Patiala Violence: ਪਟਿਆਲਾ ਹਿੰਸਾ ਮਗਰੋਂ ਪ੍ਰਸ਼ਾਸਨ ਨੇ ਚੁੱਕਿਆ ਵੱਡਾ ਕਦਮ, ਅਫਵਾਹਾਂ ਰੋਕਣ ਲਈ ਬਣਾਇਆ ਸੋਸ਼ਲ ਮੀਡੀਆ ਮਾਨੀਟਰਿੰਗ ਸੈੱਲ
ਪਟਿਆਲਾ ਪ੍ਰਸ਼ਾਸਨ ਨੇ ਸੋਸ਼ਲ ਮੀਡੀਆ ਮਾਨੀਟਰਿੰਗ ਸੈੱਲ ਕਾਇਮ ਕੀਤਾ ਹੈ ਜੋ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਸਮੱਗਰੀ 'ਤੇ ਲਗਾਤਾਰ ਨਜ਼ਰ ਰੱਖੇਗਾ। ਇਸ ਵਿੱਚ ਲੋਕ ਸੰਪਰਕ ਵਿਭਾਗ, ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫ਼ਸਰ ਤੇ ਪੁਲਿਸ ਸਾਈਬਰ ਸੈੱਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
Patiala Violence: ਪਟਿਆਲਾ ਹਿੰਸਾ ਤੋਂ ਬਾਅਦ ਅਫਵਾਹਾਂ 'ਤੇ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਪਟਿਆਲਾ ਪ੍ਰਸ਼ਾਸਨ ਨੇ ਸੋਸ਼ਲ ਮੀਡੀਆ ਮਾਨੀਟਰਿੰਗ ਸੈੱਲ ਕਾਇਮ ਕੀਤਾ ਹੈ ਜੋ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਸਮੱਗਰੀ 'ਤੇ ਲਗਾਤਾਰ ਨਜ਼ਰ ਰੱਖੇਗਾ। ਇਸ ਵਿੱਚ ਲੋਕ ਸੰਪਰਕ ਵਿਭਾਗ, ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫ਼ਸਰ ਤੇ ਪੁਲਿਸ ਸਾਈਬਰ ਸੈੱਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਲੋਕ ਟਵਿਟਰ, ਈ-ਮੇਲ ਜਾਂ ਵ੍ਹੱਟਸਐਪ ਰਾਹੀਂ ਵੀ ਭੜਕਾਊ ਪੋਸਟਾਂ ਬਾਰੇ ਜਾਣਕਾਰੀ ਦੇ ਸਕਦੇ ਹਨ। ਪਟਿਆਲਾ ਦੀ ਜ਼ਿਲ੍ਹਾ ਮੈਜਿਸਟਰੇਟ ਸਾਕਸ਼ੀ ਸਾਹਨੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਭੜਕਾਊ ਤੇ ਗਲਤ ਸੂਚਨਾ ਸਾਂਝੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇੱਥੇ ਜਾਣਕਾਰੀ ਦਿਓ
- ਤੁਸੀਂ 9592912900 'ਤੇ ਵ੍ਹੱਟਸਐਪ ਰਾਹੀਂ ਜਾਣਕਾਰੀ ਦੇ ਸਕਦੇ ਹੋ।
- ਜਾਣਕਾਰੀ smmcpta@gmail.com 'ਤੇ ਈ-ਮੇਲ ਰਾਹੀਂ ਵੀ ਦਿੱਤੀ ਜਾ ਸਕਦੀ ਹੈ।
- ਤੁਸੀਂ ਟਵਿੱਟਰ ਰਾਹੀਂ @DCPatialaPb ਜਾਂ @DPROPatiala ਨੂੰ ਟਵੀਟ ਜਾਂ ਸਿੱਧਾ ਸੁਨੇਹਾ (DM) ਭੇਜ ਸਕਦੇ ਹੋ।
ਜ਼ਿਲ੍ਹਾ ਮੈਜਿਸਟ੍ਰੇਟ ਸਾਕਸ਼ੀ ਸਾਹਨੀ ਨੇ ਕਿਹਾ ਕਿ ਲੋਕ ਸੋਸ਼ਲ ਮੀਡੀਆ 'ਤੇ ਭੜਕਾਊ ਬਿਆਨ ਨਾ ਦੇਣ। ਝੂਠੀਆਂ ਪੋਸਟਾਂ ਤੇ ਸਨਸਨੀਖੇਜ਼ ਖ਼ਬਰਾਂ ਅੱਗੇ ਸ਼ੇਅਰ ਨਾ ਕਰਨ। ਇਸ ਬਾਰੇ ਸਾਨੂੰ ਸੂਚਿਤ ਕਰੋ। ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟਵਿਟਰ, ਫੇਸਬੁੱਕ, ਇੰਸਟਾਗ੍ਰਾਮ ਸਮੇਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਇੱਕ ਅਫਵਾਹ ਰਾਹੀਂ ਫੈਲੀ ਹਿੰਸਾ
ਪਟਿਆਲਾ ਪੁਲਿਸ ਦਾਅਵਾ ਕਰ ਰਹੀ ਹੈ ਕਿ ਹਿੰਸਾ ਫੈਲਣ ਪਿੱਛੇ ਇੱਕ ਅਫਵਾਹ ਹੈ। ਪੁਲਿਸ ਨੇ ਸ਼ਿਵ ਸੈਨਾ ਅਤੇ ਸਿੱਖ ਜਥੇਬੰਦੀਆਂ ਨੂੰ ਧਰਨਾ ਨਾ ਦੇਣ ਲਈ ਮਨਾ ਲਿਆ ਸੀ। ਫਿਰ ਕਿਸੇ ਨੇ ਸਿੱਖ ਜਥੇਬੰਦੀਆਂ ਕੋਲ ਜਾ ਕੇ ਦੱਸਿਆ ਕਿ ਸ਼ਿਵ ਸੈਨਾ ਵਾਲੇ ਵਿਰੋਧ ਕਰ ਰਹੇ ਹਨ। ਜਦੋਂ ਉਹ ਇਹ ਦੇਖ ਕੇ ਬਾਹਰ ਆਏ ਤਾਂ ਉਸ ਦੀ ਫੋਟੋ-ਵੀਡੀਓ ਸ਼ਿਵ ਸੈਨਾ ਵਾਲਿਆਂ ਨੂੰ ਦਿਖਾਈ ਗਈ ਜਿਸ ਤੋਂ ਬਾਅਦ ਉਹ ਵੀ ਧਰਨਾ ਕਰਨ ਲਈ ਬਾਹਰ ਆਏ। ਇਸ ਤੋਂ ਬਾਅਦ ਮਾਹੌਲ ਵਿਗੜ ਗਿਆ ਤੇ ਹਿੰਸਕ ਝੜਪਾਂ ਹੋ ਗਈਆਂ।