ਕੇਂਦਰੀ ਜੇਲ੍ਹ ਫਰੀਦਕੋਟ ਦਾ ਵੀਡੀਓ ਵਾਇਰਲ ਹੋਣ ਮਗਰੋਂ ਸੁਪਰੀਡੈਂਟ ਸਸਪੈਂਡ
ਹਵਾਲਾਤੀ ਵੱਲੋਂ ਜੇਲ੍ਹ ਦਾ ਵੀਡੀਓ ਸ਼ੇਅਰ ਕੀਤੇ ਜਾਣ ਮਗਰੋਂ ਜੇਲ੍ਹਾਂ 'ਚ ਮੋਬਾਈਲ ਫੋਨ 'ਤੇ ਮਾਨ ਸਰਕਾਰ ਸਖ਼ਤ ਹੋ ਗਈ ਹੈ।
ਚੰਡੀਗੜ੍ਹ: ਹਵਾਲਾਤੀ ਵੱਲੋਂ ਜੇਲ੍ਹ ਦਾ ਵੀਡੀਓ ਸ਼ੇਅਰ ਕੀਤੇ ਜਾਣ ਮਗਰੋਂ ਜੇਲ੍ਹਾਂ 'ਚ ਮੋਬਾਈਲ ਫੋਨ 'ਤੇ ਮਾਨ ਸਰਕਾਰ ਸਖ਼ਤ ਹੋ ਗਈ ਹੈ। ਇਸ ਘਟਨਾ ਮਗਰੋਂ ਜੇਲ੍ਹ ਸੁਪਰੀਡੈਂਟ ਸਸਪੈਂਡ ਕਰ ਦਿੱਤਾ ਗਿਆ ਹੈ। ਕੇਂਦਰੀ ਜੇਲ੍ਹ ਫਰੀਦਕੋਟ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।
ਪੰਜਾਬ ਦੇ ਸੁਧਾਰ ਘਰਾਂ ਮੋਬਾਈਲ ਫੋਨ ਦੀ ਵਰਤੋਂ ਕੋਈ ਨਵੀਂ ਗੱਲ ਨਹੀਂ ਹੈ। ਅਕਸਰ ਛਾਪੇਮਾਰੀ ਦੌਰਾਨ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਫੜ੍ਹੇ ਜਾਂਦੇ ਹਨ। ਤਾਜ਼ਾ ਮਾਮਲਾ ਫਰੀਦਕੋਟ ਦਾ ਹੈ ਜਿੱਥੇ ਇੱਕ ਬੈਰਕ 'ਚ ਨਜ਼ਰਬੰਦ ਹਵਾਲਾਤੀ ਨੇ ਜੇਲ੍ਹ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਪਾ ਦਿੱਤੀ। ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਨਜ਼ਰਬੰਦ ਇਸ ਹਵਾਲਾਤੀ ਨੇ ਸਮੁੱਚੀ ਜੇਲ੍ਹ ਦੀ ਵੀਡੀਓ ਸ਼ੋਸ਼ਲ ਮੀਡੀਆ ਉੱਪਰ ਪਾ ਕੇ ਜੇਲ੍ਹ ਪ੍ਰਬੰਧਾਂ ਦੀ ਫੂਕ ਕੱਢ ਦਿੱਤੀ।ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਸਖ਼ਤੀ ਦਿਖਾਉਂਦੇ ਹੋਏ ਸੁਪਰੀਡੈਂਟ ਸਸਪੈਂਡ ਕਰ ਦਿੱਤਾ।
ਬੀਤੇ ਦਿਨੀਂ ਜੇਲ੍ਹ ਵਿੱਚ ਗੰਭੀਰ ਅਪਰਾਧਾਂ ਵਾਲੇ ਕੈਦੀਆਂ ਤੇ ਹਵਾਲਾਤੀਆਂ ਵੱਲੋਂ ਸ਼ਰੇਆਮ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਹਾਸਲ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਫ਼ਰੀਦਕੋਟ ਦੇ ਆਈਜੀ ਪ੍ਰਦੀਪ ਕੁਮਾਰ ਯਾਦਵ ਦੀ ਅਗਵਾਈ ਵਿੱਚ ਇੱਥੇ ਛਾਪੇਮਾਰੀ ਕੀਤੀ ਗਈ ਸੀ ਪਰ ਇਸ ਛਾਪੇਮਾਰੀ ਤੋਂ ਬਾਅਦ ਵੀ ਜੇਲ੍ਹ ਵਿੱਚ ਮੋਬਾਈਲ ਤੇ ਇੰਟਰਨੈੱਟ ਦੀ ਵਰਤੋਂ ਨਹੀਂ ਰੁਕੀ।