'ਆਪ' ਕੌਂਸਲਰ ਦਾ ਕਤਲ ਕਰਨ ਵਾਲੇ ਦੋਵੇਂ ਸ਼ੂਟਰ ਗ੍ਰਿਫਤਾਰ, ਅਸਲਾ ਵੀ ਬਰਾਮਦ
Punjab News: ਮਲੇਰਕੋਟਲਾ ਵਿਚ ਆਮ ਆਦਮੀ ਪਾਰਟੀ ਦੇ ਕੌਂਸਲਰ ਮੁਹੰਮਦ ਅਕਬਰ ਭੋਲੀ ਦੇ ਹੱਤਿਆ ਕਾਂਡ ਨੂੰ ਅੰਜਾਮ ਦੇਣ ਵਾਲੇ ਦੋਵੇਂ ਸੂਟਰ ਮਲੇਰਕੋਟਲਾ ਪੁਲਿਸ ਨੇ ਗ੍ਰਿਫਤਾਰ ਕਰ ਲਏ ਹਨ।
Punjab News: ਮਲੇਰਕੋਟਲਾ ਵਿਚ ਆਮ ਆਦਮੀ ਪਾਰਟੀ ਦੇ ਕੌਂਸਲਰ ਮੁਹੰਮਦ ਅਕਬਰ ਭੋਲੀ ਮਾਮਲੇ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਮਾਮਲੇ 'ਚ ਮਲੇਰਕੋਟਲਾ ਪੁਲਿਸ ਵੱਲੋਂ ਦੋ ਸੂਟਰ ਗ੍ਰਿਫਤਾਰ ਕੀਤੇ ਗਏ ਹਨ।
ਇਸ ਬਾਰੇ ਐਸ.ਐਸ.ਪੀ. ਮਲੇਰਕੋਟਲਾ ਅਵਨੀਤ ਕੌਰ ਸਿੱਧੂ ਨੇ ਆਪਣੇ ਦਫਤਰ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ। ਦੋਵੇਂ ਸੂਟਰਾਂ ਮਹੁੰਮਦ ਆਸਿਫ ਅਤੇ ਮਹੁੰਮਦ ਮੁਰਸਦ ਕੋਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਦੇਸੀ ਪਿਸਤੌਲ, ਚਾਰ ਕਾਰਤੂਸ ਅਤੇ ਮੋਟਰ ਸਾਇਕਲ ਵੀ ਬਰਾਮਦ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਕਤਲ ਕਾਂਡ ਦੇ ਮੁੱਖ ਸਾਜ਼ਿਸਕਾਰ ਵਸੀਮ ਇਕਬਾਲ ਉਰਫ ਸੋਨੀ ਨੇ ਕੌਂਸਲਰ ਦੀ ਢਾਈ ਕਰੋੜ ਰੁਪਏ ਦੇ ਕਰੀਬ ਰਕਮ ਦੱਬਣ ਦੇ ਇਰਾਦੇ ਨਾਲ ਆਪਣੇ ਸਾਲੇ ਮੁਹੰਮਦ ਆਸਿਫ ਨਾਲ 20 ਲੱਖ ਰੁਪਏ ਵਿਚ ਕੌਂਸਲਰ ਅਕਬਰ ਭੋਲੀ ਨੂੰ ਕਤਲ ਕਰਨ ਦਾ ਸੌਦਾ ਕੀਤਾ ਸੀ।
ਵਸੀਮ ਇਕਬਾਲ ਉਰਫ ਸੋਨੀ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਯੂ.ਪੀ. ਤੋਂ ਦੇਸੀ ਪਿਸਤੌਲ ਖੁਦ ਖਰੀਦ ਕੇ ਲਿਆਂਦਾ ਅਤੇ ਐਤਵਾਰ 31 ਜੁਲਾਈ ਨੂੰ ਆਪਣੇ ਸਾਲੇ ਮੁਹੰਮਦ ਆਸਿਫ ਅਤੇ ਉਸ ਦੇ ਸਾਥੀ ਅਤੇ ਮਹੁੰਮਦ ਮੁਰਸਦ ਨੂੰ ਪਿਸਤੌਲ ਤੇ ਰੌਂਦ ਸਮੇਤ ਇਕ ਬਿਨਾਂ ਨੰਬਰੀ ਮੋਟਰ ਸਾਇਕਲ ਆਪਣੀ ਦੁਕਾਨ ਤੋਂ ਦੇ ਕੇ ਕਤਲ ਕਰਨ ਲਈ ਭੇਜਿਆ।
ਦੋਵੇਂ ਸੂਟਰਾਂ ਨੇ ਮੋਟਰ ਸਾਇਕਲ ਲੁਧਿਆਣਾ ਬਾਈਪਾਸ ’ਤੇ ਮਲੇਰਕੋਟਲਾ- ਲੁਧਿਆਣਾ ਮੁੱਖ ਸੜਕ ’ਤੇ ਖੜ੍ਹਾ ਕੀਤਾ ਅਤੇ ਪੈਦਲ ਹੀ ਕੌਂਸਲਰ ਮੁਹੰਮਦ ਅਕਬਰ ਭੋਲੀ ਦੇ ਜਿੰਮ ਵਿਚ ਚਲੇ ਜਿਥੇ ਉਨ੍ਹਾਂ ਭੋਲੀ ਨੂੰ ਨੇੜਿਓਂ ਗੋਲੀ ਮਾਰੀ ਅਤੇ ਪੈਦਲ ਹੀ ਮੋਟਰ ਸਾਇਕਲ ਕੋਲ ਪਹੁੰਚ ਕੇ ਵਸੀਮ ਇਕਬਾਲ ਉਰਫ ਸੋਨੀ ਕੋਲ ਉਸ ਦੇ ਘਰ ਚਲੇ ਗਏ ਜਿਥੇ ਦੋਵਾਂ ਨੂੰ ਉਸ ਨੇ ਸਿਰਫ 27 ਹਜਾਰ ਰੁਪਏ ਦੇ ਰਕਮ ਬਾਅਦ ਵਿਚ ਦੇਣ ਦਾ ਵਾਅਦਾ ਕਰਕੇ ਭੇਜ ਦਿੱਤਾ।