਚਾਇਤੀ ਚੋਣਾਂ ਕਰਕੇ ਪੰਜਾਬ ਸਰਕਾਰ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦੇਣਾ ਚਾਹੁੰਦੀ। ਇਸ ਲਈ ਝੋਨੇ ਦੀ ਖਰੀਦ ਦੀ ਕਮਾਨ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਭਾਲੀ ਹੋਈ ਹੈ।
Paddy Procurement in Punab: ਪੰਜਾਬ ਵਿੱਚ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ। ਪੰਚਾਇਤੀ ਚੋਣਾਂ ਕਰਕੇ ਪੰਜਾਬ ਸਰਕਾਰ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦੇਣਾ ਚਾਹੁੰਦੀ। ਇਸ ਲਈ ਝੋਨੇ ਦੀ ਖਰੀਦ ਦੀ ਕਮਾਨ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਭਾਲੀ ਹੋਈ ਹੈ। ਇਸ ਲਈ ਉਹ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਲੰਘੇ ਦਿਨੀਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਸਖਤ ਦਿਸ਼ਾ-ਨਿਰਦੇਸ਼ ਦਿੱਤੇ ਹਨ।
ਦੱਸ ਦਈਏ ਕਿ ਸੂਬੇ ਵਿੱਚ ਇਸ ਵਾਰ ਪਹਿਲਾਂ ਦੇ ਮੁਕਾਬਲੇ ਵੱਧ ਰਕਬੇ ਵਿੱਚ ਲੱਗਿਆ ਝੋਨਾ ਸਰਕਾਰ ਦੀ ਸਿਰਦਰਦੀ ਵਧਾਉਣ ਲੱਗਿਆ ਹੈ। ਇਸ ਕਰਕੇ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਝੋਨੇ ਦੀ ਖਰੀਦ ਲਈ ਡਿਪਟੀ ਕਮਿਸ਼ਨਰਾਂ ਨੂੰ ਮੁੱਢਲੇ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਤਹਿਤ ਜ਼ਿਲ੍ਹਿਆਂ ਵਿਚ ਸਾਉਣੀ ਦੀ ਇਸ ਮੁੱਖ ਫਸਲ ਨੂੰ ਖਰੀਦਣ ਲਈ ਸਰਕਾਰੀ ਉਪਰਾਲੇ ਹੋਣੇ ਸ਼ੁਰੂ ਹੋ ਗਏ ਹਨ।
ਦਰਅਸਲ ਆੜ੍ਹਤੀਏ, ਮਜ਼ਦੂਰ ਤੇ ਸ਼ੈਲਰ ਮਾਲਕ ਹੜਤਾਲ ’ਤੇ ਹੋਣ ਕਾਰਨ ਸੂਬੇ ਵਿੱਚ ਅੱਜ ਤੋਂ ਸ਼ੁਰੂ ਹੋ ਰਹੀ ਝੋਨੇ ਦੀ ਖਰੀਦ ਲਈ ਸਰਕਾਰੀ ਅਧਿਕਾਰੀ ਸੋਮਵਾਰ ਸਾਰਾ ਦਿਨ ਉਨ੍ਹਾਂ ਨੂੰ ਮਨਾਉਣ ਵਿੱਚ ਰੁੱਝੇ ਰਹੇ ਪਰ ਗੱਲ ਕਿਸੇ ਤਣ-ਪੱਤਣ ਨਹੀਂ ਲੱਗੀ। ਪੰਜਾਬ ਵਿੱਚ ਇਸ ਵੇਲੇ ਆੜ੍ਹਤੀਏ, ਸ਼ੈਲਰ ਮਾਲਕ ਤੇ ਮਜ਼ਦੂਰ ਵੀ ਹੜਤਾਲ ’ਤੇ ਚੱਲ ਰਹੇ ਹਨ।
ਭਾਵੇਂ ਸੋਮਵਾਰ ਨੂੰ ਪੰਜਾਬ ਸਰਕਾਰ ਦੇ ਆਦੇਸ਼ਾਂ ’ਤੇ ਮਾਨਸਾ, ਬਠਿੰਡਾ, ਬਰਨਾਲਾ, ਸੰਗਰੂਰ, ਮੋਗਾ, ਫਰੀਦਕੋਟ, ਫਾਜ਼ਿਲਕਾ ਤੇ ਸ੍ਰੀ ਮੁਕਤਸਰ ਸਾਹਿਬ ਸਮੇਤ ਹੋਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਉਚ ਪੁਲਿਸ ਅਧਿਕਾਰੀਆਂ ਨੇ ਆੜ੍ਹਤੀਆਂ, ਸ਼ੈਲਰ ਮਾਲਕਾਂ ਤੇ ਮਜ਼ਦੂਰ ਯੂਨੀਅਨਾਂ ਦੇ ਆਗੂਆਂ ਨਾਲ ਹੜਤਾਲ ਵਾਪਸੀ ਬਾਰੇ ਗੱਲਬਾਤ ਕੀਤੀ ਪਰ ਜਾਣਕਾਰੀ ਅਨੁਸਾਰ ਮਾਮਲਾ ਕਿਸੇ ਤਣ-ਪੱਤਣ ਨਹੀਂ ਲੱਗਿਆ।
ਇਸ ਤੋਂ ਪਹਿਲਾਂ ਬੀਤੇ ਦਿਨ ਪੰਜਾਬ ਭਰ ਦੇ ਆੜ੍ਹਤੀਆਂ ਦੀ ਸਰਕਾਰ ਦੇ ਉਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਵੀ ਹੜਤਾਲ ਖੁਲ੍ਹਵਾਉਣ ਲਈ ਬੇਸਿੱਟਾ ਰਹੀ ਸੀ। ਆੜ੍ਹਤੀਏ ਪੰਜਾਬ ਸਰਕਾਰ ਤੋਂ ਢਾਈ ਫੀਸਦ ਆੜ੍ਹਤ ਲੈਣ ਲਈ ਅੜੇ ਹੋਏ ਹਨ, ਜਿਸ ਲਈ ਪੰਜਾਬ ਸਰਕਾਰ ਦੇ ਅਧਿਕਾਰੀ ਇਸ ਮੰਗ ਲਈ ਕੇਂਦਰ ’ਤੇ ਜ਼ੋਰ ਦੇਣ ਲਈ ਆਖ ਰਹੇ ਹਨ।
ਆੜ੍ਹਤੀਆਂ ਦਾ ਕਹਿਣਾ ਹੈ ਕਿ ਜਦੋਂ ਆੜ੍ਹਤੀਏ ਝੋਨਾ ਪੰਜਾਬ ਸਰਕਾਰ ਵਾਸਤੇ ਖਰੀਦਦੇ ਹਨ ਤੇ ਸਰਕਾਰ ਹੀ ਉਨ੍ਹਾਂ ਨੂੰ ਪੈਸੇ ਦਿੰਦੀ ਹੈ, ਫਿਰ ਸਰਕਾਰ ਨੂੰ ਢਾਈ ਫੀਸਦ ਆੜ੍ਹਤ ਦੇਣ ਵਿੱਚ ਕੀ ਸਮੱਸਿਆ ਹੈ। ਭਾਵੇਂ ਹੜਤਾਲ ਕਾਰਨ ਝੋਨੇ ਦੀ ਖਰੀਦ ਸਬੰਧੀ ਸਥਿਤ ਭੰਬਲਭੂਸੇ ਵਾਲੀ ਬਣੀ ਹੋਈ ਹੈ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਖਰੀਦ ਮੌਕੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆਵੇ।