Musk-Trump Fight: ਅਮਰੀਕੀ ਰਾਸ਼ਟਰਪਤੀ ਦੀ ਨਾਰਾਜ਼ਗੀ 'ਤੇ ਭੜਕੇ ਐਲਨ ਮਸਕ, ਬੋਲੇ- 'ਜੇ ਮੈਂ ਨਾ ਹੁੰਦਾ ਤਾਂ ਟਰੰਪ ਚੋਣ ਨਹੀਂ ਜਿੱਤ ਪਾਉਂਦੇ'
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਟੈਸਲਾ ਦੇ ਸੀਈਓ ਐਲਨ ਮਸਕ (Tesla CEO Elon Musk) ਰਿਪਬਲਿਕਨ ਟੈਕਸ ਬਿੱਲ ਨੂੰ ਲੈ ਕੇ ਆਮਣੇ-ਸਾਹਮਣੇ ਆ ਗਏ ਹਨ। ਦੋਹਾਂ ਦੀ ਦੋਸਤੀ 'ਚ ਹੁਣ ਦਰਾਰ ਦਿਖਾਈ ਦੇ ਰਹੀ ਹੈ।

Musk-Trump Fight: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਟੈਸਲਾ ਦੇ ਸੀਈਓ ਐਲਨ ਮਸਕ (Tesla CEO Elon Musk) ਰਿਪਬਲਿਕਨ ਟੈਕਸ ਬਿੱਲ ਨੂੰ ਲੈ ਕੇ ਆਮਣੇ-ਸਾਹਮਣੇ ਆ ਗਏ ਹਨ। ਦੋਹਾਂ ਦੀ ਦੋਸਤੀ 'ਚ ਹੁਣ ਦਰਾਰ ਦਿਖਾਈ ਦੇ ਰਹੀ ਹੈ। ਟੈਕਸ ਬਿੱਲ ਨੂੰ ਲੈ ਕੇ ਜਦੋਂ ਟਰੰਪ ਨੇ ਆਪਣੀ ਨਾਰਾਜ਼ਗੀ ਜਾਹਰ ਕੀਤੀ, ਤਾਂ ਐਲਨ ਮਸਕ ਨੇ ਵੀ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਜੇ ਉਹ ਨਾ ਹੁੰਦੇ ਤਾਂ ਟਰੰਪ ਚੋਣ ਨਹੀਂ ਜਿੱਤ ਸਕਦੇ।
ਮੇਰੇ ਬਿਨਾ ਟਰੰਪ ਚੋਣ ਹਾਰ ਜਾਂਦੇ-ਐਲਨ ਮਸਕ
ਐਲਨ ਮਸਕ ਨੇ ਐਕਸ 'ਤੇ ਲਿਖਿਆ, "ਮੇਰੇ ਬਿਨਾ ਟਰੰਪ ਚੋਣ ਹਾਰ ਜਾਂਦੇ, ਡੈਮੋਕ੍ਰੈਟਸ ਹਾਊਸ 'ਤੇ ਕਬਜ਼ਾ ਕਰ ਲੈਂਦੇ ਅਤੇ ਰਿਪਬਲਿਕਨ ਸੀਨੇਟ ਵਿੱਚ ਸਿਰਫ਼ 51-49 ਹੁੰਦੇ।" ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਐਲਨ ਮਸਕ ਤੋਂ ਬਹੁਤ ਨਿਰਾਸ਼ ਹਨ ਕਿਉਂਕਿ ਮਸਕ ਨੇ ਰਿਪਬਲਿਕਨ ਟੈਕਸ ਬਿੱਲ ਦਾ ਵਿਰੋਧ ਕੀਤਾ ਹੈ। ਟਰੰਪ ਨੇ ਇਹ ਵੀ ਕਿਹਾ ਕਿ ਐਲਨ ਮਸਕ ਨੂੰ ਵ੍ਹਾਈਟ ਹਾਉਸ ਦੀ ਯਾਦ ਆਉਂਦੀ ਹੈ ਅਤੇ ਉਹ "ਟਰੰਪ ਡਿਰੇਂਜਮੈਂਟ ਸਿੰਡਰੋਮ" ਨਾਲ ਪੀੜਤ ਹਨ। ਨਿਊਜ਼ ਏਜੰਸੀ ਐਸੋਸੀਏਟਡ ਪ੍ਰੈੱਸ ਅਨੁਸਾਰ, ਟਰੰਪ ਨੇ ਕਿਹਾ, "ਮੈਂ ਐਲਨ ਤੋਂ ਬਹੁਤ ਨਿਰਾਸ਼ ਹਾਂ। ਮੈਂ ਉਸਦੀ ਬਹੁਤ ਮਦਦ ਕੀਤੀ ਸੀ।"
ਅਮਰੀਕੀ ਰਾਸ਼ਟਰਪਤੀ ਵੱਲੋਂ ਆਪਣੇ ਨੇੜਲੇ ਦੋਸਤ ਐਲਨ ਮਸਕ ਦੀ ਆਲੋਚਨਾ ਉਸ ਵੇਲੇ ਕੀਤੀ ਗਈ, ਜਦੋਂ ਕੁਝ ਦਿਨ ਪਹਿਲਾਂ ਟੈਸਲਾ ਦੇ ਸੀਈਓ ਨੇ ਅਮਰੀਕੀ ਰਾਸ਼ਟਰਪਤੀ ਦੇ ਖਰਚ ਬਿੱਲ ਦਾ ਵਿਰੋਧ ਕੀਤਾ ਸੀ ਅਤੇ ਇਸਨੂੰ "ਘਿਨੌਣਾ" ਕਰਾਰ ਦਿੱਤਾ ਸੀ।
ਐਲਨ ਮਸਕ ਨੇ ਕੀ ਕਿਹਾ ਸੀ?
ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, “ਮੈਨੂੰ ਅਫ਼ਸੋਸ ਹੈ, ਪਰ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ। ਇਹ ਭਾਰੀ-ਭਰਕਮ, ਬੇਇੱਜਤ ਕਰਨ ਵਾਲਾ, ਅਤੇ ਘਿਣ ਨਾਲ ਭਰਿਆ ਹੋਇਆ ਕਾਂਗਰਸ ਦਾ ਖਰਚ ਬਿੱਲ ਹੈ। ਉਨ੍ਹਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਨ੍ਹਾਂ ਨੇ ਇਸ ਲਈ ਵੋਟ ਦਿੱਤਾ – ਤੁਸੀਂ ਜਾਣਦੇ ਹੋ ਕਿ ਤੁਸੀਂ ਗਲਤ ਕੀਤਾ ਹੈ।”
ਬਿੱਲ ਦੀ ਕੜੀ ਆਲੋਚਨਾ ਕਰਦਿਆਂ ਐਲਨ ਮਸਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੰਸਦ ਮੈਂਬਰਾਂ ਨਾਲ ਸੰਪਰਕ ਕਰਕੇ ਇਸ ਕਾਨੂੰਨ ਨੂੰ ਰੱਦ ਕਰਵਾਉਣ ਦੀ ਮੰਗ ਕਰਨ। ਉਨ੍ਹਾਂ ਲਿਖਿਆ, “ਇਸ ਖਰਚ ਬਿੱਲ ਵਿੱਚ ਅਮਰੀਕੀ ਇਤਿਹਾਸ ਵਿੱਚ ਕਰਜ਼ ਦੀ ਸੀਮਾ ਵਿੱਚ ਸਭ ਤੋਂ ਵੱਡਾ ਵਾਧਾ ਸ਼ਾਮਲ ਹੈ! ਇਹ ਇਕ ‘ਕਰਜ਼ ਗੁਲਾਮੀ ਬਿੱਲ’ ਹੈ।”
ਵ੍ਹਾਈਟ ਹਾਊਸ ਨੇ ਕੀ ਕਿਹਾ?
ਐਲਨ ਮਸਕ ਦੀ ਆਲੋਚਨਾ ਇਸ ਵਕਤ ਆਈ ਹੈ ਜਦੋਂ ਟਰੰਪ ਖੁਦ ਸੀਨੇਟ ਵਿੱਚ ਰਿਪਬਲਿਕਨ ਬਿੱਲ ਦੀ ਹਮਾਇਤ ਕਰ ਰਹੇ ਹਨ। ਵ੍ਹਾਈਟ ਹਾਊਸ ਨੇ ਮਸਕ ਦੀ ਸਾਰਵਜਨਿਕ ਆਲੋਚਨਾ ਬਾਰੇ ਕਿਹਾ ਕਿ ਰਾਸ਼ਟਰਪਤੀ ਆਪਣੀ ਰਾਏ ਨਹੀਂ ਬਦਲਣਗੇ।
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੇਵਿਟ ਨੇ ਕਿਹਾ, "ਰਾਸ਼ਟਰਪਤੀ ਪਹਿਲਾਂ ਹੀ ਜਾਣਦੇ ਹਨ ਕਿ ਐਲਨ ਮਸਕ ਇਸ ਬਿੱਲ ਬਾਰੇ ਕੀ ਵਿਚਾਰ ਰੱਖਦੇ ਹਨ। ਇਸ ਨਾਲ ਰਾਸ਼ਟਰਪਤੀ ਦੀ ਰਾਏ ਨਹੀਂ ਬਦਲਦੀ। ਇਹ ਇੱਕ ਵੱਡਾ ਸੁੰਦਰ ਬਿੱਲ ਹੈ ਅਤੇ ਉਹ ਇਸ 'ਤੇ ਅੜੇ ਹੋਏ ਹਨ।"




















