ਡੋਨਾਲਡ ਟਰੰਪ ਨੂੰ ਮਿਲੇ ਨੋਬਲ ਪੁਰਸਕਾਰ... ਅਮਰੀਕੀ ਸੰਸਦ ਮੈਂਬਰ ਨੇ ਕੀਤਾ ਨਾਮਜ਼ਦ, ਕਿਹਾ- 'ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗ ਰੋਕੀ'
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਜ਼ਰਾਈਲ ਅਤੇ ਈਰਾਨ ਵਿਚਾਲੇ ਸੀਜ਼ਫ਼ਾਇਰ ਕਰਵਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਲਈ 2025 ਦੇ ਨੋਬਲ ਸ਼ਾਂਤੀ ਇਨਾਮ ਲਈ ਨਾਮਜ਼ਦ ਕੀਤਾ ਗਿਆ ਹੈ। ਯੂਐੱਸ ਹਾਊਸ ਦੇ ....

Donald Trump: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਜ਼ਰਾਈਲ ਅਤੇ ਈਰਾਨ ਵਿਚਾਲੇ ਸੀਜ਼ਫ਼ਾਇਰ ਕਰਵਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਲਈ 2025 ਦੇ ਨੋਬਲ ਸ਼ਾਂਤੀ ਇਨਾਮ ਲਈ ਨਾਮਜ਼ਦ ਕੀਤਾ ਗਿਆ ਹੈ।
ਯੂਐਸ ਹਾਊਸ ਦੇ ਪ੍ਰਤੀਨਿਧੀ ਬੱਡੀ ਕਾਰਟਰ ਨੇ ਨੋਬਲ ਪੀਸ ਪ੍ਰਾਈਜ਼ ਕਮੇਟੀ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਮਿਡਲ ਈਸਟ ਸੰਘਰਸ਼ ਨੂੰ ਸੁਲਝਾਉਣ ਵਿੱਚ ਡੋਨਾਲਡ ਟਰੰਪ ਦੀ ਭੂਮਿਕਾ ਬਾਰੇ ਦੱਸਿਆ ਹੈ। ਕਾਰਟਰ ਨੇ ਆਪਣੇ ਪੱਤਰ ਵਿੱਚ ਜ਼ੋਰ ਦਿੱਤਾ ਕਿ ਟਰੰਪ ਨੇ ਇਜ਼ਰਾਈਲ ਅਤੇ ਈਰਾਨ ਵਿਚਕਾਰ ਸੰਘਰਸ਼ ਵਿਰਾਮ (ਸੀਜ਼ਫਾਇਰ) ਕਰਵਾਉਣ ਵਿੱਚ ਅਤੇ ਈਰਾਨ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਵਿੱਚ "ਅਸਧਾਰਨ ਅਤੇ ਇਤਿਹਾਸਕ" ਭੂਮਿਕਾ ਨਿਭਾਈ। ਉਨ੍ਹਾਂ ਨੇ ਕਿਹਾ ਕਿ ਟਰੰਪ ਦੀ ਅਗਵਾਈ ਨੇ ਇੱਕ ਅਜਿਹਾ ਸਮਝੌਤਾ ਕਰਨ ਵਿੱਚ ਮਦਦ ਕੀਤੀ ਜੋ ਬਹੁਤ ਸਾਰੇ ਲੋਕਾਂ ਨੂੰ ਅਸੰਭਵ ਲੱਗਦਾ ਸੀ, ਅਤੇ ਇਹ ਨੋਬਲ ਪੀਸ ਪ੍ਰਾਈਜ਼ ਦੇ ਆਦਰਸ਼ਾਂ—ਸ਼ਾਂਤੀ ਦੀ ਖੋਜ, ਜੰਗ ਦੀ ਰੋਕਥਾਮ, ਅਤੇ ਅੰਤਰਰਾਸ਼ਟਰੀ ਸਦਭਾਵਨਾ ਨੂੰ ਅੱਗੇ ਵਧਾਉਣ—ਦਾ ਪ੍ਰਤੀਕ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕਾ ਦੇ ਅੰਦਰ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਇਨਾਮ ਦੇਣ ਦੀ ਮੰਗ ਕੀਤੀ ਗਈ ਹੋਵੇ। ਇਸ ਸਾਲ ਦੀ ਸ਼ੁਰੂਆਤ 'ਚ ਯੂਐੱਸ ਸਾਂਸਦ ਡੈਰੇਲ ਇਸਾ ਨੇ ਵੀ ਟਰੰਪ ਦੀ 2024 ਦੀ ਚੋਣੀ ਜਿੱਤ ਦੇ ਗਲੋਬਲ ਅਸਰ ਦਾ ਹਵਾਲਾ ਦਿੰਦਿਆਂ ਉਨ੍ਹਾਂ ਦਾ ਨਾਂ ਨੋਬਲ ਸ਼ਾਂਤੀ ਇਨਾਮ ਲਈ ਨਾਮਜ਼ਦ ਕੀਤਾ ਸੀ।
ਈਰਾਨ-ਇਜ਼ਰਾਈਲ ਸੀਜ਼ਫ਼ਾਇਰ 'ਤੇ ਟਰੰਪ ਦਾ ਦਾਅਵਾ
ਈਰਾਨ ਅਤੇ ਇਜ਼ਰਾਈਲ ਵਿਚਾਲੇ ਲਗਾਤਾਰ 12 ਦਿਨ ਚੱਲੀ ਲੜਾਈ ਤੋਂ ਬਾਅਦ ਅਮਰੀਕਾ ਅਤੇ ਕਤਾਰ ਦੀ ਵਿਚੋਲਗੀ ਨਾਲ ਮੰਗਲਵਾਰ ਯਾਨੀਕਿ 24 ਜੂਨ ਨੂੰ ਸੀਜ਼ਫ਼ਾਇਰ ਹੋ ਗਿਆ ਹੈ। ਟਰੰਪ ਨੇ ਕਿਹਾ, "ਸਭ ਨੂੰ ਵਧਾਈ ਹੋਵੇ, ਈਰਾਨ ਅਤੇ ਇਜ਼ਰਾਈਲ ਵਿਚਾਲੇ ਪੂਰੀ ਤੇ ਆਖਰੀ ਸੀਜ਼ਫ਼ਾਇਰ 'ਤੇ ਸਹਿਮਤੀ ਬਣ ਗਈ ਹੈ। ਇਜ਼ਰਾਈਲ ਅਤੇ ਈਰਾਨ ਲਗਭਗ ਇਕੱਠੇ ਮੇਰੇ ਕੋਲ ਆਏ ਤੇ ਸ਼ਾਂਤੀ ਦੀ ਅਪੀਲ ਕੀਤੀ। ਮੈਨੂੰ ਪਤਾ ਸੀ ਕਿ ਹੁਣ ਸਮਾਂ ਆ ਗਿਆ ਹੈ। ਦੁਨੀਆਂ ਅਤੇ ਪੱਛਮੀ ਏਸ਼ੀਆ ਹੀ ਅਸਲੀ ਜੇਤੂ ਹਨ।"
ਟਰੰਪ ਨੂੰ ਨੋਬਲ ਸ਼ਾਂਤੀ ਇਨਾਮ ਦੇਣ ਦੀ ਪਾਕਿ ਨੇ ਵੀ ਕੀਤੀ ਸਿਫ਼ਾਰਿਸ਼
ਪਾਕਿਸਤਾਨ ਨੇ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਇਨਾਮ ਦਿੱਤੇ ਜਾਣ ਦੀ ਸਿਫ਼ਾਰਿਸ਼ ਕੀਤੀ ਹੈ। ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਨਾਰਵੇ ਵਿੱਚ ਨੋਬਲ ਸ਼ਾਂਤੀ ਇਨਾਮ ਕਮੇਟੀ ਨੂੰ ਇੱਕ ਰਸਮੀ ਪੱਤਰ ਭੇਜਿਆ ਹੈ, ਜਿਸ ਵਿੱਚ ਹਾਲ ਹੀ ਵਿੱਚ ਭਾਰਤ-ਪਾਕਿਸਤਾਨ ਫੌਜੀ ਟਕਰਾਅ ਦੌਰਾਨ ਟਰੰਪ ਦੇ ਫੈਸਲੇਕੁੰਨ ਕੂਟਨੀਤਿਕ ਦਖਲ ਦੇ ਆਧਾਰ 'ਤੇ ਉਨ੍ਹਾਂ ਨੂੰ ਇਹ ਪ੍ਰਤਿਸ਼ਠਤ ਇਨਾਮ ਦਿੱਤਾ ਜਾਣ ਦੀ ਸਿਫ਼ਾਰਿਸ਼ ਕੀਤੀ ਗਈ ਹੈ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਸੀਜ਼ਫ਼ਾਇਰ ਦਾ ਕਰੈਡਿਟ ਅਮਰੀਕੀ ਰਾਸ਼ਟਰਪਤੀ ਟਰੰਪ ਕਈ ਵਾਰ ਖੁਦ ਨੂੰ ਦੇ ਚੁੱਕੇ ਹਨ। ਹਾਲਾਂਕਿ ਭਾਰਤ ਨੇ ਹਰ ਮੌਕੇ ਇਹ ਸਾਫ ਕੀਤਾ ਹੈ ਕਿ ਪਾਕਿਸਤਾਨ ਦੇ ਡੀਜੀਐਮਓ ਨੇ ਭਾਰਤ ਦੇ ਡੀਜੀਐਮਓ ਨਾਲ ਗੱਲ ਕਰਕੇ ਕਈ ਵਾਰ ਸੀਜ਼ਫ਼ਾਇਰ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਭਾਰਤ ਨੇ ਸੀਜ਼ਫ਼ਾਇਰ ਲਈ ਸਹਿਮਤੀ ਦਿੱਤੀ ਸੀ।






















