ਟਰਾਂਸਪੋਰਟ ਮਾਫੀਏ 'ਤੇ ਉੱਠੇ ਵੱਡੇ ਸਵਾਲ! 3000 ਕਰੋੜ ਦਾ ਨੁਕਸਾਨ, ਹੁਣ ਕਾਰਵਾਈ ਕਰਨਗੇ ਰਾਜਾ ਵੜਿੰਗ ?
'ਆਪ' ਨੇ ਕਿਹਾ ਹੈ ਕਿ ਜੇਕਰ 258 ਬੱਸਾਂ ਬੰਦ ਕਰਕੇ ਵਿਭਾਗ ਨੂੰ 53 ਲੱਖ ਤੋਂ ਵੱਧ ਦਾ ਰੋਜ਼ਾਨਾ ਲਾਭ ਹੋਇਆ ਹੈ ਤਾਂ ਫਿਰ ਅਜਿਹੀਆਂ ਨਾਜਾਇਜ਼ ਬੱਸਾਂ ਕਾਰਨ ਪਿਛਲੇ 15 ਸਾਲਾਂ ’ਚ ਵਿਭਾਗ ਨੂੰ ਕਰੀਬ 3 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ।
ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਟਰਾਂਪੋਰਟ ਮਾਫੀਏ ਖਿਲਾਫ ਵਿੱਢੀ ਮੁਹਿੰਮ ਨੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਰਾਜਾ ਵੜਿੰਗ ਨੇ ਦਾਅਵਾ ਕੀਤਾ ਹੈ ਕਿ ਟੈਕਸ ਨਾ ਭਰਨ, ਗ਼ੈਰਕਾਨੂੰਨੀ ਪਰਮਿਟ ਹੋਣ ਤੇ ਦਸਤਾਵੇਜ਼ਾਂ ਆਦਿ ਦੀ ਘਾਟ ਕਾਰਨ ਹੁਣ ਤੱਕ ਲਗਪਗ 258 ਬੱਸਾਂ ਜ਼ਬਤ ਕੀਤੀਆਂ ਗਈਆਂ ਜਾਂ ਚਲਾਨ ਕੀਤਾ ਗਿਆ ਹੈ ਜਿਸ ਨਾਲ ਵਿਭਾਗ ਦੀ ਰੋਜ਼ਾਨਾ ਆਮਦਨ ਵਿੱਚ ਕਰੀਬ 53 ਲੱਖ ਰੁਪਏ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਹੈ ਕਿ ਪਿਛਲੇ ਇੱਕ ਮਹੀਨੇ ਦੇ ਸਮੇਂ ਦੌਰਾਨ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀ ਆਮਦਨ ਵਿੱਚ 17.24 ਫ਼ੀਸਦੀ ਵਾਧਾ ਹੋਇਆ ਹੈ।
ਇਸ ਉੱਪਰ ਸਵਾਲ ਉਠਾਉਂਦਿਆਂ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਜੇਕਰ 258 ਬੱਸਾਂ ਬੰਦ ਕਰਕੇ ਵਿਭਾਗ ਨੂੰ 53 ਲੱਖ ਤੋਂ ਵੱਧ ਦਾ ਰੋਜ਼ਾਨਾ ਲਾਭ ਹੋਇਆ ਹੈ ਤਾਂ ਫਿਰ ਅਜਿਹੀਆਂ ਨਾਜਾਇਜ਼ ਬੱਸਾਂ ਕਾਰਨ ਪਿਛਲੇ 15 ਸਾਲਾਂ ’ਚ ਵਿਭਾਗ ਨੂੰ ਕਥਿਤ ਤੌਰ ’ਤੇ ਕਰੀਬ 3 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਵੀ ਕਾਰਵਾਈ ਹੋਣੀ ਚਾਹੀਦੀ ਹੈ। ‘ਆਪ’ ਨੇ ਕਥਿਤ ਗ਼ੈਰਕਾਨੂੰਨੀ ਪਰਮਿਟਾਂ ਨੂੰ ਰੱਦ ਕਰਕੇ ਜ਼ਿੰਮੇਵਾਰ ਅਫਸਰਾਂ ਤੇ ਸਿਆਸੀ ਲੋਕਾਂ ’ਤੇ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ।
ਦੱਸ ਦਈਏ ਕਿ ਰਾਜਾ ਵੜਿੰਗ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਇੱਕ ਮਹੀਨੇ ਦੇ ਸਮੇਂ ਦੌਰਾਨ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀ ਆਮਦਨ ਵਿੱਚ 17.24 ਫ਼ੀਸਦੀ ਵਾਧਾ ਹੋਇਆ ਹੈ। ਇੱਕ ਮਹੀਨੇ ਦੀ ਕਾਰਗੁਜ਼ਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਵਾਧਾ 15 ਅਕਤੂਬਰ ਤੱਕ 7.98 ਕਰੋੜ ਰੁਪਏ ਬਣਦਾ ਹੈ ਅਤੇ ਵਿਭਾਗ ਦੀ ਰੋਜ਼ਾਨਾ ਆਮਦਨ ਵਿੱਚ ਕਰੀਬ 53 ਲੱਖ ਰੁਪਏ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ 15 ਤੋਂ 30 ਸਤੰਬਰ ਤੱਕ ਵਿਭਾਗ ਨੂੰ 46.28 ਕਰੋੜ ਰੁਪਏ ਆਮਦਨ ਹੋਈ ਜਦਕਿ 1 ਤੋਂ 15 ਅਕਤੂਬਰ ਤੱਕ 54.26 ਕਰੋੜ ਰੁਪਏ ਰੋਜ਼ਾਨਾ ਆਮਦਨ ਦਰਜ ਕੀਤੀ ਗਈ।
ਦੂਜਾ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਘੇਰਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਰਾਜਾ ਵੜਿੰਗ ਆਪਣੇ ਵਿਭਾਗ ਨੂੰ ਪਏ 1,700 ਕਰੋੜ ਰੁਪਏ ਦੇ ਘਾਟੇ ਦੀ ਆਜ਼ਾਦ ਤੇ ਨਿਰਪੱਖ ਜਾਂਚ ਦੀ ਮੰਗ ਕਿਉਂ ਨਹੀਂ ਚਾਹੁੰਦੇ? ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਆਪਣੇ ਤੋਂ ਪਹਿਲਾਂ ਦੇ ਟਰਾਂਸਪੋਰਟ ਮੰਤਰੀਆਂ ਦੀ ਭੂਮਿਕਾ ਦੀ ਨਿਰਪੱਖ ਜਾਂਚ ਦੀ ਮੰਗ ਕਰਨੀ ਚਾਹੀਦੀ ਹੈ ਤਾਂ ਜੋ ਜ਼ਿੰਮੇਵਾਰ ਲੋਕ ਸਾਹਮਣੇ ਆ ਸਕਣ।