ਕਿਤੇ ਕੈਪਟਨ 'ਤੇ ਸ਼ਨੀ ਨਾ ਪੈ ਜਾਵੇ ਭਾਰੀ....? ਅੱਜ ਹੋਵੇਗਾ ਵੱਡਾ ਫੈਸਲਾ
ਸ਼ਨੀਵਾਰ ਨੂੰ ਤੈਅ ਹੋ ਜਾਵੇਗਾ ਕਿ ਕੈਪਟਨ ਅਮਰਿੰਦਰ ਚੋਣਾਂ ਤਕ ਪੰਜਾਬ ਦੇ ਮੁੱਖ ਮੰਤਰੀ ਬਣੇ ਰਹਿਣਗੇ ਜਾਂ ਕੋਈ ਨਾਈਟ ਵਾਚਮੈਨ ਆਵੇਗਾ? ਹਰੀਸ਼ ਰਾਵਤ ਦੇ ਨਾਲ ਪਾਰਟੀ ਦੋ ਅਬਜ਼ਰਵਰ ਵੀ ਚੰਡੀਗੜ੍ਹ ਭੇਜੇਗੀ।
ਚੰਡੀਗੜ੍ਹ: ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਲਈ ਅੱਜ ਇਮਤਿਹਾਨ ਦੀ ਘੜੀ ਹੈ। ਆਲ ਇੰਡੀਆ ਕਾਂਗਰਸ ਕਮੇਟੀ ਯਾਨੀ AICC ਨੇ ਸ਼ਾਮ 5 ਵਜੇ CLP ਦੀ ਮੀਟਿੰਗ ਸੱਦੀ ਹੈ। ਇਹ ਫੈਸਲਾ ਸ਼ੁੱਕਰਵਾਰ ਦੇਰ ਰਾਤ ਲਿਆ ਗਿਆ। ਇਹ ਫੈਸਲਾ ਮੁੱਖ ਮੰਤਰੀ ਨੇ ਨਹੀਂ ਬਲਕਿ ਦਿੱਲੀ ਹਾਈਕਮਾਨ ਨੇ ਲਿਆ। ਕਿਉਂਕਿ ਪੰਜਾਬ ਕਾਂਗਰਸ ਦੇ ਵਿਧਾਇਕ ਦਿੱਲੀ ਦਰਬਾਰ ਨੂੰ ਲਗਾਤਾਰ CLP ਦੀ ਮੀਟਿੰਗ ਬੁਲਾਉਣ ਲਈ ਰੀਪ੍ਰਜ਼ੇਂਟੇਸ਼ਨ ਭੇਜ ਰਹੇ ਸਨ।
ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਰਾਵਤ ਨੇ ਰਾਤ ਪੌਣੇ 12 ਵਜੇ ਇਸ ਦੀ ਜਾਣਕਾਰੀ ਜਨਤਕ ਕੀਤੀ। ਸ਼ਨੀਵਾਰ ਨੂੰ ਤੈਅ ਹੋ ਜਾਵੇਗਾ ਕਿ ਕੈਪਟਨ ਅਮਰਿੰਦਰ ਚੋਣਾਂ ਤਕ ਪੰਜਾਬ ਦੇ ਮੁੱਖ ਮੰਤਰੀ ਬਣੇ ਰਹਿਣਗੇ ਜਾਂ ਕੋਈ ਨਾਈਟ ਵਾਚਮੈਨ ਆਵੇਗਾ? ਹਰੀਸ਼ ਰਾਵਤ ਦੇ ਨਾਲ ਪਾਰਟੀ ਦੋ ਅਬਜ਼ਰਵਰ ਵੀ ਚੰਡੀਗੜ੍ਹ ਭੇਜੇਗੀ।
ਅਸਲ 'ਚ ਕੈਪਟਨ ਦੀ ਚਾਰ ਮੰਤਰੀਆਂ ਸਮੇਤ ਸਿੱਧੂ ਖੇਮੇ ਨਾਲ ਸਿਆਸੀ ਖਿੱਚੋਤਾਣ ਤਾਂ ਕਈ ਮਹੀਨਿਆਂ ਤੋਂ ਚੱਲ ਰਹੀ ਹੈ। ਪਰ ਕੈਪਟਨ ਨੂੰ ਪਲਟਣ 'ਚ ਹੁਣ ਤਕ ਸਫ਼ਲ ਨਹੀਂ ਹੋਏ। ਪਰ ਹੁਣ ਮਸਲਾ ਗੰਭੀਰ ਹੈ ਤੇ ਹਾਈਕਮਾਨ ਵੀ ਪਾਰਟੀ 'ਚ ਕੈਪਟਨ ਖਿਲਾਫ ਉੱਠਦੀਆਂ ਬਗਾਵਤੀ ਸੁਰਾਂ ਨੂੰ ਅਹਿਮੀਅਤ ਦੇ ਰਿਹਾ ਹੈ। ਨਹੀਂ ਤਾਂ CLP ਦਾ ਸੰਦੇਸ਼ ਏਨੀ ਦੇਰ ਰਾਤ ਨਾ ਆਉਂਦਾ।
ਜਾਣਕਾਰੀ ਦੇ ਮੁਤਾਬਕ ਸਿੱਧੂ ਨੂੰ ਪ੍ਰਧਾਨ ਬਣਨ ਤੋਂ ਬਾਅਦ ਸਿਆਸੀ ਪੈਂਤੜਾ ਇਹ ਸੀ ਕਿ ਨਾਰਾਜ਼ ਵਿਧਾਇਕ CLP ਮੀਟਿੰਗ ਬੁਲਾਉਣ ਦਾ ਦਬਾਅ ਬਣਾਉਣਗੇ ਤੇ ਜੇਕਰ ਕੈਪਟਨ ਦੀ ਬੈਠਕ 'ਚ ਕੈਪਟਨ ਦੀ ਮੁਖ਼ਾਲਫ਼ਤ ਹੋਵੇਗੀ ਤਾਂ ਅਗਵਾਈ ਪਰਿਵਰਤਨ ਤੇ ਰਾਏਸ਼ੁਮਾਰੀ ਦਾ ਰਾਹ ਪੱਧਰਾ ਹੋ ਜਾਵੇਗਾ। ਪਰ ਕੈਪਟਨ ਮਾਫੀ ਮੰਗਣ ਵਾਲੀ ਜ਼ਿੱਦ ਛੱਡ ਕੇ ਸਿੱਧੂ ਦੇ ਸਹੁੰ ਚੁੱਕ ਸਮਾਗਮ 'ਚ ਆਏ। ਕਾਫੀ ਹੱਦ ਤਕ ਕੈਪਟਨ ਨੇ ਮਾਮਲਾ ਸਾਂਭਿਆ।
ਡਿਨਰ ਡਿਪਲੋਮੈਸੀ 'ਚ ਮਾਹਿਰ ਕੈਪਟਨ ਨੇ ਵਿਧਾਇਕਾਂ ਤੇ ਪ੍ਰਤਾਪ ਬਾਜਵਾ ਜਿਹੇ ਪੁਰਾਣੇ ਸਿਆਸੀ ਵਿਰੋਧੀਆਂ ਨੂੰ ਵੀ ਨਾ ਸਿਰਫ਼ ਗਲੇ ਲਾਇਆ ਬਲਕਿ ਪੰਜਾਬ 'ਚ ਉਨ੍ਹਾਂ ਦੀ ਹਵਾ ਬਣਾਉਣ ਦੀ ਵੀ ਵਾਹ ਲਾਈ। ਕੈਪਟਨ ਨੇ ਗਲਤੀ ਇਹ ਕੀਤੀ ਕਿ ਜੋ ਚਾਰ ਕੈਬਨਿਟ ਮੰਤਰੀ ਬਗਾਵਤ 'ਤੇ ਉੱਤਰੇ ਸਨ ਉਨ੍ਹਾਂ ਨੂੰ ਮਨਾਉਣ ਦੀ ਬਜਾਇ ਕੈਪਟਨ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਹਲਕੇ 'ਚ ਜ਼ੀਰੋ ਕਰਨ ਦਾ ਦਾਅ ਖੇਡਿਆ। ਜੇਕਰ ਮੁੱਖ ਮੰਤਰੀ ਦਾ ਇਸ਼ਾਰਾ ਹੋਵੇ ਤਾਂ ਫਿਰ ਅਫ਼ਸਰ ਕਿੱਥੇ ਸੁਣਦੇ ਹਨ ਚਾਹੇ ਕੋਈ ਮੰਤਰੀ ਹੋਵੇ ਜਾਂ ਵਿਧਾਇਕ।
ਕੈਪਟਨ ਤੋਂ ਨਰਾਜ਼ ਧੜਾ ਦੇਹਰਾਦੂਨ 'ਚ ਹਰੀਸ਼ ਰਾਵਤ ਨੂੰ ਮਿਲਣ ਤੋਂ ਬਾਅਦ ਵੀ ਸ਼ਾਂਤ ਨਹੀਂ ਹੋਇਆ। ਪਤਾ ਲੱਗਾ ਹੈ ਕਿ ਪਿਛਲੇ ਹਫ਼ਤੇ ਇਨ੍ਹਾਂ ਮੰਤਰੀਆਂ ਨਾਲ ਸਲਾਹ ਕਰਕੇ ਕਈ ਵਿਧਾਇਕਾਂ ਨੇ CLP ਦੀ ਮੀਟਿੰਗ ਬੁਲਾਉਣ ਲਈ ਹਾਈਕਮਾਨ ਨੂੰ ਲਿਖਣਾ ਸ਼ੁਰੂ ਕੀਤਾ। ਇਸ ਦਰਮਿਆਨ ਇਕ ਵਿਧਾਇਕ ਸੁਰਜੀਤ ਧੀਮਾਨ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਕਾਂਗਰਸ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਲੜਦੀ ਹੈ ਤਾਂ ਉਹ ਚੋਣ ਹੀ ਨਹੀਂ ਲੜਨਗੇ।
ਕਈ ਵਿਧਾਇਕਾਂ ਨੂੰ ਤਾਂ ਇਹ ਲੱਗਦਾ ਹੈ ਕਿ ਕੈਪਟਨ ਸਰਕਾਰ 2017 'ਚ ਜਨਤਾ ਨਾਲ ਕੀਤੇ ਸੈਂਕੜੇ ਵਾਅਦੇ ਪੂਰੇ ਨਹੀਂ ਕਰ ਸਕੀ। ਇਸ ਲਈ ਲੋਕ ਨਰਾਜ਼ ਹਨ ਤੇ ਕਾਂਗਰਸ ਦੀ ਹਾਲਤ ਪਤਲੀ ਹੈ। ਜੇਕਰ ਇਸ ਸਮੇਂ ਕਾਂਗਰਸ ਕੈਪਟਨ ਨੂੰ ਸਾਈਡ ਲਾਈਨ ਕਰਦੀ ਹੈ ਤਾਂ ਕੀ ਐਂਟੀ ਇੰਕਮਬੈਂਸੀ ਖ਼ਤਮ ਹੋਵੇਗੀ? ਕੀ ਸੂਬਾ ਪ੍ਰਧਾਨ ਨਵਜੋਤ ਸਿੱਧੂ ਇਸ ਦਾਅ ਨਾਲ ਦੁਬਾਰਾ ਕਾਂਗਰਸ ਨੂੰ ਸੱਤਾ 'ਤੇ ਬਿਰਾਜਮਾਨ ਕਰਵਾ ਸਕਣਗੇ? ਨਾਈਟ ਵਾਚਮੈਨ ਪੰਜ ਮਹੀਨੇ 'ਚ ਕਾਂਗਰਸ ਦੇ ਪੱਖ 'ਚ ਮਾਹੌਲ ਕਿਵੇਂ ਬਣਾਏਗਾ? ਇਹ ਤਸਵੀਰ CLP ਦੀ ਮੀਟਿੰਗ 'ਚ ਸਾਫ਼ ਹੋ ਜਾਵੇਗੀ।