ਅਮਰੀਕਾ ’ਚ ਭਾਰਤੀ ਜਥੇਬਦੀਆਂ ਦਾ ਕਾਰਾ! ਕੋਰੋਨਾ ਦੇ ਨਾਂ 'ਤੇ ਕੀਤੇ ਕਰੋੜਾਂ ਰੁਪਏ ਇਕੱਠੇ
‘ਅਲ ਜਜ਼ੀਰਾ’ ਵੱਲੋਂ ਹੀ ਪ੍ਰਕਾਸ਼ਿਤ ਕੀਤੇ ਗਏ ਕੁਲੀਸ਼ਨ ਦੇ ਇੱਕ ਬਿਆਨ ’ਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ’ਚ ਜਿਹੜੀਆਂ ਜੱਥੇਬੰਦੀਆਂ ਨੇ ਕੋਰੋਨਾ ਵਾਇਰਸ ਦੇ ਨਾਂ ਉੱਤੇ ਫ਼ੰਡ ਇਕੱਠੇ ਕੀਤੇ ਹਨ, ਉਨ੍ਹਾਂ ਦੇ ਭਾਰਤ ਦੀ ‘ਰਾਸ਼ਟਰੀ ਸਵੈਮਸੇਵਕ ਸੰਘ’ (ਆਰਐਸਐਸ RSS) ਨਾਲ ਸਿੱਧੇ ਸਬੰਧ ਹਨ।
ਮਹਿਤਾਬ-ਉਦ-ਦੀਨ
ਚੰਡੀਗੜ੍ਹ/ਵਾਸ਼ਿੰਗਟਨ ਡੀਸੀ: ਅਮਰੀਕਾ ’ਚ ਪ੍ਰਵਾਸੀ ਭਾਰਤੀਆਂ ਦੀਆਂ ਕੁਝ ਜੱਥੇਬੰਦੀਆਂ ਵੱਲੋਂ ਕਥਿਤ ਤੌਰ ’ਤੇ ਕੋਰੋਨਾਵਾਇਰਸ ਦਾ ਖ਼ਾਤਮਾ ਕਰਨ ਦੇ ਨਾਂ ਉੱਤੇ ਕਰੋੜਾਂ ਰੁਪਏ ਇਕੱਠੇ ਕਰਨ ਬਾਰੇ ‘ਅਲ ਜਜ਼ੀਰਾ’ ਵੱਲੋਂ ਪ੍ਰਕਾਸ਼ਿਤ ਤੇ ਪ੍ਰਸਾਰਿਤ ਰਿਪੋਰਟ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਨੇ ਜ਼ੋਰ ਫੜ ਲਿਆ ਹੈ। ‘ਕੁਲੀਸ਼ਨ ਟੂ ਸਟੌਪ ਜੈਨੋਸਾਈਡ ਇਨ ਇੰਡੀਆ’ ਨੇ ਹੁਣ ਅਮਰੀਕਾ ਦੇ ‘ਸਮਾਲ ਬਿਜ਼ਨੈਸ ਐਡਮਿਨਿਸਟ੍ਰੇਸ਼ਨ’ (SBA) ਤੋਂ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇ।
‘ਅਲ ਜਜ਼ੀਰਾ’ ਵੱਲੋਂ ਹੀ ਪ੍ਰਕਾਸ਼ਿਤ ਕੀਤੇ ਗਏ ਕੁਲੀਸ਼ਨ ਦੇ ਇੱਕ ਬਿਆਨ ’ਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ’ਚ ਜਿਹੜੀਆਂ ਜੱਥੇਬੰਦੀਆਂ ਨੇ ਕੋਰੋਨਾ ਵਾਇਰਸ ਦੇ ਨਾਂ ਉੱਤੇ ਫ਼ੰਡ ਇਕੱਠੇ ਕੀਤੇ ਹਨ, ਉਨ੍ਹਾਂ ਦੇ ਭਾਰਤ ਦੀ ‘ਰਾਸ਼ਟਰੀ ਸਵੈਮਸੇਵਕ ਸੰਘ’ (ਆਰਐਸਐਸ RSS) ਨਾਲ ਸਿੱਧੇ ਸਬੰਧ ਹਨ।
ਪਿਛਲੇ ਹਫ਼ਤੇ ਦੀ ਰਿਪੋਰਟ ਅਨੁਸਾਰ ਪ੍ਰਵਾਸੀ ਭਾਰਤੀਆਂ ਦੀਆਂ ਪੰਜ ਜੱਥੇਬੰਦੀਆਂ ਨੇ 8.33 ਲੱਖ ਡਾਲਰ ਸਿੱਧੇ ਭੁਗਤਾਨਾਂ ਤੇ ਲੋਨਜ਼ ਵਜੋਂ ਹਾਸਲ ਕੀਤੇ ਹਨ। ਦਰਅਸਲ, ਅਮਰੀਕੀ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਨਾਲ ਜੰਗ ਲੜਨ ਤੇ ਆਰਥਿਕ ਮਦਦ ਲਈ ਵਿਸ਼ੇਸ਼ ਕਰਜ਼ੇ ਵੀ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕਈ ਪੇਅਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਵੀ ਚੱਲ ਰਹੇ ਹਨ।
ਅਮਰੀਕਾ ਦੇ ਬਹੁਤ ਸਾਰੇ ਕਾਰੋਬਾਰੀ ਅਦਾਰੇ ਇਨ੍ਹਾਂ ਯੋਜਨਾਵਾਂ ਤੇ ਪ੍ਰੋਗਰਾਮਾਂ ਦਾ ਲਾਭ ਲੈ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਕਰਮਚਾਰੀਆਂ ਨੂੰ ਤਨਖ਼ਾਹਾਂ ਦੇਣ ਲਈ ਵੀ ਧਨ ਦੀ ਲੋੜ ਹੈ। ਕੁਲੀਸ਼ਨ ਦਾ ਦੋਸ਼ ਹੈ ਕਿ ਕੋਰੋਨਾ ਦੇ ਨਾਂਅ ਉੱਤੇ ਲਈਆਂ ਕਰੋੜਾਂ ਰੁਪਏ ਦੀਆਂ ਅਮਰੀਕਨ ਟੈਕਸ ਦਾਤਿਆਂ ਦੀਆਂ ਰਕਮਾਂ ਭਾਰਤ ’ਚ ਈਸਾਈਆਂ, ਮੁਸਲਮਾਨਾਂ, ਦਲਿਤਾਂ ਤੇ ਹੋਰ ਘੱਟ-ਗਿਣਤੀਆਂ ਵਿਰੁੱਧ ਪ੍ਰਚਾਰ ਉੱਤੇ ਖ਼ਰਚ ਕੀਤੀਆਂ ਜਾ ਰਹੀਆਂ ਹਨ। ‘ਇਸ ਲਈ ਇਸ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।’
‘ਇੰਡੀਅਨ ਅਮੈਰਿਕਨ ਮੁਸਲਿਮਜ਼ ਕੌਂਸਲ’ (IAMC) ਦੇ ਕਾਰਜਕਾਰੀ ਨਿਰਦੇਸ਼ਕ ਰਸ਼ੀਦ ਅਹਿਮਦ ਨੇ ਕਿਹਾ ਕਿ ਨਫ਼ਰਤ ਫੈਲਾਉਣ ਵਾਲੀਆਂ ਜੱਥੇਬੰਦੀਆਂ ਦੀਆਂ ਅਜਿਹੀਆਂ ਗਤੀਵਿਧੀਆਂ ਸੱਚਮੁਚ ਨਿਖੇਧੀਯੋਗ ਹਨ। ਇਸ ਮਾਮਲੇ ’ਚ ਅਮਰੀਕਾ ਦੇ ਇੰਸਪੈਕਟਰ ਜਨਰਲ ਵੱਲੋਂ ਜ਼ਰੂਰ ਹੀ ਜਾਂਚ ਹੋਣੀ ਚਾਹੀਦੀ ਹੈ।