ਸ਼ਹੀਦ ਫੌਜੀ ਦੇ ਬੇਟੇ ਨੂੰ ਨੌਕਰੀ ਦੇਣ ਤੋਂ ਇਨਕਾਰ, ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ‘ਤਰਸ ਦੇ ਆਧਾਰ ’ਤੇ’ ਬਣਾਇਆ ਇੰਸਪੈਕਟਰ ਤੇ ਨਾਇਬ ਤਹਿਸੀਲਦਾਰ
ਪੰਜਾਬ ਅੰਦਰ ਸ਼ਹੀਦਾਂ ਦੇ ਬੱਚੇ ਰੁਲ ਰਹੇ ਹਨ ਪਰ ਕੈਪਟਨ ਸਰਕਾਰ ਕੁਰਬਾਨੀਆਂ ਦੇ ਨਾਂ 'ਤੇ ਵਿਧਾਇਕਾਂ ਦੇ ਫਰਜ਼ੰਦਾਂ ਨੂੰ ਨੌਕਰੀਆਂ ਦੇ ਰਹੀ ਹੈ। ਮਾਮਲਾ ਭਖਣ ਮਗਰੋਂ ਸੂਬੇ ਵਿੱਚ ਕਈ ਕੇਸ ਸਾਹਮਣੇ ਆ ਰਹੇ ਹਨ ਜਿੱਥੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲਿਆਂ ਦੀ ਔਲਾਦ ਬੇਰੁਜਗਾਰ ਫਿਰ ਰਹੀ ਹੈ।
ਚੰਡੀਗੜ੍ਹ: ਪੰਜਾਬ ਅੰਦਰ ਸ਼ਹੀਦਾਂ ਦੇ ਬੱਚੇ ਰੁਲ ਰਹੇ ਹਨ ਪਰ ਕੈਪਟਨ ਸਰਕਾਰ ਕੁਰਬਾਨੀਆਂ ਦੇ ਨਾਂ 'ਤੇ ਵਿਧਾਇਕਾਂ ਦੇ ਫਰਜ਼ੰਦਾਂ ਨੂੰ ਨੌਕਰੀਆਂ ਦੇ ਰਹੀ ਹੈ। ਮਾਮਲਾ ਭਖਣ ਮਗਰੋਂ ਸੂਬੇ ਵਿੱਚ ਕਈ ਕੇਸ ਸਾਹਮਣੇ ਆ ਰਹੇ ਹਨ ਜਿੱਥੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲਿਆਂ ਦੀ ਔਲਾਦ ਬੇਰੁਜਗਾਰ ਫਿਰ ਰਹੀ ਹੈ।
ਮਾਨਸਾ ਜ਼ਿਲ੍ਹੇ ਦੇ ਪਿੰਡ ਮੰਡਾਲੀ ਵਿੱਚੋਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਸ਼ਹੀਦ ਫੌਜੀ ਦੇ ਬੇਟੇ ਰਣਜੀਤ ਸਿੰਘ ਨੂੰ ਹਾਲੇ ਤੱਕ ਨੌਕਰੀ ਨਹੀਂ ਮਿਲ ਸਕੀ। ਰਣਜੀਤ ਦੇ ਪਿਤਾ ਹਰਭਜਨ ਸਿੰਘ ‘ਆਪ੍ਰੇਸ਼ਨ ਰਕਸ਼ਕ’ ਵਿੱਚ ਅੱਤਵਾਦੀਆਂ ਨਾਲ ਲੜੇ ਸਨ। ਉਹ 1995 ਦੌਰਾਨ ਕਸ਼ਮੀਰ ਵਿੱਚ ਅੱਤਵਾਦੀਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਸ਼ਹੀਦ ਹੋ ਗਏ ਸਨ।
ਹੈਰਾਨੀ ਦੀ ਗੱਲ ਹੈ ਕਿ ਇਸ ਸ਼ਹੀਦ ਫ਼ੌਜੀ ਜਵਾਨ ਦੇ ਪੁੱਤਰ ਨੂੰ ਇਹ ਆਖ ਕੇ ਨੌਕਰੀ ਦੇਣ ਤੋਂ ਸਾਫ਼ ਨਾਂਹ ਕਰ ਦਿੱਤੀ ਗਈ ਸੀ ਕਿ ‘ਤਰਸ ਦੇ ਅਧਾਰ 'ਤੇ’ ਉਸ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾ ਸਕਦੀ। ਹੁਣ ਕੈਪਟਨ ਸਰਕਾਰ ਨੇ ਤਰਸ ਦੇ ਆਧਾਰ 'ਤੇ ਦੋ ਵਿਧਾਇਕਾਂ ਦੇ ਬੇਟਿਆਂ ਨੂੰ ਨਾਇਬ ਤਹਿਸੀਲਦਾਰ ਤੇ ਇੰਸਪੈਕਟਰ ਦੇ ਤੌਰ' ਤੇ ਭਰਤੀ ਕੀਤਾ ਹੈ।
ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਹਰੇਕ ਘਰ ਦੇ ਘੱਟੋ-ਘੱਟ ਇੱਕ ਮੈਂਬਰ ਨੂੰ ਨੌਕਰੀ ਜ਼ਰੂਰ ਦਿੱਤੀ ਜਾਵੇਗੀ ਪਰ ਹੁਣ ਪੰਜਾਬ ਦੇ ਲੋਕਾਂ ਨੂੰ ਘਰ-ਘਰ ਨੌਕਰੀਆਂ ਤਾਂ ਨਹੀਂ ਮਿਲੀਆਂ ਪਰ ਕੈਪਟਨ ਨੇ ਨਿਸ਼ਚਤ ਤੌਰ ‘ਤੇ ਆਪਣੇ ਵਿਧਾਇਕਾਂ ਦੇ ਪੁੱਤਰਾਂ ਨੂੰ ਉੱਚ ਦਰਜੇ ਦੀਆਂ ਨੌਕਰੀਆਂ ਦੇ ਦਿੱਤੀਆਂ ਹਨ।
ਸ਼ਹੀਦ ਫ਼ੌਜੀ ਜਵਾਨ ਦੇ ਪੁੱਤਰ ਰਣਜੀਤ ਸਿੰਘ ਨੇ ਦੱਸਿਆ ਕਿ ਉਹ 3 ਸਾਲਾਂ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਦੀ ਸ਼ਹਾਦਤ ਹੋਈ ਸੀ। ਉਨ੍ਹਾਂ ਨੇ ‘ਤਰਸ ਦੇ ਅਧਾਰ 'ਤੇ’ ਪੰਜਾਬ ਸਰਕਾਰ ਤੋਂ 2017 ਵਿੱਚ ਨੌਕਰੀ ਮੰਗੀ ਸੀ ਪਰ ਸਰਕਾਰ ਨੇ ਉਸ ਨੂੰ ਨੌਕਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜਦੋਂਕਿ ਉਹ ਬੀਏ ਬੀਐਡ ਈਟੀਟੀ ਤੇ ਟੈਟ ਪਾਸ ਹਨ।
ਹੁਣ ਕੈਪਟਨ ਸਰਕਾਰ ‘ਚੋਰ ਮੋਰੀ’ ਰਾਹੀਂ ਆਪਣੇ ਅਜ਼ੀਜ਼ਾਂ ਨੂੰ ਨੌਕਰੀਆਂ ਦੇ ਰਹੀ ਹੈ। ਸ਼ਹੀਦ ਦੀ ਵਿਧਵਾ ਪਤਨੀ ਨੇ ਵੀ ਸਰਕਾਰ ’ਤੇ ਇਹ ਵੀ ਦੋਸ਼ ਲਾਇਆ ਹੈ ਕਿ ਕੈਪਟਨ ਸਰਕਾਰ ਲੋੜਵੰਦ ਲੋਕਾਂ ਨੂੰ ਨੌਕਰੀਆਂ ਨਹੀਂ ਦੇ ਰਹੀ ਪਰ ਉਹ ਅਮੀਰ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇ ਸਕਦੀ ਹੈ।