ਸਾਬਕਾ 'ਆਪ' ਵਿਧਾਇਕ ਦੀ ਇਨੋਵਾ ਜ਼ਬਤ; ਜ਼ਮੀਨ ਘੁਟਾਲਾ ਮਾਮਲੇ 'ਚ ਵਿਜੀਲੈਂਸ ਦੀ ਰਾਡਾਰ 'ਤੇ ਸੰਦੋਆ
ਇਨੋਵਾ ਜੰਗਲਾਤ ਘੁਟਾਲੇ ਦੇ ਭ੍ਰਿਸ਼ਟਾਚਾਰ ਦੇ ਪੈਸੇ ਤੋਂ ਖਰੀਦੀ ਗਈ ਸੀ ਜਿਸ ਤੋਂ ਬਾਅਦ ਵਿਜੀਲੈਂਸ ਨੇ ਇਸ ਨੂੰ ਬਲੈਕਲਿਸਟ ਕਰ ਦਿੱਤਾ। ਵਿਜੀਲੈਂਸ ਦੀ ਇਸ ਕਾਰਵਾਈ ਤੋਂ ਬਾਅਦ ਹੁਣ ਸੰਦੋਹਾ ਵੀ ਵਿਜੀਲੈਂਸ ਦੀ ਜਾਂਚ 'ਚ ਫਸ ਸਕਦੇ ਹਨ।
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ : ਪੰਜਾਬ ਵਿੱਚ ਆਮ ਆਦਮੀ ਪਾਰਟੀ (AAP) ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਇਨੋਵਾ ਕ੍ਰਿਸਟਾ ਗੱਡੀ ਵਿਜੀਲੈਂਸ ਬਿਊਰੋ ਨੇ ਜ਼ਬਤ ਕਰ ਲਈ ਹੈ। ਇਹ ਇਨੋਵਾ ਜੰਗਲਾਤ ਘੁਟਾਲੇ ਦੇ ਭ੍ਰਿਸ਼ਟਾਚਾਰ ਦੇ ਪੈਸੇ ਤੋਂ ਖਰੀਦੀ ਗਈ ਸੀ ਜਿਸ ਤੋਂ ਬਾਅਦ ਵਿਜੀਲੈਂਸ ਨੇ ਇਸ ਨੂੰ ਬਲੈਕਲਿਸਟ ਕਰ ਦਿੱਤਾ। ਵਿਜੀਲੈਂਸ ਦੀ ਇਸ ਕਾਰਵਾਈ ਤੋਂ ਬਾਅਦ ਹੁਣ ਸੰਦੋਆ ਵੀ ਵਿਜੀਲੈਂਸ ਦੀ ਜਾਂਚ 'ਚ ਫਸ ਸਕਦੇ ਹਨ।
ਜ਼ਿਕਰਯੋਗ ਹੈ ਕਿ ਸੰਦੋਹਾ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਾਰ ਉਸ ਨੇ ਆਪਣੇ ਸਹੁਰੇ ਨੂੰ ਵਰਤਣ ਲਈ ਦਿੱਤੀ ਸੀ। ਉਨ੍ਹਾਂ ਨੂੰ ਇਸ ਘੁਟਾਲੇ ਬਾਰੇ ਕੁਝ ਨਹੀਂ ਪਤਾ। ਵਿਰੋਧੀ ਉਸ ਨੂੰ ਫਸਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਸਾਰੀ ਗੱਲ ਦੱਸ ਦਿੱਤੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੰਦੋਆ ਇੱਕਲੇ ਅਜਿਹੇ ਵਿਧਾਇਕ ਸਨ ਜਿਨ੍ਹਾਂ ਨੂੰ ‘ਆਪ’ ਵੱਲੋਂ ਟਿਕਟ ਨਹੀਂ ਦਿੱਤੀ ਗਈ ਸੀ।
ਵਿਜੀਲੈਂਸ ਨੇ ਇਹ ਗੱਡੀ ਦੇਣ ਵਾਲੇ ਭਿੰਡਰ ਭਰਾਵਾਂ ’ਤੇ ਨੂਰਪੁਰ ਬੇਦੀ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕਰਵਾ ਦਿੱਤਾ ਹੈ। ਇਸ ਦੀ ਪੁਸ਼ਟੀ ਪੁਲੀਸ ਥਾਣੇ ਦੇ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਬਰਾੜ ਨੇ ਕੀਤੀ। ਵਿਜੀਲੈਂਸ ਨੇ ਦੋ ਮਹੀਨੇ ਪਹਿਲਾਂ ਰੋਪੜ ਵਿੱਚ ਜੰਗਲਾਤ ਵਿਭਾਗ ਦੀ ਜ਼ਮੀਨ ਕੁਲੈਕਟਰ ਰੇਟ ਤੋਂ ਦਸ ਗੁਣਾ ਵੱਧ ਰੇਟ ’ਤੇ ਵੇਚਣ ਦੇ ਘਪਲੇ ਦਾ ਪਰਦਾਫਾਸ਼ ਕੀਤਾ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਸਾਬਕਾ ਵਿਧਾਇਕ ਸੰਦੋਆ ਵੱਲੋਂ ਪਿਛਲੇ ਇੱਕ ਸਾਲ ਤੋਂ ਵਰਤੀ ਜਾ ਰਹੀ ਇਨੋਵਾ ਕ੍ਰਿਸਟਾ ਗੱਡੀ ਘਪਲੇ ਦੇ ਪੈਸੇ ਨਾਲ ਖਰੀਦੀ ਗਈ ਸੀ। ਇਹ ਕਾਰ ਸੰਦੋਹਾ ਦੇ ਕਿਸੇ ਰਿਸ਼ਤੇਦਾਰ ਨੇ ਖਰੀਦੀ ਸੀ ਜਿਸ ਨੂੰ ਉਹ ਕਰੀਬ ਇੱਕ ਸਾਲ ਤੋਂ ਵਰਤ ਰਿਹਾ ਸੀ।
ਵਿਜੀਲੈਂਸ ਬਿਊਰੋ ਨੇ ਜਦੋਂ ਬੈਂਕ ਖਾਤਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਸ ਘੁਟਾਲੇ ਵਿੱਚ ਨਾਮਜ਼ਦ ਭਿੰਡਰ ਬ੍ਰਦਰਜ਼ ਨੇ ਜਲੰਧਰ ਦੀ ਇੱਕ ਔਰਤ ਦੇ ਖਾਤੇ ਵਿੱਚ 2 ਕਰੋੜ ਰੁਪਏ ਜਮ੍ਹਾਂ ਕਰਵਾਏ ਸਨ। ਔਰਤ ਨੇ ਇਸ ਵਿੱਚੋਂ ਕੁਝ ਰਕਮ ਆਪਣੇ ਪਤੀ ਬਰਿੰਦਰ ਕੁਮਾਰ ਦੇ ਖਾਤੇ ਵਿੱਚ ਪਾ ਦਿੱਤੀ। ਬਰਿੰਦਰ ਨੇ 16 ਅਕਤੂਬਰ 2020 ਨੂੰ ਇੱਕ ਕਾਰ ਡੀਲਰ ਦੇ ਖਾਤੇ ਵਿੱਚ 19 ਲੱਖ ਰੁਪਏ ਟਰਾਂਸਫਰ ਕੀਤੇ। ਇਸ ਕਰਕੇ ਇਨੋਵਾ ਕ੍ਰਿਸਟਾ ਗੱਡੀ ਖਰੀਦੀ ਗਈ। ਕਾਰ ਦੀ ਰਜਿਸਟ੍ਰੇਸ਼ਨ ਪਿੰਡ ਘਦਾਸਪੁਰ ਦੇ ਮੋਹਨ ਸਿੰਘ ਦੇ ਨਾਂ 'ਤੇ ਹੋਈ ਸੀ। ਮੋਹਨ ਸਿੰਘ ‘ਆਪ’ ਦੇ ਸਾਬਕਾ ਵਿਧਾਇਕ ਸੰਦੋਹਾ ਦੇ ਸਹੁਰੇ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਜੀਲੈਂਸ ਦੀ ਟੀਮ ਕਿਸੇ ਵੇਲੇ ਵੀ ਸੰਦੋਆ ਨੂੰ ਹਿਰਾਸਤ ਵਿੱਚ ਲੈ ਸਕਦੀ ਹੈ।