ਕੀ 250% ਟੈਰਿਫ ਲਾਏਗਾ ਟਰੰਪ ? ਇੰਟਰਵਿਊ 'ਚ ਕੀਤਾ ਖੁਲਾਸਾ, ਕਿਹਾ–'ਭਾਰਤ ਚੰਗਾ ਵਪਾਰਕ ਸਾਥੀ ਨਹੀਂ'
ਟਰੰਪ ਦੀਆਂ ਧਮਕੀਆਂ ਦੇ ਮੱਦੇਨਜ਼ਰ, ਰੂਸ ਨੇ ਭਾਰਤ ਦੇ ਹੱਕ 'ਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਸਰਬਸ਼ਕਤੀਮਾਨ ਦੇਸ਼ਾਂ ਨੂੰ ਆਪਣੇ ਹਿਤਾਂ ਦੇ ਆਧਾਰ 'ਤੇ ਵਪਾਰਕ ਅਤੇ ਆਰਥਿਕ ਸਾਥੀ ਚੁਣਨ ਦਾ ਪੂਰਾ ਅਧਿਕਾਰ ਹੈ। ਜਿਸ ਤੋਂ ਬਾਅਦ ਟਰੰਪ ਹੋਰ ਭੜਕ..

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ, 5 ਅਗਸਤ 2025 ਨੂੰ ਇੱਕ ਵਾਰ ਫਿਰ ਭਾਰਤ ਨੂੰ ਟੈਰਿਫ ਵਧਾਉਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਇੱਕ ਚੰਗਾ ਵਪਾਰਕ ਸਾਥੀ ਨਹੀਂ ਹੈ। ਅਮਰੀਕਾ ਵੱਲੋਂ ਇਸ ਸਮੇਂ ਭਾਰਤ 'ਤੇ 25 ਫੀਸਦੀ ਟੈਰਿਫ ਲਗਾਇਆ ਗਿਆ ਹੈ ਜੋ ਕਿ 7 ਅਗਸਤ 2025 ਤੋਂ ਲਾਗੂ ਹੋਣ ਜਾ ਰਿਹਾ ਹੈ। ਟਰੰਪ ਨੇ ਕਿਹਾ ਕਿ ਅਗਲੇ 24 ਘੰਟਿਆਂ ਵਿੱਚ ਅਸੀਂ ਭਾਰਤ 'ਤੇ ਟੈਰਿਫ ਹੋਰ ਵਧਾ ਦੇਵਾਂਗੇ।
250% ਟੈਰਿਫ ਲਗਾਉਣ ਦੀ ਚੇਤਾਵਨੀ ਦਿੱਤੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਇੰਟਰਵਿਊ ਦੌਰਾਨ ਫਾਰਮਾ ਇੰਡਸਟਰੀ 'ਤੇ 250% ਟੈਰਿਫ ਲਗਾਉਣ ਦੀ ਚੇਤਾਵਨੀ ਦਿੱਤੀ ਹੈ। ਅਮਰੀਕੀ ਨਿਊਜ਼ ਚੈਨਲ CNBC ਨੂੰ ਦਿੱਤੇ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ ਅਸੀਂ ਸ਼ੁਰੂ 'ਚ ਦਵਾਈਆਂ 'ਤੇ ਥੋੜ੍ਹਾ ਜਿਹਾ ਟੈਰਿਫ ਲਗਾਵਾਂਗੇ, ਪਰ ਇੱਕ ਜਾਂ ਸਵਾ ਸਾਲ ਬਾਅਦ ਇਸਨੂੰ ਵਧਾ ਕੇ 150 ਤੋਂ 250 ਫੀਸਦੀ ਤੱਕ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਦਮ ਇਸ ਲਈ ਲਿਆ ਜਾ ਰਿਹਾ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਦਵਾਈਆਂ ਸਿੱਧੀਆਂ ਅਮਰੀਕਾ 'ਚ ਹੀ ਬਣਨ। ਇਹ ਐਲਾਨ ਉਸ ਸਮੇਂ ਕੀਤਾ ਗਿਆ ਜਦੋਂ ਅਮਰੀਕਾ 'ਚ ਫਾਰਮਾਸਿਊਟੀਕਲ ਇੰਡਸਟਰੀ 'ਤੇ ਦਬਾਅ ਵਧ ਰਿਹਾ ਹੈ, ਤਾਂ ਜੋ ਕੰਪਨੀਆਂ ਆਪਣੀ ਉਤਪਾਦਨ ਪ੍ਰਕਿਰਿਆ ਅਮਰੀਕਾ ਵਿੱਚ ਹੀ ਰੱਖਣ।
ਹਾਲ ਹੀ ਵਿੱਚ ਟਰੰਪ ਨੇ ਵੱਡੀਆਂ ਦਵਾਈ ਸਪਲਾਈ ਕਰਨ ਵਾਲੀਆਂ ਕੰਪਨੀਆਂ ਤੋਂ ਕੀਮਤਾਂ ਘਟਾਉਣ ਦੀ ਮੰਗ ਕੀਤੀ ਸੀ, ਨਹੀਂ ਤਾਂ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਸੀ। ਵ੍ਹਾਈਟ ਹਾਊਸ ਨੇ ਮਈ 2025 ਵਿੱਚ ਦੱਸਿਆ ਸੀ ਕਿ ਅਮਰੀਕਾ ਵਿੱਚ ਦਵਾਈਆਂ ਦੀਆਂ ਕੀਮਤਾਂ ਹੋਰ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਤਿੰਨ ਗੁਣਾ ਵੱਧ ਹਨ। ਅਪ੍ਰੈਲ ਵਿੱਚ, ਟਰੰਪ ਨੇ ਲਗਭਗ ਸਾਰੇ ਵਪਾਰਕ ਸਾਥੀਆਂ 'ਤੇ 10% ਟੈਰਿਫ ਲਗਾਇਆ ਸੀ ਅਤੇ ਹੁਣ ਵੱਖ-ਵੱਖ ਦੇਸ਼ਾਂ ਦੇ ਉਤਪਾਦਾਂ 'ਤੇ ਵੱਖ-ਵੱਖ ਦਰਾਂ 'ਤੇ ਟੈਰਿਫ ਲਗਾਇਆ ਜਾ ਰਿਹਾ ਹੈ।
ਰੂਸ ਨੇ ਟਰੰਪ ਨੂੰ ਦਿੱਤੀ ਨਸੀਹਤ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ 'ਤੇ ਰੂਸ ਤੋਂ ਵੱਡੀ ਮਾਤਰਾ ਵਿੱਚ ਤੇਲ ਖਰੀਦਣ ਅਤੇ ਉਸਨੂੰ ਮੁਨਾਫੇ ਲਈ ਮੁੜ ਵੇਚਣ ਦਾ ਦੋਸ਼ ਲਾਇਆ ਹੈ। ਟਰੰਪ ਦੀਆਂ ਧਮਕੀਆਂ ਦੇ ਮੱਦੇਨਜ਼ਰ, ਰੂਸ ਨੇ ਭਾਰਤ ਦੇ ਹੱਕ 'ਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਸਰਬਸ਼ਕਤੀਮਾਨ ਦੇਸ਼ਾਂ ਨੂੰ ਆਪਣੇ ਹਿਤਾਂ ਦੇ ਆਧਾਰ 'ਤੇ ਵਪਾਰਕ ਅਤੇ ਆਰਥਿਕ ਸਾਥੀ ਚੁਣਨ ਦਾ ਪੂਰਾ ਅਧਿਕਾਰ ਹੈ।
ਟਰੰਪ ਨੇ ਇੱਕ ਦਿਨ ਪਹਿਲਾਂ ਵੀ ਭਾਰਤ 'ਤੇ ਅਮਰੀਕੀ ਸ਼ੁਲਕ ਵਧਾਉਣ ਦੀ ਗੱਲ ਕੀਤੀ ਸੀ ਅਤੇ ਰੂਸੀ ਕੱਚੇ ਤੇਲ ਦੀ ਵੱਡੀ ਮਾਤਰਾ ਵਿੱਚ ਖਰੀਦਾਰੀ ਕਰਕੇ ਭਾਰਤ ਵੱਲੋਂ ਵੱਡੇ ਲਾਭ 'ਤੇ ਵੇਚਣ ਦੇ ਦੋਸ਼ ਲਾਏ ਸਨ। ਟਰੰਪ ਦੇ ਬਿਆਨ ਦੇ ਕੁਝ ਘੰਟਿਆਂ ਬਾਅਦ ਹੀ ਭਾਰਤ ਨੇ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ 'ਚ ਅਮਰੀਕਾ ਅਤੇ ਯੂਰਪੀ ਯੂਨੀਅਨ ਨੂੰ ਕਰਾਰਾ ਜਵਾਬ ਦਿੱਤਾ। ਇਸ ਕਾਰਨ ਟਰੰਪ ਹੋਰ ਭੜਕ ਗਏ ਅਤੇ ਹੁਣ 24 ਘੰਟਿਆਂ ਦੇ ਅੰਦਰ ਭਾਰਤ 'ਤੇ ਟੈਰਿਫ ਵਧਾਉਣ ਦੀ ਧਮਕੀ ਦੇ ਦਿੱਤੀ ਹੈ।






















