ਜਾਣੋ ਕੌਣ ਹੈ ਇਹ ਭਾਰਤੀ ਜਿਸ ਨੂੰ ਬੇਵਜ੍ਹਾ ਕੱਟਣੀ ਪਈ 43 ਸਾਲਾਂ ਦੀ ਜੇਲ੍ਹ, ਹਾਸਿਲ ਕੀਤੀਆਂ 3 ਡਿਗਰੀਆਂ, US ਕੋਰਟ ਨੇ ਭਾਰਤ ਡਿਪੋਰਟ ਕਰਨ 'ਤੇ ਲਗਾਈ ਰੋਕ, ਇਨਸਾਫ਼ ਦੀ ਲੜਾਈ ਜਾਰੀ...
ਜਾਣੋ ਕੌਣ ਹੈ ਇਹ ਭਾਰਤੀ ਜਿਸ ਨੂੰ ਬੇਵਜ੍ਹਾ ਕੱਟਣੀ ਪਈ 43 ਸਾਲਾਂ ਦੀ ਜੇਲ੍ਹ, ਅੰਦਰ ਹੀ ਹਾਸਿਲ ਕੀਤੀਆਂ 3 ਡਿਗਰੀਆਂ, US ਕੋਰਟ ਨੇ ਭਾਰਤ ਡਿਪੋਰਟ ਕਰਨ 'ਤੇ ਲਗਾਈ ਰੋਕ, ਇਨਸਾਫ਼ ਦੀ ਲੜਾਈ ਜਾਰੀ...

ਅਮਰੀਕਾ 'ਚ ਭਾਰਤੀ ਮੂਲ ਦੇ ਵਿਅਕਤੀ ਸੁਬ੍ਰਮਣਿਅਮ ਵੇਦਮ (Subramanyam Vedam) ਦੇ ਦੇਸ਼ ਨਿਕਾਲੇ (Deportation) 'ਤੇ ਦੋ ਅਮਰੀਕੀ ਅਦਾਲਤਾਂ ਵੱਲੋਂ ਰੋਕ ਲਗਾ ਦਿੱਤੀ ਗਈ ਹੈ। 64 ਸਾਲਾਂ ਦੇ ਵੇਦਮ ਨੇ ਇੱਕ ਹੱਤਿਆ ਮਾਮਲੇ ਵਿੱਚ 43 ਸਾਲ ਜੇਲ ਕੱਟੇ, ਪਰ ਹਾਲ ਹੀ ਵਿੱਚ ਉਨ੍ਹਾਂ ਦਾ ਇਹ ਦੋਸ਼ ਖਾਰਜ ਹੋ ਗਿਆ। ਹੁਣ ਇਮੀਗ੍ਰੇਸ਼ਨ ਵਿਭਾਗ ਉਨ੍ਹਾਂ ਨੂੰ ਭਾਰਤ ਭੇਜਣਾ ਚਾਹੁੰਦਾ ਸੀ, ਇਸ ਲਈ ਅਦਾਲਤਾਂ ਨੇ ਤੱਕ ਰੋਕ ਲਗਾ ਦਿੱਤੀ ਹੈ।
ਵੇਦਮ ਦੇ ਪਰਿਵਾਰ ਵਾਲੇ ਉਹਨਾਂ ਨੂੰ ਪਿਆਰ ਨਾਲ ‘ਸੁਬੂ (Subu)’ ਕਹਿੰਦੇ ਹਨ। ਇਸ ਵੇਲੇ ਉਹ ਲੂਇਜ਼ਿਆਨਾ ਦੇ ਇੱਕ ਡਿਟੈਂਸ਼ਨ ਸੈਂਟਰ ਵਿੱਚ ਰੱਖੇ ਗਏ ਹਨ, ਜੋ ਖਾਸ ਤੌਰ 'ਤੇ ਦੇਸ਼ ਨਿਕਾਲੇ ਵਾਲੀਆਂ ਉਡਾਣਾਂ ਲਈ ਬਣੇ ਏਅਰਸਟ੍ਰਿਪ ਨਾਲ ਜੁੜਿਆ ਹੋਇਆ ਹੈ।
ਐਸੋਸੀਏਟਿਡ ਪ੍ਰੈਸ (AP) ਦੀ ਰਿਪੋਰਟ ਮੁਤਾਬਕ, ਪਿਛਲੇ ਹਫ਼ਤੇ ਇੱਕ ਇਮੀਗ੍ਰੇਸ਼ਨ ਜੱਜ ਨੇ ਉਹਨਾਂ ਦੇ ਦੇਸ਼ ਨਿਕਾਲੇ 'ਤੇ ਰੋਕ ਲਗਾਉਂਦੇ ਹੋਏ ਕਿਹਾ ਕਿ ਜਦ ਤੱਕ Bureau of Immigration Appeals ਇਹ ਫ਼ੈਸਲਾ ਨਹੀਂ ਕਰ ਲੈਂਦਾ ਕਿ ਉਹ ਇਸ ਕੇਸ ਦੀ ਸਮੀਖਿਆ ਕਰੇਗਾ ਜਾਂ ਨਹੀਂ, ਤਦ ਤੱਕ Deportation ਨਹੀਂ ਕੀਤਾ ਜਾ ਸਕਦਾ। ਉਸੇ ਦਿਨ ਪੈਂਸਿਲਵੇਨੀਆ ਦੀ ਜ਼ਿਲ੍ਹਾ ਅਦਾਲਤ ਨੇ ਵੀ ਇਹੀ ਰੋਕ ਜਾਰੀ ਕੀਤੀ ਸੀ।
43 ਸਾਲ ਬਾਅਦ ਸਾਬਤ ਹੋਈ ਬੇਗੁਨਾਹੀ
ਸੁਬ੍ਰਮਣਿਅਮ ਵੇਦਮ ਨੂੰ 1982 'ਚ ਆਪਣੇ ਦੋਸਤ ਥਾਮਸ ਕਿਨਸਰ (Thomas Kinser) ਦੇ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦਸੰਬਰ 1980 'ਚ 19 ਸਾਲਾ ਕਿਨਸਰ ਲਾਪਤਾ ਹੋ ਗਿਆ ਸੀ, ਅਤੇ ਨੌਂ ਮਹੀਨੇ ਬਾਅਦ ਉਸਦਾ ਸ਼ਵ ਜੰਗਲ 'ਚ ਮਿਲਿਆ ਸੀ। ਪੁਲਿਸ ਦੇ ਮੁਤਾਬਕ, ਆਖ਼ਰੀ ਵਾਰ ਕਿਨਸਰ ਨੂੰ ਵੇਦਮ ਦੇ ਨਾਲ ਹੀ ਦੇਖਿਆ ਗਿਆ ਸੀ।
1983 'ਚ ਵੇਦਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਨਾਲ ਹੀ ਉਸਨੂੰ ਡਰੱਗਜ਼ ਮਾਮਲੇ 'ਚ ਵਾਧੂ ਸਜ਼ਾ ਵੀ ਦਿੱਤੀ ਗਈ। ਉਹਨਾਂ ਦੇ ਵਕੀਲਾਂ ਦਾ ਕਹਿਣਾ ਸੀ ਕਿ ਪੂਰਾ ਕੇਸ ਸਿਰਫ਼ ਹਾਲਾਤੀ ਸਬੂਤਾਂ 'ਤੇ ਆਧਾਰਿਤ ਸੀ — ਨਾ ਕੋਈ ਗਵਾਹ ਸੀ, ਨਾ ਕੋਈ ਸਪੱਸ਼ਟ ਮਕਸਦ ਤੇ ਨਾ ਹੀ ਕੋਈ ਪੱਕਾ ਸਬੂਤ।
ਜੇਲ੍ਹ ‘ਚ ਪੜ੍ਹਾਈ ਅਤੇ ਸਿੱਖਿਆ ਦੇਣ ਦਾ ਕੰਮ
ਜੇਲ੍ਹ ‘ਚ ਰਹਿੰਦੇ ਹੋਏ ਵੇਦਮ ਨੇ ਤਿੰਨ ਡਿਗਰੀਆਂ ਹਾਸਲ ਕੀਤੀਆਂ, ਅਧਿਆਪਕ ਬਣੇ ਅਤੇ ਕਈ ਕੈਦੀਆਂ ਨੂੰ ਸਿੱਖਿਆ ਦਿੱਤੀ। ਉਨ੍ਹਾਂ ਦੇ ਪਿਤਾ ਦਾ 2009 ਵਿੱਚ ਅਤੇ ਮਾਤਾ ਦਾ 2016 ਵਿੱਚ ਦੇਹਾਂਤ ਹੋ ਗਿਆ।
43 ਸਾਲ ਬਾਅਦ ਮਿਲਿਆ ਇਨਸਾਫ, ਪਰ ਹੁਣ ਨਵਾਂ ਸੰਕਟ
ਇਸ ਸਾਲ ਅਗਸਤ ਵਿੱਚ ਪੈਨਸਿਲਵੇਨੀਆ ਅਦਾਲਤ ਨੇ ਵੇਦਮ ਦੀ ਸਜ਼ਾ ਰੱਦ ਕਰ ਦਿੱਤੀ, ਜਦੋਂ ਇਹ ਸਾਹਮਣੇ ਆਇਆ ਕਿ ਅਭਿਯੋਗ ਪੱਖ ਨੇ ਮਹੱਤਵਪੂਰਨ ਬੈਲਿਸਟਿਕ ਸਬੂਤ ਕਈ ਸਾਲਾਂ ਤੱਕ ਲੁਕਾ ਕੇ ਰੱਖੇ ਸਨ। ਵੇਦਮ ਨੂੰ 3 ਅਕਤੂਬਰ 2025 ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ, ਪਰ ਤੁਰੰਤ ਬਾਅਦ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ICE) ਨੇ ਉਹਨਾਂ ਨੂੰ ਹਿਰਾਸਤ ‘ਚ ਲੈ ਲਿਆ।
ਹੁਣ ICE ਉਹਨਾਂ ਨੂੰ ਪੁਰਾਣੇ ਨਸ਼ਿਆਂ ਵਾਲੇ ਮਾਮਲੇ ਦੇ ਆਧਾਰ ‘ਤੇ ਭਾਰਤ ਭੇਜਣਾ ਚਾਹੁੰਦਾ ਹੈ, ਜਦਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਊਰਿਟੀ ਦਾ ਕਹਿਣਾ ਹੈ ਕਿ ਕਤਲ ਦੇ ਕੇਸ ਦੇ ਰੱਦ ਹੋਣ ਨਾਲ ਨਸ਼ਿਆਂ ਦੇ ਕੇਸ ‘ਤੇ ਕੋਈ ਅਸਰ ਨਹੀਂ ਪੈਂਦਾ। ਵੇਦਮ ਦੀ ਭੈਣ ਅਤੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਚਾਰ ਦਹਾਕਿਆਂ ਤੋਂ ਵੱਧ ਦੀ ਗਲਤ ਕੈਦ ਕਿਸੇ ਵੀ ਛੋਟੇ ਜੁਰਮ ਤੋਂ ਕਈ ਗੁਣਾ ਵੱਡੀ ਸਜ਼ਾ ਹੈ, ਇਸ ਲਈ ਸਰਕਾਰ ਨੂੰ ਇਸ ਮਾਮਲੇ ‘ਚ ਮਨੁੱਖਤਾ ਵਾਲਾ ਰਵੱਈਆ ਅਪਣਾਉਣਾ ਚਾਹੀਦਾ ਹੈ।






















