ਦਿੱਲੀ ਦੀ ਤਰਜ਼ 'ਤੇ ਸਾਂਝਾ ਕਿਸਾਨ ਮੋਰਚਾ ਵੱਲੋਂ ਚੰਡੀਗੜ੍ਹ 'ਚ ਧਰਨਾ ਦੇਣ ਦਾ ਐਲਾਨ, 11 ਵਜੇ ਗੁਰਦੁਆਰਾ ਅੰਬ ਸਾਹਿਬ ਹੋਵੇਗਾ ਇਕੱਠੇ
ਬਿਜਲੀ ਮੰਤਰੀ ਵੱਲੋਂ ਬਿਜਲੀ ਸਪਲਾਈ 'ਤੇ ਵੀ ਚਰਚਾ ਕੀਤੀ ਗਈ, ਪਰ ਕਿਸਾਨਾਂ ਨਾਲ ਗੱਲ ਨਹੀਂ ਬਣ ਸਕੀ। ਕਣਕ ਦਾ ਝਾੜ ਘੱਟ ਹੋਣ ਦੀ ਸੂਰਤ ਵਿੱਚ ਵੀ ਸਰਕਾਰ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਹੀਂ ਦੇ ਰਹੀ।
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਦਿੱਲੀ ਦੀ ਤਰਜ਼ 'ਤੇ ਸਾਂਝਾ ਕਿਸਾਨ ਮੋਰਚਾ ਅੱਜ ਤੋਂ ਚੰਡੀਗੜ੍ਹ 'ਚ ਧਰਨਾ ਦੇਵੇਗਾ। ਕਿਸਾਨ ਸਵੇਰੇ 11:00 ਵਜੇ ਗੁਰਦੁਆਰਾ ਅੰਬ ਸਾਹਿਬ ਤੋਂ ਇਕੱਠੇ ਹੋਣਗੇ। ਜਿਸ ਤੋਂ ਬਾਅਦ ਉਹ ਚੰਡੀਗੜ੍ਹ ਵੱਲ ਰਵਾਨਾ ਹੋਣਗੇ। ਬਿਜਲੀ ਮੰਤਰੀ ਵੱਲੋਂ ਬਿਜਲੀ ਸਪਲਾਈ 'ਤੇ ਵੀ ਚਰਚਾ ਕੀਤੀ ਗਈ, ਪਰ ਕਿਸਾਨਾਂ ਨਾਲ ਗੱਲ ਨਹੀਂ ਬਣ ਸਕੀ। ਕਣਕ ਦਾ ਝਾੜ ਘੱਟ ਹੋਣ ਦੀ ਸੂਰਤ ਵਿੱਚ ਵੀ ਸਰਕਾਰ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਹੀਂ ਦੇ ਰਹੀ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਕੌਮਾਂਤਰੀ ਪੱਧਰ 'ਤੇ ਕਣਕ ਦੀ ਮੰਗ ਅਨੁਸਾਰ ਕਿਸਾਨਾਂ ਤੋਂ ਕਣਕ ਖੁਦ ਹੀ ਖਰੀਦ ਸਕਦੀ ਸੀ ਤੇ ਮੋਟਾ ਮੁਨਾਫਾ ਕਮਾ ਕੇ ਸੂਬੇ ਦਾ ਕਰਜ਼ਾ ਘੱਟ ਕੀਤਾ ਜਾ ਸਕਦਾ ਸੀ।
1. ਕਣਕ ਦੇ ਘੱਟ ਝਾੜ 'ਤੇ 500 ਰੁ. ਬੋਨਸ ਦੀ ਮੰਗ।
2 .ਚਿੱਪ ਮੀਟਰ ਲਗਾਉਣ ਦਾ ਫੈਸਲਾ ਰੱਦ ਕੀਤਾ ਜਾਵੇ।
3. ਮੱਕੀ ਅਤੇ ਮੂੰਗੀ 'ਤੇ MSP ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ।
4. ਬਾਸਮਤੀ 'ਤੇ 4500 ਰੁ. Msp ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।
5. ਬੀਬੀਐਮਬੀ ਵਿੱਚ ਪੰਜਾਬ ਦੀ ਨੁਮਾਇੰਦਗੀ ਬਹਾਲ ਕੀਤੀ ਜਾਵੇ।
6. ਕੇਂਦਰੀ ਪੁਲ ਤੋਂ ਬਿਜਲੀ ਪਹਿਲਾਂ ਵਾਂਗ ਬਹਾਲ ਕੀਤੀ ਜਾਵੇ।
7. ਸਰਕਾਰ 10 ਜੂਨ ਤੋਂ ਖੇਤੀ ਲਈ ਬਿਜਲੀ ਅਤੇ ਨਹਿਰੀ ਪਾਣੀ ਮੁਹੱਈਆ ਕਰੇ।
8. ਖੇਤੀ ਮੋਟਰ ਦੇ ਲੋਡ ਦੀ ਫੀਸ 4800 ਤੋਂ ਘਟਾ ਕੇ 1200 ਕੀਤੀ ਜਾਵੇ।
9. ਗੰਨੇ ਦੀ ਫਸਲ ਦੇ 9 ਬਕਾਏ 35 ਰੁਪਏ ਦੇ ਵਾਧੇ ਨਾਲ ਤੁਰੰਤ ਜਾਰੀ ਕੀਤੇ ਜਾਣ
10. ਕਰਜ਼ਿਆਂ ਕਾਰਨ ਕਿਸਾਨਾਂ 'ਤੇ ਵਾਰੰਟ ਅਤੇ ਕੁਰਕੀ ਬੰਦ ਕੀਤੀ ਜਾਵੇ, ਬੈਂਕ ਵੱਲੋਂ ਚੱਲ ਰਹੇ 22000 ਰੁਪਏ ਤੁਰੰਤ ਵਾਪਸ ਕੀਤੇ ਜਾਣ।
ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਲਈ ਬੁਲਾਇਆ
ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕਿਸਾਨਾਂ ਨੇ ਅੱਜ ਚੰਡੀਗੜ੍ਹ ਵੱਲ ਕੂਚ ਕੀਤਾ ਹੈ। ਕਿਸਾਨ ਮੁਹਾਲੀ ਵਿੱਚ ਇਕੱਠੇ ਹੋ ਰਹੇ ਹਨ। ਕਿਸਾਨਾਂ ਦੇ ਐਕਸ਼ਨ ਤੋਂ ਪਹਿਲਾਂ ਹੀ ਸੀਐਮ ਭਗਵੰਤ ਮਾਨ ਨੇ ਮੀਟਿੰਗ ਲਈ ਬੁਲਾ ਲਿਆ ਹੈ। ਅੱਜ ਸਵੇਰੇ 11 ਵਜੇ ਮੁੱਖ ਮੰਤਰੀ ਨਾਲ ਪੰਜਾਬ ਭਵਨ, ਚੰਡੀਗੜ੍ਹ ਵਿਖੇ ਮੀਟਿੰਗ ਹੋਵੇਗੀ।
ਕਿਸਾਨਾਂ ਦੇ ਚੰਡੀਗੜ੍ਹ ਵੱਲ ਕੂਚ ਤੋਂ ਪਹਿਲਾਂ ਹੀ ਦੇਰ ਰਾਤ ਅਧਿਕਾਰੀਆਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਮੀਟਿੰਗ ਲਈ ਮਨਾਇਆ। ਕਿਸਾਨਾਂ ਨੇ ਕਿਹਾ ਹੈ ਕਿ ਜੇਕਰ ਮੀਟਿੰਗ ਵਿੱਚ ਮਸਲਿਆਂ ਦਾ ਕੋਈ ਹੱਲ ਨਾ ਨਿਕਲਿਆ ਤਾਂ ਦਿੱਲੀ ਦੀ ਤਰਜ਼ ਉੱਪਰ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਾਇਆ ਜਾਵੇਗਾ।