Punjab Politics: ਸ਼੍ਰੋਮਣੀ ਅਕਾਲੀ ਦਲ ਦੇ ਹੋਣਗੇ ਦੋ ਧੜੇ ? 'ਬਾਗ਼ੀਆਂ' ਨੇ ਵੱਖਰੀ ਮੀਟਿੰਗ ਕਰਕੇ ਮੰਗਿਆ ਬਾਦਲ ਦਾ ਅਸਤੀਫ਼ਾ
ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸਭ ਤੋਂ ਵੱਡੀ ਖਾਨਾਜੰਗੀ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਹੁਣ ਬਾਗ਼ੀ ਧੜੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਮੀਟਿੰਗ ਵਾਲੇ ਦਿਨ ਜਲੰਧਰ ਵਿੱਚ ਵੱਖਰੀ ਮੀਟਿੰਗ ਕੀਤੀ ਹੈ। ਇਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ ਹੈ।
Punjab Politics: ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸਭ ਤੋਂ ਵੱਡੀ ਖਾਨਾਜੰਗੀ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਹੁਣ ਬਾਗ਼ੀ ਧੜੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਮੀਟਿੰਗ ਵਾਲੇ ਦਿਨ ਜਲੰਧਰ ਵਿੱਚ ਵੱਖਰੀ ਮੀਟਿੰਗ ਕੀਤੀ ਹੈ। ਇਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ ਹੈ। ਜ਼ਿਕਰ ਕਰ ਦਈਏ ਕਿ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਅਹੁਦੇਦਾਰਾਂ ਦੀ ਮੀਟਿੰਗਾਂ ਕੀਤੀ ਗਈ ਸੀ। ਇਸ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਅਹੁਦੇਦਾਰਾਂ ਸ਼ਾਮਲ ਹੋਏ ਸਨ।
ਜ਼ਿਕਰ ਕਰ ਦਈਏ ਕਿ ਜਲੰਧਰ ਵਿੱਚ ਬਾਗ਼ੀ ਲੀਡਰਾਂ ਦੀ ਮੀਟਿੰਗ ਵਿੱਚ ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹੋਰ ਕਈ ਸੀਨੀਅਰ ਆਗੂ ਹਾਜ਼ਰ ਸਨ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ-ਅੱਜ ਇਸ ਗੱਲ 'ਤੇ ਗੰਭੀਰ ਚਰਚਾ ਹੋਈ ਕਿ ਅਕਾਲੀ ਦਲ ਇੰਨਾ ਕਮਜ਼ੋਰ ਕਿਉਂ ਹੋ ਗਿਆ ਹੈ। ਅੱਜ ਅਸੀਂ ਤਖਤ ਤੋਂ ਫਰਸ਼ 'ਤੇ ਆਏ ਹਾਂ। ਅੱਜ ਪਾਰਟੀ ਨੂੰ ਇਸ ਦੀ ਪੁਰਾਣੀ ਨੀਂਹ 'ਤੇ ਲਿਆਉਣ ਲਈ ਬਦਲਾਅ ਜ਼ਰੂਰੀ ਹੈ।
ਚੰਦੂਮਾਜਰਾ ਨੇ ਕਿਹਾ- 1 ਜੁਲਾਈ ਨੂੰ ਅਸੀਂ ਸਾਰੇ ਅਕਾਲੀ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣਗੇ। 1 ਜੁਲਾਈ ਨੂੰ ਉਥੋਂ ਹੀ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕਰਾਂਗੇ। ਇਸ ਯਾਤਰਾ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਸ਼ਾਮਲ ਹੋਣਗੇ। ਚੰਦੂਮਾਜਰਾ ਨੇ ਇਹ ਵੀ ਕਿਹਾ- ਮੈਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦਾ ਹਾਂ ਕਿ ਵਰਕਰਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਸਗੋਂ ਉਨ੍ਹਾਂ ਨੂੰ ਸਮਝੋ।
ਜਾਣਕਾਰੀ ਮੁਤਾਬਕ, ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਲੀਡਰਾਂ ਦੀ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁੱਚੀ ਸ਼ਖਸੀਅਤ ਵਾਲਾ ਹੋਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਇੱਕ ਨਵੇਂ ਪ੍ਰਧਾਨ ਦੀ ਮੰਗ ਕੀਤੀ ਗਈ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਦਲਣ ਦੀ ਮੰਗ ਉਠਾਈ ਗਈ ਸੀ। ਹੁਣ ਇਹ ਮਾਮਲਾ ਫਿਰ ਜ਼ੋਰ ਫੜ ਗਿਆ ਹੈ। ਜਾਣਕਾਰੀ ਅਨੁਸਾਰ ਆਗੂਆਂ ਦੀ ਮੀਟਿੰਗ ਕਰੀਬ ਪੰਜ ਘੰਟੇ ਚੱਲੀ। ਆਗੂਆਂ ਨੇ ਕਿਹਾ- 2017 ਤੋਂ 2024 ਤੱਕ ਅਕਾਲੀ ਦਲ ਦਾ ਪੱਧਰ ਡਿੱਗਿਆ ਹੈ, ਇਹ ਚਿੰਤਾ ਦਾ ਵਿਸ਼ਾ ਹੈ।
ਲੋਕ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਵਿੱਚ ਅਹਿਮ ਮੀਟਿੰਗ ਸੱਦੀ ਸੀ। ਮੀਟਿੰਗ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ। ਜਿਸ ਵਿੱਚ ਬਾਦਲ ਨੇ ਭਾਜਪਾ ਨਾਲ ਗਠਜੋੜ ਨਾ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ। ਅਕਾਲੀ ਦਲ ਦੀ ਇਸ ਮੀਟਿੰਗ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਦੋਸ਼ ਲਾਇਆ ਹੈ ਕਿ ਸਰਕਾਰ ਪੰਥ ਅਤੇ ਪੰਜਾਬ ਨੂੰ ਆਗੂ ਰਹਿਤ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਪ੍ਰਧਾਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਜਾਂ ਤੋੜਨ ਦੀਆਂ ਕੋਸ਼ਿਸ਼ਾਂ ਪਿੱਛੇ ਭਾਜਪਾ ਅਤੇ ਏਜੰਸੀਆਂ ਦਾ ਹੱਥ ਹੈ।