Kohli Captaincy Record: ਕੋਹਲੀ ਨੇ ਕਪਤਾਨੀ 'ਚ ਮਾਰਿਆ ਵੱਡਾ ਮਾਅਰਕਾ
ਕੋਹਲੀ ਸਾਲ 2017 ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਬਣੇ ਸਨ। ਜਿੰਨ੍ਹਾਂ ਨੇ ਇੰਗਲੈਂਡ ਖਿਲਾਫ ਖੇਡੇ ਤੀਜੇ ਵਨ ਡੇਅ ਮੈਚ ਵਿਚ 200ਵੀਂ ਵਾਰ ਭਾਰਤੀ ਟੀਮ ਦੀ ਅਗਵਾਈ ਕੀਤੀ।
ਨਵੀਂ ਦਿੱਲੀ: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕੌਮਾਂਤਰੀ ਕ੍ਰਿਕੇਟ ਟੀਮ ਦੀ ਅਗਵਾਈ ਵਿੱਚ ਨਵਾਂ ਰਿਕਾਰਡ ਸਿਰਜ ਦਿੱਤਾ ਹੈ। ਵਿਰਾਟ ਕੋਹਲੀ ਤੀਜੇ ਅਜਿਹੇ ਕਪਤਾਨ ਬਣੇ ਹਨ ਜਿਨ੍ਹਾਂ ਨੇ 200 ਕੌਮਾਂਤਰੀ ਮੈਚਾਂ ਵਿੱਚ ਭਾਰਤ ਟੀਮ ਦੀ ਅਗਵਾਈ ਕੀਤੀ ਹੈ।
ਕੋਹਲੀ ਸਾਲ 2017 ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਬਣੇ ਸਨ। ਜਿੰਨ੍ਹਾਂ ਨੇ ਇੰਗਲੈਂਡ ਖਿਲਾਫ ਖੇਡੇ ਤੀਜੇ ਵਨ ਡੇਅ ਮੈਚ ਵਿਚ 200ਵੀਂ ਵਾਰ ਭਾਰਤੀ ਟੀਮ ਦੀ ਅਗਵਾਈ ਕੀਤੀ। ਮਹੇਂਦਰ ਸਿੰਘ ਧੋਨੀ ਤੇ ਮੁਹੰਮਦ ਅਜ਼ਹਰੂਦੀਨ ਸਮੇਤ ਤੀਜੇ ਅਜਿਹੇ ਖਿਡਾਰੀ ਹਨ ਜਿੰਨ੍ਹਾਂ ਨੇ 200 ਅੰਤਰ ਰਾਸ਼ਟਰੀ ਮੈਚਾਂ 'ਚ ਭਾਰਤ ਦੀ ਅਗਵਾਈ ਕੀਤੀ।
ਅਜ਼ਹਰੂਦੀਨ ਨੇ 221 ਜਦਕਿ ਧੋਨੀ ਨੇ 332 ਮੈਚਾਂ 'ਚ ਭਾਰਤ ਦੀ ਅਗਵਾਈ ਕੀਤੀ ਹੈ। ਹੁਣ ਵਿਰਾਟ ਕੋਹਲੀ ਭਾਰਤ ਟੀਮ ਦੀ 200 ਮੈਚਾਂ 'ਚ ਅਗਵਾਈ ਕਰਨ ਵਾਲੇ ਕਪਤਾਨ ਬਣ ਗਏ ਹਨ। ਧੋਨੀ ਟੈਸਟ ਕ੍ਰਿਕਟ ਤੋਂ ਦਸੰਬਰ 2014 'ਚ ਰਿਟਾਇਰ ਹੋਏ ਸਨ ਤੇ ਉਸ ਤੋਂ ਬਾਅਦ ਕੋਹਲੀ ਭਾਰਤ ਦੇ ਕਪਤਾਨ ਬਣੇ।
ਭਾਰਤ ਦੀ ਅੱਜ ਸ਼ਾਨਦਾਰ ਜਿੱਤ
ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਐਤਵਾਰ ਨੂੰ ਭਾਰਤ ਅਤੇ ਇੰਗਲੈਂਡ ਵਿਚ ਖੇਡੇ ਗਏ ਤੀਜੇ ਅਤੇ ਆਖਰੀ ਵਨਡੇ ਮੈਚ ਵਿਚ ਟੀਮ ਇੰਡੀਆ ਨੇ 7 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 2-1 ਨਾਲ ਜਿੱਤੀ ਹੈ। ਇਸ ਤੋਂ ਪਹਿਲਾਂ ਭਾਰਤ ਨੇ ਟੀ -20 ਅਤੇ ਟੈਸਟ ਸੀਰੀਜ਼ 'ਤੇ ਵੀ ਕਬਜ਼ਾ ਕੀਤਾ ਸੀ।
ਇਸ ਮੈਚ ਵਿੱਚ ਟੀਮ ਇੰਡੀਆ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 48.2 ਓਵਰਾਂ ਵਿੱਚ 329 ਦੌੜਾਂ ’ਤੇ ਆਊਟ ਹੋ ਗਈ। ਇੰਗਲੈਂਡ ਨੇ 330 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਦਿਆਂ 50 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ 'ਤੇ 322 ਦੌੜਾਂ ਬਣਾਈਆਂ।
ਸੈਮ ਕੁਰੇਨ (ਨਾਬਾਦ 95) ਦੀ ਸ਼ਾਨਦਾਰ ਪਾਰੀ ਦੇ ਬਾਵਜੂਦ ਇੰਗਲੈਂਡ ਜਿੱਤ ਦਰਜ ਨਹੀਂ ਕਰ ਸਕਿਆ। ਇਸ ਤੋਂ ਪਹਿਲਾਂ ਭਾਰਤ ਨੇ ਇੰਗਲੈਂਡ ਤੋਂ ਚਾਰ ਮੈਚਾਂ ਦੀ ਟੈਸਟ ਸੀਰੀਜ਼ 3-1 ਨਾਲ ਜਿੱਤੀ ਸੀ ਅਤੇ ਪੰਜ ਮੈਚਾਂ ਦੀ ਟੀ -20 ਸੀਰੀਜ਼ 3-2 ਨਾਲ ਜਿੱਤੀ ਸੀ। ਇੰਗਲੈਂਡ ਲਈ ਕੁਰੈਨ ਨੇ 83 ਗੇਂਦਾਂ 'ਤੇ 9 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 95 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਤੋਂ ਇਲਾਵਾ ਡੇਵਿਡ ਮਾਲਨ ਨੇ 50 ਗੇਂਦਾਂ ਵਿੱਚ ਛੇ ਚੌਕਿਆਂ ਦੀ ਮਦਦ ਨਾਲ 50, ਲੀਅਮ ਲਿਵਿੰਗਸਟੋਨ ਨੇ 36 ਅਤੇ ਬੇਨ ਸਟੋਕਸ ਨੇ 35 ਦੌੜਾਂ ਬਣਾਈਆਂ। ਭਾਰਤ ਵੱਲੋਂ ਸ਼ਾਰਦੂਲ ਠਾਕੁਰ ਨੇ ਚਾਰ, ਭੁਵਨੇਸ਼ਵਰ ਕੁਮਾਰ ਨੇ ਤਿੰਨ ਅਤੇ ਟੀ ਨਟਰਾਜਨ ਨੇ ਇੱਕ ਵਿਕਟ ਹਾਸਲ ਕੀਤੀ।