ਪੈਟਰੋਲ ਪੰਪ 'ਤੇ ਪਤਨੀ ਨੂੰ ਭੁੱਲ ਗਿਆ ਆਦਮੀ, 300 ਕਿਲੋਮੀਟਰ ਬਾਅਦ ਆਈ ਯਾਦ – ਹੈਰਾਨ ਕਰ ਦੇਵੇਗਾ ਮਾਮਲਾ
ਪਤੀ-ਪਤਨੀ ਦੇ ਰਿਸ਼ਤੇ ਉੱਤੇ ਕਈ ਮਜ਼ੇਦਾਰ ਜ਼ੋਕ ਤਾਂ ਤੁਸੀਂ ਅਕਸਰ ਸੁਣੇ ਹੋਣੇ। ਪਰ ਇੱਕ ਅਸਲੀਅਤ ਚ ਅਜੀਬੋ-ਗਰੀਬ ਕਿੱਸਾ ਹੋਇਆ ਜੋ ਕਿ ਸੋਸ਼ਲ ਮੀਡੀਆ ਉੱਤੇ ਚਰਚਾ ਦੇ ਵਿੱਚ ਬਣ ਗਿਆ। ਇੱਕ ਪਤੀ ਆਪਣੀ ਪਤਨੀ ਨੂੰ ਪੈਟਰੋਲ ਪੰਪ 'ਤੇ ਹੀ ਭੁੱਲ ਗਿਆ...

ਸੜਕ 'ਤੇ ਕਾਰ ਦੌੜ ਰਹੀ ਸੀ, ਰੇਡੀਓ 'ਚ ਗੀਤ ਚੱਲ ਰਿਹਾ ਸੀ, ਧੀ ਪਿਛਲੀ ਸੀਟ 'ਤੇ ਆਰਾਮ ਨਾਲ ਸੌ ਰਹੀ ਸੀ ਅਤੇ ਪਤੀ ਵੱਡੀ ਰਾਹਤ ਨਾਲ ਸੋਚ ਰਿਹਾ ਸੀ, "ਵਾਹ ਕਿੰਨੀ ਖੂਬਸੂਰਤ ਫੈਮਿਲੀ ਟ੍ਰਿਪ ਹੈ!" ਪਰ ਅਚਾਨਕ ਹੀ ਉਸਦੇ ਹੋਸ਼ ਉੱਡ ਗਏ, ਕਿਉਂਕਿ ਉਸਨੂੰ ਯਾਦ ਆਇਆ ਕਿ ਗੱਡੀ ਵਿੱਚ ਤਾਂ ਉਸਦੀ ਪਤਨੀ ਤਾਂ ਹੈ ਹੀ ਨਹੀਂ। ਹਾਂ, ਇਹ ਵਾਕਿਆ ਹੈ ਇੱਕ ਸਾਹਿਬ ਦਾ, ਜੋ ਮੋਰੱਕੋ ਦੀਆਂ ਛੁੱਟੀਆਂ 'ਤੇ ਜਾਂਦੇ ਹੋਏ ਆਪਣੀ ਪਤਨੀ ਨੂੰ ਪੈਟਰੋਲ ਪੰਪ 'ਤੇ ਹੀ ਛੱਡ ਆਇਆ। ਤੇ ਇਹ ਗੱਲ ਉਸਨੂੰ ਤਦ ਸਮਝ ਆਈ, ਜਦ ਉਹ 300 ਕਿਲੋਮੀਟਰ ਦੂਰ ਨਿਕਲ ਚੁੱਕੇ ਸਨ। ਹੁਣ ਅੱਗੇ ਜੋ ਹੋਇਆ, ਉਹ ਸੁਣ ਕੇ ਤੁਸੀਂ ਵੀ ਚੱਕਰ 'ਚ ਪੈ ਜਾਵੋਗੇ– ਪਤਨੀ ਨੂੰ ਭੁੱਲ ਗਿਆ, ਠੀਕ ਏ, ਪਰ ਹੱਦ ਤਾਂ ਉੱਦੋਂ ਹੋ ਗਈ ਇਹ ਸ਼ਖਸ ਇਹ ਵੀ ਭੁੱਲ ਗਿਆ ਕਿ ਉਹ ਆਪਣੀ ਪਤਨੀ ਨੂੰ ਕਿਹੜੇ ਪੰਪ 'ਤੇ ਭੁੱਲਿਆ?
ਛੁੱਟੀਆਂ ਮਨਾਉਣ ਜਾ ਰਿਹਾ ਸੀ ਪਰ ਪਤਨੀ ਨੂੰ ਪੈਟਰੋਲ ਪੰਪ 'ਤੇ ਹੀ ਭੁੱਲ ਗਿਆ
ਪੈਰਿਸ ਦਾ ਇੱਕ ਆਦਮੀ ਆਪਣੀ ਪਤਨੀ ਅਤੇ ਧੀ ਨਾਲ ਛੁੱਟੀਆਂ ਮਨਾਉਣ ਮੋਰੱਕੋ ਜਾ ਰਿਹਾ ਸੀ। ਸਭ ਕੁਝ ਠੀਕ ਚੱਲ ਰਿਹਾ ਸੀ, ਪਰ ਰਾਹ ਵਿੱਚ ਇੱਕ ਅਜਿਹਾ ਵਾਕਿਆ ਵਾਪਰਿਆ ਜੋ ਹਰ ਕਿਸੇ ਨੂੰ ਹੈਰਾਨ ਕਰ ਸਕਦਾ ਹੈ। 5 ਜੁਲਾਈ ਦੀ ਸਵੇਰੇ ਲਗਭਗ 4:30 ਵਜੇ, ਰਸਤੇ ਵਿੱਚ ਉਨ੍ਹਾਂ ਨੇ ਇਕ ਪੈਟਰੋਲ ਪੰਪ 'ਤੇ ਗੱਡੀ ਰੋਕੀ। ਥੋੜ੍ਹੀ ਦੇਰ ਠਹਿਰ ਕੇ ਉਹ ਅੱਗੇ ਚੱਲ ਪਏ। ਪਰ ਉਸਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਆਪਣੀ ਪਤਨੀ ਨੂੰ ਉਥੇ ਹੀ ਛੱਡ ਆਇਆ ਹੈ।
ਉਹ ਆਦਮੀ ਗੱਡੀ ਚਲਾਉਂਦਾ ਰਿਹਾ ਤੇ ਲਗਭਗ 300 ਕਿਲੋਮੀਟਰ ਦੂਰ ਜਾ ਕੇ ਉਸਨੂੰ ਅਹਿਸਾਸ ਹੋਇਆ ਕਿ ਕਾਰ ਵਿੱਚ ਪਤਨੀ ਹੈ ਹੀ ਨਹੀਂ। ਘਬਰਾ ਕੇ ਉਸਨੇ ਤੁਰੰਤ ਐਮਰਜੈਂਸੀ ਨੰਬਰ 'ਤੇ ਫ਼ੋਨ ਕੀਤਾ। ਜਦੋਂ ਪੁਲਿਸ ਨੇ ਪੁੱਛਿਆ ਕਿ ਉਹ ਕਿਹੜੇ ਪੈਟਰੋਲ ਪੰਪ 'ਤੇ ਰੁਕੇ ਸਨ, ਤਾਂ ਉਸਨੂੰ ਇਹ ਵੀ ਯਾਦ ਨਹੀਂ ਸੀ ਕਿ ਪਤਨੀ ਨੂੰ ਕਿਸ ਪੰਪ 'ਤੇ ਛੱਡ ਆਇਆ।
300 ਕਿਲੋਮੀਟਰ ਦੂਰ ਮਿਲੀ ਪਤਨੀ
ਉਸ ਆਦਮੀ ਦੀ ਪਰੇਸ਼ਾਨੀ ਹੋਰ ਵਧ ਗਈ ਕਿਉਂਕਿ ਉਨ੍ਹਾਂ ਦੀ ਧੀ, ਜੋ ਕਾਰ ਵਿੱਚ ਸੀ, ਸੋ ਰਹੀ ਸੀ ਅਤੇ ਉਸਨੂੰ ਵੀ ਕੁਝ ਪਤਾ ਨਹੀਂ ਸੀ। ਪੁਲਿਸ ਨੇ ਪੂਰੇ ਰਸਤੇ ਦੇ ਪੈਟਰੋਲ ਪੰਪ ਚੈੱਕ ਕੀਤੇ ਪਰ ਔਰਤ ਦਾ ਕੋਈ ਪਤਾ ਨਹੀਂ ਲੱਗਾ। ਕੁਝ ਲੋਕਾਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਆਦਮੀ ਨੇ ਜਾਣਬੁੱਝ ਕੇ ਆਪਣੀ ਪਤਨੀ ਨੂੰ ਛੱਡਿਆ ਹੋਵੇ। ਪਰ ਆਖ਼ਰਕਾਰ, ਮੋਬਾਈਲ ਨੈਟਵਰਕ ਦੀ ਮਦਦ ਨਾਲ ਔਰਤ ਦਾ ਫ਼ੋਨ ਟ੍ਰੈਕ ਕੀਤਾ ਗਿਆ। ਉਹ ਮੋਟਰਵੇ ਦੇ ਇੱਕ ਸਰਵਿਸ ਸਟੇਸ਼ਨ 'ਤੇ ਮਿਲੀ, ਜਿਥੋਂ ਉਸਦਾ ਪਤੀ ਉਸਨੂੰ ਭੁੱਲ ਆਇਆ ਸੀ।
ਉਹ ਔਰਤ ਸਵੇਰੇ 4:30 ਵਜੇ ਤੋਂ ਉਥੇ ਹੀ ਬੈਠੀ ਆਪਣੇ ਪਤੀ ਅਤੇ ਧੀ ਦੀ ਉਡੀਕ ਕਰ ਰਹੀ ਸੀ। ਜਾਂਚ ਮਗਰੋਂ ਪੁਲਿਸ ਨੂੰ ਯਕੀਨ ਹੋ ਗਿਆ ਕਿ ਇਹ ਇਕ ਗਲਤੀ ਸੀ, ਕੋਈ ਸਾਜ਼ਿਸ਼ ਨਹੀਂ। ਫਿਰ ਪਤੀ-ਪਤਨੀ ਅਤੇ ਧੀ ਨੂੰ ਮੁੜ ਮਿਲਾਇਆ ਗਿਆ ਅਤੇ ਉਨ੍ਹਾਂ ਨੂੰ ਆਪਣੀ ਛੁੱਟੀਆਂ ਦੀ ਯਾਤਰਾ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਗਈ।






















