Sukhbir Singh Badal: ਤਨਖ਼ਾਹੀਆ ਐਲਾਨੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਪ੍ਰਤੀਕਿਰਿਆ, ਜਾਣੋ ਕੀ ਕਿਹਾ?
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੈ। ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ ਅਕਾਲ ਤਖ਼ਤ 'ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ।
Sukhbir Singh Badal News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਨਖਾਹੀਆ ਕਰਾਰ ਦਿੱਤਾ ਗਿਆ। ਇਸ ਸਬੰਧੀ ਬਾਦਲ ਦਾ ਪਹਿਲਾ ਪ੍ਰਤੀਕਰਮ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰ ਕੇ ਲਿਖਿਆ ਹੈ, "ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੀਰੀ ਪੀਰੀ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮ ਨੂੰ ਦਾਸ ਸਿਰ ਨਿਵਾਂ ਕੇ ਪ੍ਰਵਾਨ ਕਰਦਾ ਹੈ। ਹੁਕਮ ਅਨੁਸਾਰ ਜਲਦੀ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼ ਹੋ ਕੇ ਖ਼ਿਮਾ ਜਾਚਨਾ ਕਰਾਂਗਾ ਜੀ।"
ਦੱਸ ਦੇਈਏ ਕਿ ਤਨਖਾਹੀਆ ਇੱਕ ਧਾਰਮਿਕ ਸਜ਼ਾ ਹੈ ਜੋ ਕਿ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਦਿੱਤੀ ਗਈ ਹੈ।
ਕਿਸਨੂੰ ਤਨਖਾਹੀਆ ਘੋਸ਼ਿਤ ਕੀਤਾ ਜਾਂਦਾ ਹੈ?
ਸਿੱਖ ਧਰਮ ਅਨੁਸਾਰ , ਜਿਸ ਵਿਅਕਤੀ ਨੇ ਧਰਮ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਵੀ ਕੰਮ ਕੀਤਾ ਹੋਵੇ, ਉਸ ਨੂੰ ਤਨਖ਼ਾਹੀਆ ਕਰਾਰ ਦਿੱਤਾ ਜਾਂਦਾ ਹੈ। ਸੁਖਬੀਰ ਸਿੰਘ ਬਾਦਲ 'ਤੇ ਆਰੋਪ ਹੈ ਕਿ ਉਸ ਨੇ 2007 ਤੋਂ 2017 ਤੱਕ ਅਕਾਲੀ ਦਲ ਅਤੇ ਬੀਜੇਪੀ ਗਠਬੰਧਨ ਸਰਕਾਰ ਦੌਰਾਨ ਸਿੱਖ ਧਰਮ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੁਝ ਕੰਮ ਕੀਤੇ ਸਨ , ਜਿਸ ਕਾਰਨ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ।
ਤਨਖ਼ਾਹੀਆ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ, ਹੋਰ ਸਿੱਖ ਉਸ ਵਿਅਕਤੀ ਨਾਲ ਕੋਈ ਸੰਪਰਕ ਨਹੀਂ ਰੱਖਦੇ; ਉਨ੍ਹਾਂ ਦੇ ਵਿਆਹ- ਸ਼ਾਦੀ ਵਰਗੇ ਸਮਾਗਮਾਂ ਵਿਚ ਵੀ ਕੋਈ ਸਿੱਖ ਸ਼ਾਮਲ ਨਹੀਂ ਹੁੰਦਾ। ਤਨਖ਼ਾਹੀਆ ਕਰਾਰ ਦਿੱਤਾ ਗਿਆ ਵਿਅਕਤੀ ਸਿੱਖ ਸੰਗਤ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਗਲਤੀ ਦੀ ਮੁਆਫੀ ਮੰਗ ਸਕਦਾ ਹੈ।
ਦੱਸ ਦਈਏ ਕਿ 2007 'ਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਬਠਿੰਡਾ 'ਚ ਇਕ ਪ੍ਰੋਗਰਾਮ ਦੌਰਾਨ ਗੁਰੂ ਗੋਬਿੰਦ ਸਿੰਘ ਦੀ ਤਰ੍ਹਾਂ ਪੌਸ਼ਾਕ ਪਹਿਨ ਕੇ ਸ਼ਰਧਾਲੂਆਂ ਵਿਚਕਾਰ ਪਹੁੰਚੇ ਸਨ। ਇਸ ਨੂੰ ਲੈ ਕੇ ਕਾਫੀ ਵਿਵਾਦ ਖੜ੍ਹਾ ਹੋ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਰਾਮ ਰਹੀਮ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਸੀ। ਪੁਲੀਸ ਨੇ ਰਾਮ ਰਹੀਮ ਖ਼ਿਲਾਫ਼ ਕੇਸ ਵੀ ਦਰਜ ਕੀਤਾ ਸੀ ਪਰ ਬਾਅਦ ਵਿੱਚ ਅਕਾਲੀ ਦਲ ਦੀ ਸਰਕਾਰ ਨੇ ਰਾਮ ਰਹੀਮ ਨੂੰ ਸਜ਼ਾ ਦੇਣ ਦੀ ਬਜਾਏ ਰਾਮ ਰਹੀਮ ਮਾਮਲੇ ਨੂੰ ਹੀ ਵਾਪਸ ਲੈ ਲਿਆ ਸੀ।