ਮੌਸਮ ਵਿਭਾਗ ਦਾ ਅਲਰਟ! ਪੰਜਾਬ ਸਣੇ ਦੇਸ਼ ਦੇ ਕਈ ਹਿੱਸਿਆਂ 'ਚ ਮੀਂਹ-ਹਨ੍ਹੇਰੀ ਦੀ ਚੇਤਾਵਨੀ, ਜਾਣੋ ਇਸ ਹਫ਼ਤੇ ਮੌਸਮ
ਸਕਾਈਮੇਟ ਵੈਦਰ (Skymet Weather) ਦੇ ਉਪ-ਪ੍ਰਧਾਨ ਮਹੇਸ਼ ਪਲਾਵਤ ਨੇ ਕਿਹਾ ਕਿ ਪੱਛਮੀ ਗੜਬੜੀ ਲੱਦਾਖ ਦੇ ਪੂਰਬ ਵੱਲ ਚਲੀ ਗਈ ਹੈ। ਇਕ ਹੋਰ ਪੱਛਮੀ ਗੜਬੜੀ ਈਰਾਨ ਦੇ ਪੂਰਬੀ ਹਿੱਸਿਆਂ ਤੇ ਇਸ ਦੇ ਨਾਲ ਲੱਗਦੇ ਅਫ਼ਗਾਨਿਸਤਾਨ 'ਚ ਵੇਖੀ ਜਾ ਸਕਦੀ ਹੈ।
ਨਵੀਂ ਦਿੱਲੀ: ਉੱਤਰ ਭਾਰਤ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਮੀਂਹ ਤੇ ਹਨ੍ਹੇਰੀ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪੱਛਮੀ ਗੜਬੜ ਕਾਰਨ ਉੱਤਰੀ ਭਾਰਤ ਦੇ ਕਈ ਹਿੱਸਿਆਂ 'ਚ ਬਾਰਸ਼ ਪੈਣ ਦੀ ਸੰਭਾਵਨਾ ਹੈ। ਅਗਲੇ 24 ਘੰਟਿਆਂ ਦੌਰਾਨ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਕੁਝ ਹਿੱਸਿਆਂ 'ਚ ਹਲਕੀ ਬਾਰਸ਼ ਦੇ ਨਾਲ-ਨਾਲ ਧੂੜ ਭਰੀ ਹਨ੍ਹੇਰੀ ਤੇ ਇੱਕ-ਦੋ ਥਾਵਾਂ 'ਤੇ ਗੜੇਮਾਰੀ ਦੀ ਸੰਭਾਵਨਾ ਹੈ। ਪੱਛਮੀ ਬੰਗਾਲ, ਓਡੀਸ਼ਾ, ਬਿਹਾਰ ਦੇ ਕੁਝ ਹਿੱਸਿਆਂ, ਛੱਤੀਸਗੜ੍ਹ, ਕੇਰਲ ਤੇ ਲਕਸ਼ਦੀਪ ਦੇ ਕੁਝ ਹਿੱਸਿਆਂ 'ਚ ਹਲਕਾ-ਦਰਮਿਆਨੀ ਤੇ ਕੁਝ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ।
ਜੰਮੂ-ਕਸ਼ਮੀਰ, ਗਿਲਗਿਤ ਬਾਲਟਿਸਤਾਨ, ਮੁਜ਼ੱਫਰਾਬਾਦ, ਲੱਦਾਖ, ਹਿਮਾਚਲ ਪ੍ਰਦੇਸ਼, ਉਤਰਾਖੰਡ, ਕਰਨਾਟਕ ਦੇ ਕੁਝ ਹਿੱਸਿਆਂ, ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ ਤੇ ਝਾਰਖੰਡ ਦੇ ਹਿੱਸਿਆਂ 'ਚ ਹਲਕੇ ਤੋਂ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਹੈ। ਉੱਤਰੀ ਤੇ ਪੂਰਬੀ ਮੱਧ ਪ੍ਰਦੇਸ਼, ਤੇਲੰਗਾਨਾ, ਆਂਧਰਾ ਪ੍ਰਦੇਸ਼ ਤੇ ਅੰਡੇਮਾਨ ਤੇ ਨਿਕੋਬਾਰ ਟਾਪੂ ਦੇ ਕੁਝ ਹਿੱਸਿਆਂ 'ਚ ਹਲਕੇ ਤੋਂ ਦਰਮਿਆਨੀ ਬਾਰਸ਼ ਪੈ ਸਕਦੀ ਹੈ।
ਸਕਾਈਮੇਟ ਵੈਦਰ (Skymet Weather) ਦੇ ਉਪ-ਪ੍ਰਧਾਨ ਮਹੇਸ਼ ਪਲਾਵਤ ਨੇ ਕਿਹਾ ਕਿ ਪੱਛਮੀ ਗੜਬੜੀ ਲੱਦਾਖ ਦੇ ਪੂਰਬ ਵੱਲ ਚਲੀ ਗਈ ਹੈ। ਇਕ ਹੋਰ ਪੱਛਮੀ ਗੜਬੜੀ ਈਰਾਨ ਦੇ ਪੂਰਬੀ ਹਿੱਸਿਆਂ ਤੇ ਇਸ ਦੇ ਨਾਲ ਲੱਗਦੇ ਅਫ਼ਗਾਨਿਸਤਾਨ 'ਚ ਵੇਖੀ ਜਾ ਸਕਦੀ ਹੈ। ਉੱਥੇ ਹੀ ਵਿਦਰਭ ਤੇ ਆਸਪਾਸ ਦੇ ਇਲਾਕਿਆਂ 'ਚ ਚੱਕਰਵਾਤੀ ਹਵਾਵਾਂ ਦਾ ਖੇਤਰ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਭੂਮੱਧ ਹਿੰਦ ਮਹਾਂਸਾਗਰ ਅਤੇ ਦੱਖਣੀ ਅਰਬ ਸਾਗਰ ਦੇ ਕੇਂਦਰੀ ਹਿੱਸਿਆਂ 'ਚ ਵੀ ਚੱਕਰਵਾਤੀ ਹਵਾਵਾਂ ਦਾ ਖੇਤਰ ਬਣਿਆ ਹੋਇਆ ਹੈ। ਇਸ ਕਾਰਨ ਦੇਸ਼ ਦੇ ਬਹੁਤੇ ਸੂਬਿਆਂ 'ਚ ਮੌਸਮ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ।
ਉੱਤਰੀ ਭਾਰਤ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਅਗਲੇ ਤਿੰਨ ਦਿਨ ਤਕ ਅਜਿਹੀ ਹੀ ਮੌਸਮ ਬਣਿਆ ਰਹਿਣ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਕਾਰਨ ਇਸ ਹਫ਼ਤੇ ਵੀ ਮੌਸਮ ਰਾਹਤ ਭਰਿਆ ਰਹੇਗਾ। ਤਾਪਮਾਨ ਆਮ ਨਾਲੋਂ ਘੱਟ ਰਹੇਗਾ ਜਦਕਿ ਧੂੜ ਭਰੀ ਹਨ੍ਹੇਰੀ ਆਉਣ ਦੀ ਸੰਭਾਵਨਾ ਹੈ। ਅਕਸਰ ਇਨ੍ਹਾਂ ਦਿਨਾਂ 'ਚ ਗਰਮ ਹਵਾਵਾਂ ਲੋਕਾਂ ਨੂੰ ਪ੍ਰੇਸ਼ਾਨ ਕਰਦੀਆਂ ਹਨ, ਪਰ ਇਸ ਸਾਲ ਹੁਣ ਤਕ ਗਰਮੀ ਦੇ ਪ੍ਰਭਾਵ ਤੋਂ ਰਾਹਤ ਮਿਲੀ ਹੈ। ਅਗਲੇ ਹਫ਼ਤੇ ਤੋਂ ਗਰਮੀ ਆਪਣਾ ਰੰਗ ਵਿਖਾ ਸਕਦੀ ਹੈ।