'ਟਾਈਮ, ਤਰੀਕਾ ਤੇ ਕਾਰਵਾਈ ਤੈਅ ਕਰੇਗੀ ਫੌਜ': ਅਮਰੀਕਾ ਦੀ ਏਅਰਸਟਰਾਈਕ 'ਤੇ ਭੜਕਿਆ ਈਰਾਨ, UNSC 'ਚ ਹੀ ਦੇ ਦਿੱਤੀ ਧਮਕੀ
ਈਰਾਨ-ਇਜ਼ਰਾਈਲ ਜੰਗ 'ਚ ਹੁਣ ਅਮਰੀਕਾ ਵੀ ਸ਼ਾਮਲ ਹੋ ਗਿਆ ਹੈ। ਅਮਰੀਕਾ ਨੇ ਈਰਾਨ ਦੇ ਤਿੰਨ ਪਰਮਾਣੂ ਠਿਕਾਣਿਆਂ 'ਤੇ ਹਮਲਾ ਕਰ ਦਿੱਤਾ। ਇਸ ਕਾਰਨ ਈਰਾਨ ਨੇ UNSC 'ਚ ਐਮਰਜੈਂਸੀ ਮੀਟਿੰਗ ਬੁਲਾਈ, ਜਿਸ ਚ ਈਰਾਨ ਨੇ ਧਮਕੀ ਦੇ ਦਿੱਤੀ...

Iran Warns at UNSC: ਈਰਾਨ-ਇਜ਼ਰਾਈਲ ਜੰਗ 'ਚ ਹੁਣ ਅਮਰੀਕਾ ਵੀ ਸ਼ਾਮਲ ਹੋ ਗਿਆ ਹੈ। ਅਮਰੀਕਾ ਨੇ ਈਰਾਨ ਦੇ ਤਿੰਨ ਪਰਮਾਣੂ ਠਿਕਾਣਿਆਂ 'ਤੇ ਹਮਲਾ ਕਰ ਦਿੱਤਾ। ਇਸ ਕਾਰਨ ਈਰਾਨ ਨੇ ਸੰਯੁਕਤ ਰਾਸ਼ਟਰ 'ਚ ਐਮਰਜੈਂਸੀ ਮੀਟਿੰਗ ਬੁਲਾਈ। ਇਸ ਮੀਟਿੰਗ ਦੌਰਾਨ ਈਰਾਨ ਨੇ ਅਮਰੀਕਾ ਨੂੰ ਖੁੱਲ੍ਹੀ ਧਮਕੀ ਦੇ ਦਿੱਤੀ ਹੈ।
ਅਲਜਜ਼ੀਰਾ ਦੀ ਰਿਪੋਰਟ ਮੁਤਾਬਕ, ਈਰਾਨ ਨੇ ਕਿਹਾ, "ਅਮਰੀਕੀ ਹਮਲੇ ਅਤੇ ਉਸਦੇ ਇਜ਼ਰਾਈਲੀ ਸਾਥੀ ਵਿਰੁੱਧ ਆਪਣਾ ਬਚਾਅ ਕਰਨ ਲਈ ਈਰਾਨ ਦੇ ਕੋਲ ਅੰਤਰਰਾਸ਼ਟਰੀ ਕਾਨੂੰਨ ਅਧੀਨ ਪੂਰਾ ਹੱਕ ਹੈ। ਜਵਾਬੀ ਕਾਰਵਾਈ ਦਾ ਸਮਾਂ, ਤਰੀਕਾ ਅਤੇ ਪੈਮਾਨਾ ਸਾਡੀ ਫੌਜ ਤੈਅ ਕਰੇਗੀ।"
ਅਮਰੀਕਾ ਖੁਦ ਕੁੱਦਿਆ ਜੰਗ 'ਚ
ਸੰਯੁਕਤ ਰਾਸ਼ਟਰ ਵਿਚ ਈਰਾਨ ਦੇ ਰਾਜਦੂਤ ਆਮਿਰ ਸਈਦ ਇਰਾਵਾਨੀ ਨੇ ਕਿਹਾ, “ਅਮਰੀਕਾ ਨੇ ਈਰਾਨ ਦੇ ਤਿੰਨ ਪਰਮਾਣੂ ਠਿਕਾਣਿਆਂ 'ਤੇ ਹਮਲਾ ਕਰਕੇ ਖੁਦ ਨੂੰ ਜੰਗ ਵਿੱਚ ਸ਼ਾਮਲ ਕਰ ਲਿਆ ਹੈ।” ਉਨ੍ਹਾਂ ਨੇ ਅਮਰੀਕਾ 'ਤੇ ਝੂਠੇ ਤੇ ਮਨਘੜੰਤ ਬਹਾਨੇ ਬਣਾ ਕੇ ਈਰਾਨ ਨਾਲ ਜੰਗ ਛੇੜਣ ਦਾ ਦੋਸ਼ ਵੀ ਲਾਇਆ।
ਅਮਰੀਕਾ ਵੱਲੋਂ ਈਰਾਨ ਦੇ ਪਰਮਾਣੂ ਠਿਕਾਣਿਆਂ 'ਤੇ ਕੀਤੇ ਹਮਲੇ 'ਤੇ ਸੰਯੁਕਤ ਰਾਸ਼ਟਰ ਨੇ ਗੰਭੀਰ ਚਿੰਤਾ ਜਤਾਈ ਹੈ। ਸੰਯੁਕਤ ਰਾਸ਼ਟਰ ਦੇ ਮਹਾਸਚਿਵ ਐਂਟੋਨਿਓ ਗੁਟੇਰੇਸ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਕਾਰਵਾਈ “ਬਦਲੇ ਦੇ ਖਤਰਨਾਕ ਦਲਦਲ” ਵੱਲ ਲੈ ਜਾ ਸਕਦੀ ਹੈ।
ਯੂ.ਐੱਨ. ਦੀ ਐਮਰਜੈਂਸੀ ਮੀਟਿੰਗ ਦੌਰਾਨ ਮਹਾਸਚਿਵ ਗੁਟੇਰੇਸ ਨੇ ਕਿਹਾ, “ਅਮਰੀਕਾ ਵੱਲੋਂ ਈਰਾਨ ਦੀਆਂ ਨਿਊਕਲੀਅਰ ਠਿਕਾਣਿਆਂ 'ਤੇ ਹੋਏ ਹਮਲੇ ਕਾਰਨ ਮਿਡਲ ਈਸਟ ਖੇਤਰ ਇੱਕ ਅਜਿਹੇ ਖਤਰਨਾਕ ਮੋੜ 'ਤੇ ਪਹੁੰਚ ਗਿਆ ਹੈ, ਜੋ ਪਹਿਲਾਂ ਹੀ ਸੰਕਟ ਨਾਲ ਜੂਝ ਰਿਹਾ ਹੈ।”
ਈਰਾਨ ਦੇ ਵਿਦੇਸ਼ ਮੰਤਰੀ ਅਬਬਾਸ ਅਰਾਗਚੀ ਨੇ ਵੀ ਅਮਰੀਕਾ ਨੂੰ ਕੜੀ ਚੇਤਾਵਨੀ ਦਿੱਤੀ ਹੈ। ਅਰਾਗਚੀ ਨੇ ਕਿਹਾ ਕਿ ਅਮਰੀਕਾ ਨੇ ਈਰਾਨ ਦੇ ਸ਼ਾਂਤੀਪੂਰਕ ਢੰਗ ਨਾਲ ਚੱਲ ਰਹੇ ਪਰਮਾਣੂ ਠਿਕਾਣਿਆਂ 'ਤੇ ਹਮਲਾ ਕਰਕੇ ਸੰਯੁਕਤ ਰਾਸ਼ਟਰ ਘੋਸ਼ਣਾ ਪੱਤਰ, ਅੰਤਰਰਾਸ਼ਟਰੀ ਕਾਨੂੰਨ ਅਤੇ ਪਰਮਾਣੂ ਅਪ੍ਰਸਾਰ ਸੰਧੀ (NPT) ਦੀ ਗੰਭੀਰ ਉਲੰਘਣਾ ਕੀਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















