Panchayat | Punjab ਦੇ ਸਰਪੰਚਾਂ ਦੀ ਸੰਹੁ ਚੁੱਕ ਸਮਾਗਮ ਦੀ ਤਰੀਕ ਹੋਈ ਤੈਅ!
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ 10,031 ਸਰਪੰਚਾਂ ਨੂੰ ਹਲਫ਼ ਦਿਵਾਉਣਗੇ। ਜ਼ਿਮਨੀ ਚੋਣਾਂ ਵਾਲੇ ਜ਼ਿਲ੍ਹਿਆਂ ਮੁਕਤਸਰ ਸਾਹਿਬ, ਬਰਨਾਲਾ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਸਰਪੰਚਾਂ ਨੂੰ ਇਨ੍ਹਾਂ ਸਮਾਗਮਾਂ ਤੋਂ ਬਾਹਰ ਰੱਖਿਆ ਗਿਆ ਹੈ।
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਨਵੇਂ ਚੁਣੇ ਪੰਚਾਂ ਅਤੇ ਸਰਪੰਚਾਂ ਨੂੰ ਦੋ ਪੜਾਵਾਂ ਵਿਚ ਸਹੁੰ ਚੁਕਾਈ ਜਾਣੀ ਹੈ। ਪਹਿਲੇ ਪੜਾਅ 'ਚ ਸਿਰਫ਼ ਸਰਪੰਚਾਂ ਨੂੰ ਪਿੰਡ ਸਰਾਭਾ ਵਿਚ ਸਹੁੰ ਚੁਕਾਏ ਜਾਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਇਨ੍ਹਾਂ ਸਮਾਗਮਾਂ ਲਈ ਕਰੀਬ 50 ਹਜ਼ਾਰ ਦੀ ਸਮਰੱਥਾ ਵਾਲਾ ਪੰਡਾਲ ਤਿਆਰ ਕੀਤਾ ਜਾਵੇਗਾ। ਸਰਪੰਚ ਆਪੋ-ਆਪਣੇ ਵਾਹਨ 'ਤੇ ਸਮਾਗਮਾਂ ਵਿਚ ਪੁੱਜਣਗੇ ਅਤੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਹਰ ਸਰਪੰਚ ਨਾਲ ਉਸ ਦੇ ਨਾਲ ਪੁੱਜਣ ਵਾਲੇ ਪਰਿਵਾਰਕ ਮੈਂਬਰ ਵੀ ਪ੍ਰਤੀ ਪਿੰਡ ਪੰਜ-ਪੰਜ ਹੋਣਗੇ।
ਨਵੇਂ ਚੁਣੇ ਪੰਚਾਂ ਨੂੰ ਦੂਸਰੇ ਪੜਾਅ ਵਿਚ ਜ਼ਿਲ੍ਹਾਵਾਰ 'ਸਹੁੰ ਚੁੱਕ ਸਮਾਗਮ' ਕਰਕੇ ਸਹੁੰ ਚੁਕਾਈ ਜਾਵੇਗੀ ਅਤੇ ਇਨ੍ਹਾਂ ਸਮਾਗਮਾਂ ਵਿਚ ਕੈਬਨਿਟ ਵਜ਼ੀਰਾਂ ਦੀ ਡਿਊਟੀ ਲੱਗ ਸਕਦੀ ਹੈ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਇਨ੍ਹਾਂ ਸਮਾਗਮਾਂ ਦੀ ਤਿਆਰੀ ਲਈ ਪ੍ਰਬੰਧਾਂ ਵਿਚ ਤਾਇਨਾਤ ਕੀਤਾ ਗਿਆ ਹੈ। ਭਲਕੇ ਸ਼ਨਿੱਚਰਵਾਰ ਨੂੰ ਮਹਿਕਮੇ ਦੇ ਪ੍ਰਸ਼ਾਸਕੀ ਸਕੱਤਰ ਵੱਲੋਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰਾਂ ਨਾਲ ਵਰਚੂਅਲ ਮੀਟਿੰਗ ਵੀ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਇਨ੍ਹਾਂ ਸਮਾਗਮਾਂ ਦਾ ਇੰਤਜ਼ਾਮ ਕਰ ਰਹੇ ਹਨ।