ਟਰਾਂਸਪੋਰਟਰ ਸੰਨੀ ਢਿੱਲੋਂ ਵੱਲੋਂ ਰਾਜਾ ਵੜਿੰਗ ਖਿਲਾਫ RTI ਰਾਹੀਂ ਵੱਡੇ ਖੁਲਾਸੇ, ਸੀਐਮ ਭਗਵੰਤ ਮਾਨ ਤੋਂ ਮੰਗੀ ਜਾਂਚ
ਆਰਟੀਆਈ ਵਿੱਚ ਪਤਾ ਲੱਗਾ ਹੈ ਕਿ ਹਰਗੋਬਿੰਦ ਕੋਚ ਦੀ ਬਾਡੀ ਦੀ ਕੀਮਤ 8 ਲੱਖ 40 ਹਜ਼ਾਰ, ਗੋਬਿੰਦ ਕੋਚ ਦੀ ਬੱਸ ਦੀ ਬਾਡੀ ਦੀ ਕੀਮਤ 8 ਲੱਖ 25 ਹਜ਼ਾਰ ਹੈ ਪਰ ਉਸ ਵੇਲੇ ਦੇ ਟਰਾਂਸਪੋਰਟ ਮੰਤਰੀ ਨੇ ਰਾਜਸਥਾਨ ....
ਚੰਡੀਗੜ੍ਹ: ਟਰਾਂਸਪੋਰਟਰ ਸੰਨੀ ਢਿੱਲੋਂ ਨੇ ਸਾਬਕਾ ਕਾਂਗਰਸੀ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਕਾਂਗਰਸ ਸਰਕਾਰ ਦੌਰਾਨ ਕਰੋੜਾਂ ਰੁਪਏ ਦੇ ਘਪਲੇ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਰਾਜਾ ਵੜਿੰਗ ਨੇ ਲਗਪਗ 33 ਕਰੋੜ ਦਾ ਘੁਟਾਲਾ ਕੀਤਾ ਹੈ। ਇਸ ਦੌਰਾਨ ਢਿੱਲੋਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਜਾਂਚ ਦੀ ਮੰਗ ਕੀਤੀ ਹੈ।
ਟਰਾਂਸਪੋਰਟਰ ਸੰਨੀ ਢਿੱਲੋਂ ਨੇ ਆਰਟੀਆਈ ਦਾਇਰ ਕਰਕੇ ਹਾਸਲ ਕੀਤੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ 2021 ਵਿੱਚ 840 ਸਰਕਾਰੀ ਬੱਸਾਂ ਨੂੰ ਬੱਸ ਦੀ ਬਾਡੀ ਰਾਜਸਥਾਨ ਜੈਪੁਰ ਲਗਾਈ ਹੈ ਜਦਕਿ ਪੰਜਾਬ ਤੇ ਸਾਊਥ ਇੰਡੀਆ 'ਚ ਜ਼ਿਆਦਾਤਰ ਬੱਸ ਦੀ ਬਾਡੀ ਭਦੌੜ ਤੋਂ ਲਗਾਈ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਆਰਟੀਆਈ ਵਿੱਚ ਪਤਾ ਲੱਗਾ ਹੈ ਕਿ ਹਰਗੋਬਿੰਦ ਕੋਚ ਦੀ ਬਾਡੀ ਦੀ ਕੀਮਤ 8 ਲੱਖ 40 ਹਜ਼ਾਰ, ਗੋਬਿੰਦ ਕੋਚ ਦੀ ਬੱਸ ਦੀ ਬਾਡੀ ਦੀ ਕੀਮਤ 8 ਲੱਖ 25 ਹਜ਼ਾਰ ਹੈ ਪਰ ਉਸ ਵੇਲੇ ਦੇ ਟਰਾਂਸਪੋਰਟ ਮੰਤਰੀ ਨੇ ਰਾਜਸਥਾਨ ਤੋਂ 11 ਲੱਖ 98 ਹਜ਼ਾਰ 880 ਰੁਪਏ ਵਿੱਚ ਉਹੀ ਬਾਡੀ ਲਵਾਈ।
ਉਨ੍ਹਾਂ ਕਿਹਾ ਕਿ ਰਾਜਸਥਾਨ ਜਾਣ ਸਮੇਂ 1 ਕਰੋੜ 50 ਲੱਖ ਰੁਪਏ ਦਾ ਡੀਜ਼ਲ ਖਰਚਿਆ ਗਿਆ। ਇਸ ਨਾਲ ਪੰਜਾਬ ਦੇ ਖਜ਼ਾਨੇ ਤੋਂ 30 ਕਰੋੜ 24 ਲੱਖ ਰੁਪਏ ਵੱਧ ਖਰਚੇ ਗਏ।
840 ਬੱਸਾਂ ਦੀਆਂ ਬਾਡੀਜ਼ ਲਗਾਉਣ 'ਤੇ 100.80 ਕਰੋੜ ਰੁਪਏ ਖਰਚ ਕੀਤੇ ਗਏ
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਰਾਜਾ ਵੜਿੰਗ 3 ਮਹੀਨੇ ਤੱਕ ਟਰਾਂਸਪੋਰਟ ਮੰਤਰੀ ਰਹੇ। ਇਸ ਦੌਰਾਨ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਲਈ 840 ਬੱਸਾਂ ਖਰੀਦੀਆਂ ਗਈਆਂ। ਜਿਸ ਦੀ ਬਾਡੀ ਰਾਜਸਥਾਨ ਦੀ ਕੰਪਨੀ ਤੋਂ ਆਈ। ਰਾਜਸਥਾਨ ਦੀ ਕੰਪਨੀ ਨੇ ਬੱਸ ਦੀ ਬਾਡੀ ਲਈ 12 ਲੱਖ ਰੁਪਏ ਲਏ ਸਨ। ਇਸ ਤਰ੍ਹਾਂ ਕੁੱਲ 100.80 ਕਰੋੜ ਰੁਪਏ ਖਰਚ ਕੀਤੇ ਗਏ।
ਭਦੌੜ ਦੀ ਕੰਪਨੀ 3 ਤੋਂ 4 ਲੱਖ ਸਸਤੀ ਵਸੂਲੀ ਕਰ ਰਹੀ ਸੀ
ਟਰਾਂਸਪੋਰਟਰ ਸੰਨੀ ਢਿੱਲੋਂ ਨੇ ਕਿਹਾ ਕਿ ਮੈਨੂੰ ਆਰਟੀਆਈ ਪਤਾ ਲੱਗਾ ਹੈ ਕਿ ਭਦੌੜ ਦੇ ਹਰਗੋਬਿੰਦ ਕੋਚ ਤੇ ਗੋਬਿੰਦ ਕੋਚ ਨੇ ਸਰਕਾਰ ਨੂੰ 8.40 ਲੱਖ ਤੇ 8.25 ਲੱਖ ਰੁਪਏ ਦੀਆਂ ਕੁਟੇਸ਼ਨਾਂ ਦਿੱਤੀਆਂ ਸਨ। ਇਸ ਦੇ ਬਾਵਜੂਦ ਮੰਤਰੀ ਰਾਜਾ ਵੜਿੰਗ ਨੇ ਬਾਡੀਜ਼ ਲੈਣ ਲਈ ਬੱਸਾਂ ਰਾਜਸਥਾਨ ਭੇਜ ਦਿੱਤੀਆਂ। ਇਸ ਤਰ੍ਹਾਂ ਇਕ ਬੱਸ ਦੀ ਬਾਡੀ ਲੈਣ ਲਈ 3 ਤੋਂ 4 ਲੱਖ ਰੁਪਏ ਹੋਰ ਖਰਚੇ ਗਏ।
2018 ਵਿੱਚ ਕਾਂਗਰਸ ਸਰਕਾਰ ਨੇ ਪੰਜਾਬ ਤੋਂ ਬਾਡੀ ਲਗਾਈ ਸੀ
ਸੰਨੀ ਢਿੱਲੋਂ ਨੇ ਦੱਸਿਆ ਕਿ 2018 ਵਿੱਚ ਪੰਜਾਬ ਦੇ ਭਦੌੜ ਤੋਂ ਪੀਆਰਟੀਸੀ ਦੀਆਂ 100 ਬੱਸਾਂ ਵਿੱਚ ਬਾਡੀਜ਼ ਲਾਈਆਂ ਗਈਆਂ ਸਨ। ਉਸ ਸਮੇਂ ਪ੍ਰਤੀ ਬੱਸ 7.10 ਲੱਖ ਰੁਪਏ ਖਰਚ ਹੋਏ ਸਨ। ਉਸ ਸਮੇਂ ਵੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ। ਰਾਜਾ ਵੜਿੰਗ ਦੀ ਥਾਂ ਰਜ਼ੀਆ ਸੁਲਤਾਨਾ ਟਰਾਂਸਪੋਰਟ ਮੰਤਰੀ ਸੀ।
ਬੱਸਾਂ ਦੇ ਆਉਣ ਜਾਣ 'ਤੇ 1.51 ਕਰੋੜ ਰੁਪਏ ਖਰਚੇ
ਪੰਜਾਬ ਲਈ ਖਰੀਦੀਆਂ ਗਈਆਂ ਬੱਸਾਂ ਨੂੰ ਬਾਡੀ ਲਗਾਉਣ ਲਈ ਰਾਜਸਥਾਨ ਭੇਜਿਆ ਗਿਆ ਸੀ। ਇਸ ਦੌਰਾਨ ਉਨ੍ਹਾਂ ਲਈ ਡੀਜ਼ਲ ਖਰੀਦਣ 'ਤੇ 1.51 ਕਰੋੜ ਰੁਪਏ ਖਰਚ ਕੀਤੇ ਗਏ। ਜੇਕਰ ਇਹੀ ਬਾਡੀ ਭਦੌੜ ਤੋਂ ਲਗਾਈ ਜਾਂਦੀ ਤਾਂ ਡੀਜ਼ਲ ਦੇ ਪੈਸੇ ਦੀ ਵੀ ਬੱਚਤ ਹੋਣੀ ਸੀ।
ਵੜਿੰਗ ਨੇ ਕਿਹਾ- ਜਾਂਚ ਲਈ ਤਿਆਰ ਹਾਂ
ਇਸ ਮਾਮਲੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ। ਮੈਂ ਹਰ ਰਾਡਾਰ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਇਹ ਸਿਆਸੀ ਬਦਲਾਖੋਰੀ ਹੈ ਕਿਉਂਕਿ ਸਿਰਫ਼ ਸਾਬਕਾ ਮੰਤਰੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 99% ਕੰਮ ਅਫਸਰਾਂ ਦੇ ਕਹਿਣ ਅਨੁਸਾਰ ਹੁੰਦਾ ਹੈ। ਫਿਰ ਇਸ ਮਾਮਲੇ ਵਿੱਚ ਅਫਸਰਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।