Shaheedi Jor Mela 2023: ਕੜਾਕੇ ਦੀ ਠੰਢ ਦੌਰਾਨ ਵੀ ਸ਼ਹੀਦੀ ਸਭਾ 'ਚ ਲੱਖਾਂ ਦੀ ਗਿਣਤੀ 'ਚ ਪਹੁੰਚੀਆਂ ਸੰਗਤਾਂ
Shaheedi Jor Mela: ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੇ ਅੱਜ ਤੀਜੇ ਦਿਨ ਸਪਾਪਤੀ ਮੌਕੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਹਨ।
Shaheedi Jor Mela 2023: ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ (Guru Gobind Singh) ਦੇ ਛੋਟੇ ਸਾਹਿਬਜ਼ਾਦਿਆਂ (chhote sahibzade) ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੇ ਅੱਜ ਤੀਜੇ ਦਿਨ ਸਪਾਪਤੀ ਮੌਕੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਹਨ। ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹੈ। ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਵਿਸ਼ੇਸ਼ ਤੌਰ ’ਤੇ ਅੰਮ੍ਰਿਤ ਸੰਚਾਰ ਸਮਾਗਮ ਵੀ ਹੋ ਰਿਹਾ ਹੈ।
ਉਧਰ, ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਦੁਆਲੇ ਕਈ ਕਿਲੋਮੀਟਰ ਤੱਕ ਸੰਗਤਾਂ ਦਾ ਸੈਲਾਬ ਹੈ। ਦੇਸ਼-ਵਿਦੇਸ਼ ਤੋਂ ਪਹੁੰਚੀ ਸੰਗਤ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ, ਗੁਰਦੁਆਰਾ ਠੰਢਾ ਬੁਰਜ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ। ਥਾਂ-ਥਾਂ ਲੰਗਰ ਲੱਗੇ ਹੋਏ ਹਨ। ਕੜਾਕੇ ਦੀ ਠੰਢ ਹੋਣ ਦੇ ਬਾਵਜੂਦ ਬੱਚਿਆਂ ਤੋਂ ਲੈ ਕੇ ਬਜ਼ਰਗਾਂ ਤੱਕ ਸ਼ਹੀਦੀ ਸਭਾ ਵਿੱਚ ਪਹੁੰਚੇ ਹਨ।
ਇੱਥੇ ਥਾਂ-ਥਾਂ ਸਾਹਿਬਜ਼ਾਦਿਆਂ ਦਾ ਇਤਿਹਾਸ ਦੀ ਕਥਾ ਤੇ ਗੁਰਬਾਣੀ ਕੀਰਤਨ ਦਾ ਪ੍ਰਵਾਹ ਜਾਰੀ ਹੈ। ਇਸ ਤੋਂ ਇਲਾਵਾ ਟੋਡਰ ਮੱਲ ਦੀਵਾਨ ਹਾਲ ਤੇ ਗੁਰਦੁਆਰੇ ਦੇ ਸਾਹਮਣੇ ਖੁੱਲ੍ਹੇ ਪੰਡਾਲ ਵਿੱਚ ਵੀ ਸਾਰੀ ਰਾਤ ਧਾਰਮਿਕ ਦੀਵਾਨ ਸਜਾਏ ਗਏ। ਪੰਥ ਪ੍ਰਸਿੱਧ ਕਥਾਵਾਚਕ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਗੁਰੂ ਗੋਬਿੰਦ ਸਿੰਘ, ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਜੀਵਨ ਇਤਿਹਾਸ ਸਰਵਣ ਕਰਵਾਇਆ ਜਾ ਰਿਹਾ ਹੈ।
ਸ਼ਹੀਦੀ ਸਭਾ ਦੌਰਾਨ ਬੁੱਧਵਾਰ ਨੂੰ ਵੱਖ-ਵੱਖ ਧਾਰਮਿਕ, ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਹਾਜ਼ਰੀ ਭਰ ਕੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸਤਿਕਾਰ ਭੇਟ ਕੀਤਾ। ਬੁੱਧਵਾਰ ਨੂੰ ਸਿਆਸੀ ਕਾਨਫਰੰਸ ਦੌਰਾਨ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਾਹਿਬਜ਼ਾਦਿਆਂ ਨੇ ਜ਼ਾਲਮ ਹੁਕਮਰਾਨ ਦੇ ਜਬਰ ਅੱਗੇ ਸੀਸ ਨਾ ਝੁਕਾਉਂਦਿਆਂ ਸ਼ਹਾਦਤਾਂ ਦੇ ਕੇ ਖਾਲਸਾ ਪੰਥ ਦੇ ਇਸ ਮਨੁੱਖਤਾ ਪੱਖੀ ਬੂਟੇ ਨੂੰ ਮਜ਼ਬੂਤ ਕੀਤਾ ਹੈ।
ਉਨ੍ਹਾਂ ਕਿਹਾ, ‘‘ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਸਾਨੂੰ ਹਰ ਤਰ੍ਹਾਂ ਦੇ ਜਬਰ-ਜ਼ੁਲਮ ਤੇ ਬੇਇਨਸਾਫ਼ੀਆਂ ਵਿਰੁੱਧ ਦ੍ਰਿੜ੍ਹਤਾ ਨਾਲ ਆਵਾਜ਼ ਬੁਲੰਦ ਕਰਨ ਤੇ ਆਪਣੇ ਹੱਕਾਂ ਲਈ ਜੂਝਣ ਦਾ ਸੁਨੇਹਾ ਦਿੱਤਾ ਹੈ, ਇਸ ਲਈ ਉਨ੍ਹਾਂ ਦੇ ਦਰਸਾਏ ਰਾਹ ’ਤੇ ਚੱਲਦੇ ਹੋਏ ਸਿੱਖ ਕੌਮ ਨਾਲ ਹੋ ਰਹੀਆਂ ਜ਼ਿਆਦਤੀਆਂ ਤੇ ਬੇਇਨਸਾਫ਼ੀਆਂ ਦਾ ਅੰਤ ਕਰਨ ਲਈ ਸੰਘਰਸ਼ ਜਾਰੀ ਰਹੇਗਾ।