Punjab News: ਸੁਖਬੀਰ ਬਾਦਲ ਹੱਥ ਹੀ ਰਹੇਗੀ ਅਕਾਲੀ ਦਲ ਦੀ ਕਮਾਨ? ਅਕਾਲ ਤਖਤ ਦੇ ਹੁਕਮਾਂ ਮਗਰੋਂ ਨਵੇਂ ਜੋੜ-ਤੋੜ
ਬਾਦਲ ਪਰਿਵਾਰ ਦੇ ਵਫਾਦਾਰ ਲੀਡਰ ਹਰ ਹਾਲਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੁਖਬੀਰ ਬਾਦਲ ਦੇ ਹੱਥ ਹੀ ਰੱਖਣਾ ਚਾਹੁੰਦੇ ਹਨ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਚੁਣਨ ਦੇ ਜਾਰੀ ਹੁਕਮਾਂ ਮਗਰੋਂ ਬੇਸ਼ੱਕ...
Punjab News: ਬਾਦਲ ਪਰਿਵਾਰ ਦੇ ਵਫਾਦਾਰ ਲੀਡਰ ਹਰ ਹਾਲਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੁਖਬੀਰ ਬਾਦਲ ਦੇ ਹੱਥ ਹੀ ਰੱਖਣਾ ਚਾਹੁੰਦੇ ਹਨ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਚੁਣਨ ਦੇ ਜਾਰੀ ਹੁਕਮਾਂ ਮਗਰੋਂ ਬੇਸ਼ੱਕ ਬਾਦਲ ਧੜੇ ਲਈ ਕਸੂਤੀ ਸਥਿਤੀ ਬਣ ਗਈ ਹੈ ਪਰ ਉਨ੍ਹਾਂ ਨੇ ਅਜੇ ਵੀ ਹਥਿਆਰ ਨਹੀਂ ਸੁੱਟੇ। ਇਸ ਲਈ ਹੀ ਸੁਖਬੀਰ ਬਾਦਲ ਤੇ ਹੋਰ ਲੀਡਰਾਂ ਦੇ ਅਸਤੀਫੇ ਸਵੀਕਾਰ ਨਹੀਂ ਕੀਤੇ ਜਾ ਰਹੇ।
ਦੱਸ ਦਈਏ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਮੀਟਿੰਗ ਦੌਰਾਨ ਪੰਜ ਸਿੰਘ ਸਾਹਿਬਾਨ ਨੇ ਫੈਸਲਾ ਕੀਤਾ ਸੀ ਕਿ ਤਿੰਨ ਦਿਨਾਂ ਦੇ ਅੰਦਰ-ਅੰਦਰ ਅਕਾਲੀ ਦਲ ਕੋਰ ਕਮੇਟੀ ਮੈਂਬਰਾਂ ਦੇ ਸਾਰੇ ਅਸਤੀਫ਼ੇ ਪ੍ਰਵਾਨ ਕਰਕੇ ਇਸ ਦੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਦਿੱਤੀ ਜਾਵੇ। ਇਸ 'ਤੇ ਅਕਾਲੀ ਦਲ ਨੇ ਸੁਖਬੀਰ ਬਾਦਲ ਸਮੇਤ ਕੋਰ ਕਮੇਟੀ ਮੈਂਬਰਾਂ ਤੋਂ ਸਜ਼ਾ ਪੂਰੀ ਹੋਣ ਤੱਕ ਦਾ ਸਮਾਂ ਮੰਗਿਆ ਸੀ। ਇਸ ਨੂੰ ਪ੍ਰਵਾਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਕਾਲੀ ਦਲ ਨੂੰ ਕੁਝ ਸਮਾਂ ਦਿੱਤਾ ਸੀ। ਹੁਣ ਕਾਫੀ ਸਮਾਂ ਲੰਘ ਗਿਆ ਹੈ ਪਰ ਕੋਰ ਕਮੇਟੀ ਨੇ ਕੋਈ ਕਾਰਵਾਈ ਨਹੀਂ ਕੀਤੀ।
ਤਾਜ਼ਾ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਜਨਵਰੀ ਦੇ ਪਹਿਲੇ ਹਫ਼ਤੇ ਬੁਲਾਈ ਜਾ ਸਕਦੀ ਹੈ। ਇਸ ਤੋਂ ਪਹਿਲਾਂ ਬਾਦਲ ਪਰਿਵਾਰ ਪੱਖੀ ਲੀਡਰਾਂ ਦਾ ਪੂਰਾ ਜ਼ੋਰ ਲੱਗਾ ਹੈ ਕਿ ਸੁਖਬੀਰ ਬਾਦਲ ਹੱਥ ਹੀ ਪਾਰਟੀ ਦੀ ਕਮਾਨ ਰਹੇ। ਇਸ ਕਰਕੇ ਹੀ ਕੋਰ ਕਮੇਟੀ ਦੁਚਿੱਤੀ ਵਿੱਚ ਹੈ ਕਿ ਸੁਖਬੀਰ ਬਾਦਲ ਦਾ ਅਸਤੀਫਾ ਸਵੀਕਾਰ ਕੀਤਾ ਜਾਏ ਜਾਂ ਨਹੀਂ। ਸੂਤਰਾਂ ਮੁਤਾਬਕ ਸੁਖਬੀਰ ਬਾਦਲ ਦੇ ਮੁੜ ਪ੍ਰਧਾਨ ਚੁਣੇ ਜਾਣ ਦੇ ਯਕੀਨ ਮਗਰੋਂ ਹੀ ਉਨ੍ਹਾਂ ਦਾ ਅਸਤੀਫਾ ਸਵੀਕਾਰ ਕੀਤਾ ਜਾਏਗਾ।
ਅਕਾਲੀ ਦਲ ਦੇ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨੇ ਇੱਕ ਇੰਟਰਵਿਊ ਦੌਰਾਨ ਸੰਕੇਤ ਦਿੱਤੇ ਕਿ ਜਲਦ ਹੀ ਫੈਸਲਾ ਲਿਆ ਜਾਏਗਾ। ਉਨ੍ਹਾਂ ਨੇ ਵੀ ਆਪਣੀ ਇੰਟਰਵਿਊ ਵਿੱਚ ਸੁਖਬੀਰ ਬਾਦਲ ਦੇ ਅਸਤੀਫੇ ਦਾ ਕਾਰਨ ਵੀ ਦੱਸਿਆ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਚਾਹੁੰਦੇ ਹਨ ਕਿ ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਮੁੜ ਚੋਣਾਂ ਕਰਵਾਈਆਂ ਜਾਣ ਤੇ ਚੋਣ ਪ੍ਰਕਿਰਿਆ ਰਾਹੀਂ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਹੁਣ ਕੋਰ ਕਮੇਟੀ ਨੂੰ ਇਸ ਬਾਰੇ ਫੈਸਲਾ ਲੈ ਕੇ ਆਪਣੀ ਰਿਪੋਰਟ ਦੇਣ ਲਈ ਕਿਹਾ ਹੈ।
ਦਰਅਸਲ ਤਕਰੀਬਨ 104 ਸਾਲ ਪੁਰਾਣਾ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜਰ ਰਿਹਾ ਹੈ। ਲਗਾਤਾਰ ਕਈ ਚੋਣਾਂ ਹਾਰਨ ਮਗਰੋਂ ਲੀਡਰਸ਼ਿਪ ਬਦਲਣ ਦਾ ਮੁੱਦਾ ਜ਼ੋਰ ਫੜ ਗਿਆ ਹੈ। ਇਸ ਲਈ ਪਾਰਟੀ ਦੇ ਅੰਦਰੋਂ ਇੱਕ ਧੜੇ ਨੇ ਕਾਫੀ ਸਮੇਂ ਤੋਂ ਝੰਡਾ ਚੁੱਕਿਆ ਹੋਇਆ ਹੈ। ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਪਾਰਟੀ ਦੀ ਲੀਡਰਸ਼ਿਪ ਨਵੇਂ ਸਿਰੇ ਤੋਂ ਚੁਣਨ ਦੀ ਹਦਾਇਤ ਕੀਤੀ ਹੈ।