ਭਾਰਤ ਲਿਆਂਦਾ ਜਾਏਗਾ ਅੱਤਵਾਦੀ ਹਰਦੀਪ ਸਿੰਘ ਨਿੱਝਰ, ਪੰਜਾਬ ਪੁਲਿਸ ਨੇ ਸ਼ੁਰੂ ਕੀਤੀ ਹਵਾਲਗੀ ਦੀ ਤਿਆਰੀ
ਅੱਤਵਾਦੀ ਦੀ ਸਪੁਰਦਗੀ ਲਈ ਸੂਬਾ ਪੁਲਿਸ ਨੇ ਕੈਨੇਡੀਅਨ ਪੁਲਿਸ ਨਾਲ ਸੰਪਰਕ ਕਰਕੇ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੁਖੀ ਹਰਦੀਪ ਸਿੰਘ ਨਿੱਝਰ ਦੀ ਹਵਾਲਗੀ ਦੀ ਮੰਗ ਕੀਤੀ ਹੈ।
ਚੰਡੀਗੜ੍ਹ: ਪੰਜਾਬ ਪੁਲਿਸ ਨੇ ਕੈਨੇਡਾ ‘ਚ ਬੈਠੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਨੂੰ ਭਾਰਤ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅੱਤਵਾਦੀ ਦੀ ਸਪੁਰਦਗੀ ਲਈ ਸੂਬਾ ਪੁਲਿਸ ਨੇ ਕੈਨੇਡੀਅਨ ਪੁਲਿਸ ਨਾਲ ਸੰਪਰਕ ਕਰਕੇ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੁਖੀ ਹਰਦੀਪ ਸਿੰਘ ਨਿੱਝਰ ਦੀ ਹਵਾਲਗੀ ਦੀ ਮੰਗ ਕੀਤੀ ਹੈ। ਕੇਂਦਰ ਸਰਕਾਰ ਨੇ 1 ਜੁਲਾਈ 2020 ਨੂੰ ਨਿੱਝਰ ਨੂੰ ਅੱਤਵਾਦੀ ਐਲਾਨ ਕੀਤਾ ਸੀ।
ਹਾਲ ਹੀ 'ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਜੁਲਾਈ 'ਚ ਨਿੱਝਰ 'ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਨਿੱਝਰ ਬਾਰੇ ਹੁਣ ਤੱਕ ਪੰਜਾਬ ਪੁਲਿਸ ਨੇ ਜੋ ਜਾਣਕਾਰੀ ਹਾਸਲ ਕੀਤੀ ਹੈ, ਉਸ ਅਨੁਸਾਰ ਉਹ ਜਗਤਾਰ ਸਿੰਘ ਤਾਰਾ ਦਾ ਬਹੁਤ ਵੱਡਾ ਸਾਥੀ ਰਿਹਾ ਹੈ। ਉਹ ਤਾਰਾ ਨੂੰ ਮਿਲਣ ਲਈ ਅਪ੍ਰੈਲ 2012 ਵਿੱਚ ਪਾਕਿਸਤਾਨ ਗਿਆ ਸੀ।
ਪੁਲਿਸ ਜਾਂਚ ਅਨੁਸਾਰ ਨਿੱਝਰ ਨੇ ਮੋਗਾ ਗੈਂਗਸਟਰ ਅਰਸ਼ਦੀਪ ਸਿੰਘ ਡੱਲਾ ਨਾਲ 2020 ਵਿੱਚ ਪੰਜਾਬ ਵਿੱਚ ਚਾਰ ਮੈਂਬਰੀ ਕੇਟੀਐਫ ਮਾਡਿਊਲ ਸਥਾਪਤ ਕੀਤਾ ਸੀ। ਜਿਸ ਨੇ ਕਈ ਕਤਲ ਕੀਤੇ ਹਨ। NIA ਵੱਲੋਂ ਇੱਕ ਵੱਖਰੇ ਡੋਜ਼ੀਅਰ ਵਿੱਚ ਨਿੱਝਰ ਦੀਆਂ ਕੈਨੇਡਾ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਦਾ ਪਰਦਾਫਾਸ਼ ਕੀਤਾ ਗਿਆ ਹੈ।
ਕੈਨੇਡਾ ਵਿੱਚ ਹਥਿਆਰਾਂ ਦਾ ਸਿਖਲਾਈ ਕੈਂਪ ਲਗਾਇਆ ਗਿਆ
ਦਸੰਬਰ 2015 ਵਿੱਚ, ਨਿੱਝਰ ਨੇ ਕਥਿਤ ਤੌਰ 'ਤੇ ਮਿਸ਼ਨ ਹਿੱਲਜ਼ ਦੇ ਤਹਿਤ ਕੈਨੇਡਾ ਵਿੱਚ ਇੱਕ ਹਥਿਆਰ ਸਿਖਲਾਈ ਕੈਂਪ ਸਥਾਪਤ ਕੀਤਾ। ਇਸ ਵਿੱਚ ਨੌਜਵਾਨਾਂ ਨੂੰ ਏ.ਕੇ.-47 ਅਸਾਲਟ ਰਾਈਫਲ, ਸਨਾਈਪਰ ਰਾਈਫਲ ਅਤੇ ਪਿਸਤੌਲ ਦੀ ਵਰਤੋਂ ਕਰਨ ਦੀ ਸਿਖਲਾਈ ਦਿੱਤੀ ਗਈ। ਜਿਨ੍ਹਾਂ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਸੀ, ਉਨ੍ਹਾਂ ਨੂੰ ਜਨਵਰੀ 2016 ਵਿੱਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਲਈ ਪੰਜਾਬ ਭੇਜਿਆ ਗਿਆ ਸੀ ਪਰ ਸਾਜ਼ਿਸ਼ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਇਸ ਨੇ ਹਵਾਲਗੀ ਦਾ ਆਧਾਰ ਬਣਾਇਆ
ਪੰਜਾਬ ਪੁਲਿਸ ਦੇ ਅਧਿਕਾਰੀਆਂ ਅਨੁਸਾਰ ਨਿੱਝਰ ਦੀ ਹਵਾਲਗੀ ਦੀ ਮੰਗ 23 ਜਨਵਰੀ 2015 ਨੂੰ ਜਾਰੀ ਲੁੱਕਆਊਟ ਸਰਕੂਲਰ (ਐਲਓਸੀ) ਅਤੇ 14 ਮਾਰਚ 2016 ਨੂੰ ਜਾਰੀ ਕੀਤੇ ਰੈੱਡ ਕਾਰਨਰ ਨੋਟਿਸ ਤਹਿਤ ਕੀਤੀ ਗਈ ਹੈ। ਨਿੱਝਰ ਪੰਜਾਬ 'ਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੇ ਮਾਮਲਿਆਂ 'ਚ ਲੋੜੀਂਦਾ ਹੈ।