Punjab Cabinet Expansion: ਕੁਲਦੀਪ ਧਾਲੀਵਾਲ ਕੈਬਨਿਟ 'ਚੋਂ ਬਾਹਰ, ਸੰਜੀਵ ਅਰੋੜਾ ਨੂੰ ਮਿਲੇ ਉਦਯੋਗ ਤੇ ਐਨਆਰਆਈ ਵਿਭਾਗ
Punjab Cabinet Expansion: ਪੰਜਾਬ ਕੈਬਨਿਟ ਦੇ ਨਵੇਂ ਬਣੇ ਮੰਤਰੀ ਸੰਜੀਵ ਅਰੋੜਾ ਨੂੰ ਉਦਯੋਗ ਤੇ ਐਨਆਰਆਈ ਵਿਭਾਗ ਦਿੱਤੇ ਗਏ ਹਨ। ਇਸ ਲਈ ਕੁਲਦੀਪ ਧਾਲੀਵਾਲ ਦੀ ਕੈਬਨਿਟ ਵਿੱਚੋਂ ਛੁੱਟੀ ਹੋ ਗਈ ਹੈ।

Punjab Cabinet Expansion: ਪੰਜਾਬ ਕੈਬਨਿਟ ਦੇ ਨਵੇਂ ਬਣੇ ਮੰਤਰੀ ਸੰਜੀਵ ਅਰੋੜਾ ਨੂੰ ਉਦਯੋਗ ਤੇ ਐਨਆਰਆਈ ਵਿਭਾਗ ਦਿੱਤੇ ਗਏ ਹਨ। ਇਸ ਲਈ ਕੁਲਦੀਪ ਧਾਲੀਵਾਲ ਦੀ ਕੈਬਨਿਟ ਵਿੱਚੋਂ ਛੁੱਟੀ ਹੋ ਗਈ ਹੈ। ਉਨ੍ਹਾਂ ਕੋਲ ਐਨਆਰਆਈ ਵਿਭਾਗ ਸੀ। ਇਸੇ ਤਰ੍ਹਾਂ ਉਦਯੋਗ ਵਿਭਾਗ ਪਹਿਲਾਂ ਤਰੁਣਪ੍ਰੀਤ ਸਿੰਘ ਸੌਂਦ ਕੋਲ ਸੀ, ਜਿਨ੍ਹਾਂ ਕੋਲ ਪੇਂਡੂ ਵਿਕਾਸ, ਕਿਰਤ ਤੇ ਸੈਰ-ਸਪਾਟਾ ਵਿਭਾਗਾਂ ਦਾ ਚਾਰਜ ਜਾਰੀ ਰਹੇਗਾ। ਧਾਲੀਵਾਲ ਦੇ ਅਸਤੀਫੇ ਨਾਲ ਭਗਵੰਤ ਮਾਨ ਕੈਬਨਿਟ ਵਿੱਚ ਮੰਤਰੀਆਂ ਦੀ ਕੁੱਲ ਗਿਣਤੀ 16 ਰਹਿ ਗਈ ਹੈ। ਕੈਬਨਿਟ ਵਿੱਚ ਅਜੇ ਵੀ ਦੋ ਅਹੁਦੇ ਖਾਲੀ ਹਨ।
ਸੂਤਰਾਂ ਮੁਤਾਬਕ ਕੁਲਦੀਪ ਧਾਲੀਵਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਪਰ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ। ਇਸ ਦੌਰਾਨ ਕੁਲਦੀਪ ਧਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਪਰ ਪੋਸਟ ਪਾ ਕੇ ਕਿਹਾ ਹੈ ਕਿ ਆਪਣੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਮੇਰੀ ਮਿਹਨਤ ਜਾਰੀ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਮੰਡਲ ਵਿੱਚ ਫੇਰਬਦਲ ਤੋਂ ਪਹਿਲਾਂ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਆਪਣੀ ਰਿਹਾਇਸ ’ਤੇ ਸੱਦ ਕੇ ਅਸਤੀਫਾ ਦੇਣ ਲਈ ਕਿਹਾ ਸੀ। ਧਾਲੀਵਾਲ ਨੇ ਮੌਕੇ ’ਤੇ ਹੀ ਆਪਣੇ ਅਹੁਦੇ ਤੋਂ ਲਿਖਤੀ ਅਸਤੀਫਾ ਮੁੱਖ ਮੰਤਰੀ ਨੂੰ ਸੌਂਪ ਦਿੱਤਾ ਸੀ। ਇਸ ਤੋਂ ਪਹਿਲਾਂ ਧਾਲੀਵਾਲ ਤੋਂ ਖੇਤੀ ਤੇ ਪੰਚਾਇਤ ਵਿਭਾਗ ਵੀ ਵਾਪਸ ਲੈ ਲਿਆ ਗਿਆ ਸੀ।
ਦੱਸ ਦਈਏ ਕਿ ਅੱਜ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਹਲਕੇ ਤੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ ਅਰੋੜਾ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ। ਸਮਾਰੋਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਮੰਤਰੀ ਮੌਜੂਦ ਸਨ। ਸੂਤਰਾਂ ਅਨੁਸਾਰ ਉਨ੍ਹਾਂ ਨੂੰ ਉਦਯੋਗ ਤੇ ਐਨਆਰਆਈ ਵਿਭਾਗ ਦਿੱਤੇ ਗਏ ਹਨ। ਹਾਲਾਂਕਿ, ਇਸ ਦੀ ਅਜੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ।
ਆਪਣੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਮੇਰੀ ਮਿਹਨਤ ਜਾਰੀ ਹੈ।
— Kuldeep Dhaliwal (@KuldeepSinghAAP) July 3, 2025
अपने पंजाब के लोगों के भले के लिए मेरी मेहनत जारी है #punjabcabinet #punjab pic.twitter.com/6CplRh48qP
ਯਾਦ ਰਹੇ ਸੀਐਮ ਭਗਵੰਤ ਮਾਨ ਦੀ ਅਗਵਾਈ ਹੇਠ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਮੰਤਰੀ ਮੰਡਲ ਵਿੱਚ ਇਹ ਸੱਤਵਾਂ ਫੇਰਬਦਲ ਹੈ। ਇਸ ਤੋਂ ਪਹਿਲਾਂ ਵੀ ਖੇਤਰੀ ਸਮੀਕਰਨਾਂ ਤੇ ਪਾਰਟੀ ਪ੍ਰਦਰਸ਼ਨ ਦੇ ਆਧਾਰ 'ਤੇ ਬਦਲਾਅ ਕੀਤੇ ਗਏ ਸਨ। ਅਰੋੜਾ ਦਾ ਮੰਤਰੀ ਬਣਨਾ ਪਹਿਲਾਂ ਹੀ ਤੈਅ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਵਿੱਚ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਹੋਇਆ ਸੀ ਤੇ ਚਾਰ ਮੰਤਰੀਆਂ ਨੂੰ ਹਟਾ ਦਿੱਤਾ ਗਿਆ ਸੀ।
ਜਾਣੋ ਕਦੋਂ-ਕਦੋਂ ਹੋਇਆ ਮੰਤਰੀ ਮੰਡਲ ਦਾ ਵਿਸਥਾਰ
ਸਤੰਬਰ 2024 ਵਿੱਚ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ: ਹਰਦੀਪ ਮੁੰਡੀਆਂ, ਬਰਿੰਦਰ ਕੁਮਾਰ ਗੋਇਲ, ਤਰੁਣਪ੍ਰੀਤ ਸੋਂਦ, ਡਾ. ਰਵਜੋਤ ਸਿੰਘ, ਮਹਿੰਦਰ ਭਗਤ ਨੂੰ ਸ਼ਾਮਲ ਕੀਤਾ ਗਿਆ। ਚੇਤਨ ਜੌੜਮਾਜਰਾ, ਬ੍ਰਹਮ ਸ਼ੰਕਰ ਜਿੰਪਾ, ਬਲਕਾਰ ਸਿੰਘ, ਅਨਮੋਲ ਗਗਨ ਮਾਨ ਨੂੰ ਹਟਾ ਦਿੱਤਾ ਗਿਆ।
ਜਨਵਰੀ 2023 ਵਿੱਚ ਸਿਹਤ ਮੰਤਰਾਲੇ ਦੀ ਬਦਲੀ: ਫੌਜਾ ਸਿੰਘ ਸਰਾਰੀ ਦੇ ਅਸਤੀਫ਼ੇ ਤੋਂ ਬਾਅਦ ਵਿਭਾਗ ਖਾਲੀ ਹੋ ਗਿਆ ਸੀ। ਡਾ. ਬਲਬੀਰ ਸਿੰਘ ਨੂੰ ਸਿਹਤ ਸਿੱਖਿਆ ਮੰਤਰਾਲਾ ਦਿੱਤਾ ਗਿਆ।
ਮਈ 2023 ਵਿੱਚ ਇੰਦਰਬੀਰ ਸਿੰਘ ਨਿੱਝਰ ਦਾ ਅਸਤੀਫ਼ਾ: ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਨਿੱਜੀ ਕਾਰਨਾਂ ਕਰਕੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬਲਕਾਰ ਸਿੰਘ ਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਨਵਾਂ ਮੰਤਰੀ ਬਣਾਇਆ ਗਿਆ।
ਜੁਲਾਈ 2022 ਵਿੱਚ ਪੰਜ ਨਵੇਂ ਮੰਤਰੀ ਬਣਾਏ ਗਏ: ਸਰਕਾਰ ਬਣਨ ਤੋਂ ਲਗਪਗ ਚਾਰ ਮਹੀਨੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜ ਨਵੇਂ 'ਆਪ' ਵਿਧਾਇਕਾਂ ਨੂੰ ਮੰਤਰੀ ਨਿਯੁਕਤ ਕੀਤਾ।
ਵਿਜੇ ਸਿੰਗਲਾ ਨੂੰ ਮਈ 2022 ਵਿੱਚ ਹਟਾਇਆ: ਸਿਹਤ ਮੰਤਰੀ ਵਿਜੇ ਸਿੰਗਲਾ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਤੁਰੰਤ ਮੰਤਰੀ ਮੰਡਲ ਤੋਂ ਹਟਾ ਦਿੱਤਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















