Israel Palestine War: ਇਜ਼ਰਾਈਲ ਨੇ ਉੱਤਰੀ ਗਾਜ਼ਾ ਵਿੱਚ ਹਮਲੇ ਕੀਤੇ ਤੇਜ਼, ਜ਼ਿਆਦਾਤਰ ਇਲਾਕਿਆਂ ਵਿੱਚ ਇੰਟਰਨੈੱਟ ਸੇਵਾਵਾਂ ਠੱਪ, ਹਮਾਸ ਨੇ ਨੇਤਨਯਾਹੂ ਦੇ ਇਸ ਦਾਅਵੇ ਨੂੰ ਕੀਤਾ ਖ਼ਾਰਿਜ
Israel Palestine War: ਹਮਾਸ ਦੇ ਖਿਲਾਫ਼ ਪੂਰੇ ਪੈਮਾਨੇ 'ਤੇ ਜ਼ਮੀਨੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ, ਇਜ਼ਰਾਈਲ ਆਪਣੇ ਟੈਂਕਾਂ ਦੀ ਵਰਤੋਂ ਸਮੇਤ ਗਾਜ਼ਾ ਵਿੱਚ ਛਾਪੇਮਾਰੀ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਉੱਤਰੀ ਗਾਜ਼ਾ ਇਜ਼ਰਾਇਲੀ ਹਮਲਿਆਂ ਨਾਲ ਹਿੱਲ ਗਿਆ।
Israel Palestine Conflict: ਹਮਾਸ ਅਤੇ ਇਜ਼ਰਾਈਲ ਵਿਚਾਲੇ ਜੰਗ ਸ਼ੁੱਕਰਵਾਰ (27 ਅਕਤੂਬਰ) ਨੂੰ ਆਪਣੇ 21ਵੇਂ ਦਿਨ 'ਤੇ ਪਹੁੰਚ ਗਈ। ਦੋਵਾਂ ਪਾਸਿਆਂ ਤੋਂ ਹੁਣ ਤੱਕ 8,700 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਸਮਾਚਾਰ ਏਜੰਸੀ ਏਪੀ ਮੁਤਾਬਕ ਸੰਭਾਵਿਤ ਜ਼ਮੀਨੀ ਹਮਲੇ ਤੋਂ ਪਹਿਲਾਂ ਇਜ਼ਰਾਇਲੀ ਫੌਜ ਨੇ ਇਕ ਵਾਰ ਫਿਰ ਹਮਾਸ ਦੇ ਕੰਟਰੋਲ ਵਾਲੇ ਗਾਜ਼ਾ 'ਚ ਛਾਪੇਮਾਰੀ ਕੀਤੀ। ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਦਾ ਕਹਿਣਾ ਹੈ ਕਿ ਜਲਦੀ ਹੀ ਹਮਾਸ ਦੇ ਖਿਲਾਫ਼ ਜ਼ਮੀਨੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਨਿਊਜ਼ ਏਜੰਸੀ ਏਐਫਪੀ ਨੇ ਕਿਹਾ, ਉੱਤਰੀ ਗਾਜ਼ਾ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਇਜ਼ਰਾਈਲ ਦੇ ਹਮਲਿਆਂ ਨੇ ਕਈ ਸਾਰੇ ਇਲਾਕਿਆਂ ਨੂੰ ਹਿਲਾ ਕੇ ਰੱਖ ਦਿੱਤਾ। ਹਮਾਸ ਨੇ ਦਾਅਵਾ ਕੀਤਾ ਕਿ ਪੂਰੇ ਇਲਾਕੇ ਵਿੱਚ ਇੰਟਰਨੈੱਟ ਅਤੇ ਸੰਚਾਰ ਬੰਦ ਕਰ ਦਿੱਤਾ ਗਿਆ ਹੈ।
ਗਾਜ਼ਾ ਵਿੱਚ ਇਸ ਜੰਗ ਕਾਰਨ ਖੇਤਰੀ ਤਣਾਅ ਵਧਦਾ ਜਾ ਰਿਹਾ ਹੈ। ਇਕ ਕਾਰਨ ਇਹ ਹੈ ਕਿ ਈਰਾਨ ਸਮਰਥਿਤ ਲੜਾਕਿਆਂ ਨੇ ਅਮਰੀਕੀ ਸੈਨਿਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ, ਅਮਰੀਕੀ ਲੜਾਕੂ ਜਹਾਜ਼ਾਂ ਨੇ ਪੂਰਬੀ ਸੀਰੀਆ ਵਿਚ ਕੁਝ ਟੀਚਿਆਂ 'ਤੇ ਬੰਬਾਰੀ ਕੀਤੀ।
ਦੂਜੇ ਪਾਸੇ, UNRWA ਮੁਖੀ ਨੇ ਕਿਹਾ ਹੈ ਕਿ ਮਿਸਰ ਦੇ ਕਰਾਸਿੰਗ ਪੁਆਇੰਟ ਤੋਂ ਟਰੱਕਾਂ ਵਿੱਚ ਗਾਜ਼ਾ ਭੇਜੀ ਜਾਣ ਵਾਲੀ ਜ਼ਰੂਰੀ ਸਮੱਗਰੀ ਬਹੁਤ ਘੱਟ ਹੈ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਹਮਾਸ ਅਤੇ ਆਈਐਸਆਈਐਸ ਬਿਮਾਰ ਹਨ ਅਤੇ ਹਸਪਤਾਲਾਂ ਨੂੰ ਦਹਿਸ਼ਤ ਦੇ ਡੇਰੇ ਵਿੱਚ ਬਦਲ ਰਹੇ ਹਨ। ਆਓ ਜਾਣਦੇ ਹਾਂ ਇਸ ਘਟਨਾ ਦੀਆਂ ਵੱਡੀਆਂ ਗੱਲਾਂ।
ਕੀ ਹਮਾਸ ਹਸਪਤਾਲਾਂ ਨੂੰ ਬਣਾ ਰਿਹੈ ਅੱਦਵਾਦੀਆਂ ਦਾ ਅੱਡਾ?
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸ਼ੁੱਕਰਵਾਰ (ਅਕਤੂਬਰ 27) ਨੂੰ ਇੱਕ ਗ੍ਰਾਫਿਕ ਵੀਡੀਓ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਹਮਾਸ ਅਤੇ ਆਈਐਸਆਈਐਸ ਬਿਮਾਰ ਹਨ ਅਤੇ ਉਹ ਹਸਪਤਾਲਾਂ ਨੂੰ ਦਹਿਸ਼ਤ ਦੇ ਮੁੱਖ ਦਫਤਰ ਵਿੱਚ ਬਦਲ ਦਿੰਦੇ ਹਨ। ਉਹਨਾਂ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, "ਅਸੀਂ ਹੁਣੇ ਹੀ ਖੁਫੀਆ ਜਾਣਕਾਰੀ ਜਾਰੀ ਕੀਤੀ ਹੈ ਜੋ ਇਸ ਨੂੰ ਸਾਬਤ ਕਰਦੀ ਹੈ।"
ਇਕ ਖੁਫੀਆ ਵੀਡੀਓ ਰਾਹੀਂ ਦਾਅਵਾ ਕੀਤਾ ਗਿਆ ਹੈ ਕਿ ਹਮਾਸ ਅਲ ਸ਼ਿਫਾ ਹਸਪਤਾਲ ਦੀਆਂ ਮੰਜ਼ਿਲਾਂ ਅਤੇ ਜ਼ਮੀਨੀ ਮੰਜ਼ਿਲਾਂ ਦੀ ਵਰਤੋਂ ਕਰ ਰਿਹਾ ਹੈ। ਇਹ ਹਸਪਤਾਲ ਗਾਜ਼ਾ ਪੱਟੀ ਵਿੱਚ ਹੈ। ਇਸ 'ਚ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਦੇ ਅਧੀਨ ਹਮਾਸ ਦੇ ਜ਼ਮੀਨਦੋਜ਼ ਕੰਪਲੈਕਸ ਦੀ ਪਛਾਣ ਕਰਕੇ ਦਾਅਵਾ ਕੀਤਾ ਗਿਆ ਹੈ।
ਆਈਡੀਐਫ ਦੇ ਬੁਲਾਰੇ ਡੇਨੀਅਲ ਹਾਗਰੀ ਨੇ ਮੀਡੀਆ ਨੂੰ ਦੱਸਿਆ ਕਿ 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਸੈਂਕੜੇ ਅੱਤਵਾਦੀ ਹਸਪਤਾਲ 'ਚ ਲੁਕਣ ਲਈ ਭੱਜ ਗਏ ਸਨ। ਉਨ੍ਹਾਂ ਕਿਹਾ ਕਿ ਇਜ਼ਰਾਈਲ ਕੋਲ ਖੁਫੀਆ ਜਾਣਕਾਰੀ ਹੈ ਕਿ ਗਾਜ਼ਾ ਦੇ ਹਸਪਤਾਲਾਂ ਵਿੱਚ ਬਾਲਣ ਹੈ ਪਰ ਹਮਾਸ ਇਸ ਦੀ ਵਰਤੋਂ ਆਪਣੇ ਦਹਿਸ਼ਤੀ ਢਾਂਚੇ ਲਈ ਕਰ ਰਿਹਾ ਹੈ।
Hamas-ISIS is sick.
— Benjamin Netanyahu - בנימין נתניהו (@netanyahu) October 27, 2023
They turn hospitals into headquarters for their terror.
We just released intelligence proving it.
Here it is: pic.twitter.com/F82OxaIPN6
ਹਮਾਸ ਨੇ ਨੇਤਨਯਾਹੂ ਦੇ ਦਾਅਵੇ ਨੂੰ ਕਰ ਦਿੱਤਾ ਖਾਰਜ
ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਦੂਜੇ ਪਾਸੇ ਗਾਜ਼ਾ 'ਚ ਸਰਕਾਰੀ ਮੀਡੀਆ ਦਫਤਰ ਦੀ ਮੁਖੀ ਸਲਾਮਾ ਮਾਰੂਫ ਨੇ ਹਸਪਤਾਲ ਨੂੰ ਅੱਤਵਾਦ ਦੇ ਅੱਡੇ ਵਜੋਂ ਵਰਤਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਸਨੇ ਕਿਹਾ ਕਿ ਇਜ਼ਰਾਈਲ ਨੇ ਆਡੀਓ ਰਿਕਾਰਡ ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਕੀਤੀ ਅਤੇ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਹਸਪਤਾਲ ਦੇ ਹੇਠਾਂ ਸੁਰੰਗਾਂ ਜਾਂ ਕਮਾਂਡ ਸੈਂਟਰ ਹਨ।
ਹਮਾਸ ਦੀ ਖੁਫੀਆ ਸ਼ਾਖਾ ਦਾ ਮਾਰਿਆ ਗਿਆ ਉਪ ਮੁਖੀ
ਇਜ਼ਰਾਈਲ ਨੇ ਕਿਹਾ ਹੈ ਕਿ ਉਸ ਨੇ ਗਾਜ਼ਾ ਪੱਟੀ ਦੇ ਕੇਂਦਰੀ ਖੇਤਰ ਵਿਚ ਨਿਸ਼ਾਨਾ ਛਾਪੇ ਮਾਰੇ ਹਨ ਅਤੇ ਹਮਾਸ ਦੇ ਦਰਜਨਾਂ ਟਿਕਾਣਿਆਂ 'ਤੇ ਹਮਲੇ ਕੀਤੇ ਹਨ। ਬੀਬੀਸੀ ਦੀ ਰਿਪੋਰਟ ਮੁਤਾਬਕ ਇਜ਼ਰਾਈਲ ਡਿਫੈਂਸ ਫੋਰਸਿਜ਼ ਨੇ ਕਿਹਾ ਹੈ ਕਿ ਹਮਾਸ ਦੀ ਖੁਫੀਆ ਸ਼ਾਖਾ ਦਾ ਉਪ ਮੁਖੀ ਸ਼ਾਦੀ ਬਾਰੂਦ ਇੱਕ ਆਪਰੇਸ਼ਨ ਵਿੱਚ ਮਾਰਿਆ ਗਿਆ ਹੈ।
ਇਸ ਦੇ ਨਾਲ ਹੀ ਹਮਾਸ ਨੇ ਤੇਲ ਅਵੀਵ 'ਚ ਇਕ ਇਮਾਰਤ 'ਤੇ ਰਾਕੇਟ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਹਮਲੇ 'ਚ ਤਿੰਨ ਲੋਕ ਜ਼ਖਮੀ ਹੋ ਗਏ ਸਨ। ਡਾਕਟਰਾਂ ਨੇ ਤਿੰਨ ਦੇ ਕਰੀਬ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ।