Sangrur news: ਖ਼ੁਸ਼ਖ਼ਬਰੀ! ਪੰਜਾਬ ਨੂੰ ਮਿਲਣਗੇ 5 ਹੋਰ ਨਵੇਂ ਆਮ ਆਦਮੀ ਕਲੀਨਿਕ
Aam Aadmi clinic in sangrur: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਹੁਣ ਤੱਕ 4 ਲੱਖ 3 ਹਜ਼ਾਰ 134 ਵਿਅਕਤੀਆਂ ਵੱਲੋਂ ਇਨ੍ਹਾਂ ਕਲੀਨਿਕਾਂ ਰਾਹੀਂ ਸਿਹਤ ਸੇਵਾਵਾਂ ਦਾ ਲਾਭ ਲਿਆ ਜਾ ਚੁੱਕਾ ਹੈ।
Sangrur news: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਆਮ ਆਦਮੀ ਕਲੀਨਿਕਾਂ ਵਿਖੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੁਵਿਧਾਵਾਂ ਬਾਰੇ ਸਮੀਖਿਆ ਮੀਟਿੰਗ ਕੀਤੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਲੋਕਾਂ ਦੀ ਸੁਵਿਧਾ ਲਈ 5 ਹੋਰ ਨਵੇਂ ਆਮ ਆਦਮੀ ਕਲੀਨਿਕਾਂ ਨੂੰ ਸਥਾਪਤ ਕਰਨ ਸਬੰਧੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਸਫ਼ਲਤਾ ਨਾਲ ਚੱਲ ਰਹੇ ਆਮ ਆਦਮੀ ਕਲੀਨਿਕਾਂ ਰਾਹੀਂ ਵੱਡੀ ਗਿਣਤੀ ਲੋੜਵੰਦਾਂ ਨੂੰ ਸਿਹਤ ਸਹੂਲਤਾਂ ਮਿਲਣ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਖੁਦ ਵੀ ਸਮੇਂ ਸਮੇਂ ’ਤੇ ਵੱਖ-ਵੱਖ ਆਮ ਆਦਮੀ ਕਲੀਨਿਕਾਂ ਦੀ ਜਾਂਚ ਕਰਕੇ ਲੋਕਾਂ ਤੋਂ ਫੀਡਬੈਕ ਲੈਂਦੇ ਰਹਿੰਦੇ ਹਨ ਅਤੇ ਜ਼ਿਲ੍ਹੇ ਦੇ ਵਸਨੀਕ ਸਰਕਾਰ ਦੇ ਇਸ ਉਪਰਾਲੇ ਤੋਂ ਸੰਤੁਸ਼ਟ ਨਜ਼ਰ ਆ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 4 ਲੱਖ 3 ਹਜ਼ਾਰ 134 ਵਿਅਕਤੀਆਂ ਵੱਲੋਂ ਇਨ੍ਹਾਂ ਕਲੀਨਿਕਾਂ ਰਾਹੀਂ ਸਿਹਤ ਸੇਵਾਵਾਂ ਦਾ ਲਾਭ ਲਿਆ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਸਬੰਧਤ ਕਾਰਜਕਾਰੀ ਏਜੰਸੀਆਂ ਨੂੰ ਸਿਹਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਲੋੜੀਂਦੇ ਕਦਮ ਪੁੱਟੇ ਜਾਣ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਗਲੇ ਪੜਾਅ ਤਹਿਤ ਚੂੜਲ ਖੁਰਦ, ਭੁੱਲਣ, ਕਰੌਂਦਾ, ਰਾਮਪੁਰਾ ਗੁੱਜਰਾਂ ਅਤੇ ਅੰਨਦਾਣਾ ਵਿੱਚ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾਣਗੇ ਜਿਸ ਲਈ ਲੋੜੀਂਦੇ ਬੁਨਿਆਦੀ ਢਾਂਚੇ ਸਮੇਤ ਹੋਰ ਸੁਵਿਧਾਵਾਂ ਲਈ ਸਬੰਧਤ ਉਪ ਮੰਡਲ ਮੈਜਿਸਟਰੇਟ ਦੀ ਅਗਵਾਈ ਹੇਠ ਟੀਮਾਂ ਵੱਲੋਂ ਸਮੇਂ ਸਿਰ ਜਾਇਜ਼ਾ ਲਿਆ ਜਾਵੇ।
ਇਹ ਵੀ ਪੜ੍ਹੋ: Moga Police: CASO ਆਪਰੇਸ਼ਨ ਤਹਿਤ ਪੁਲਿਸ ਦੀ ਕਾਰਵਾਈ, ਹੈਰੋਇਨ, ਨਸ਼ਾ ਤੇ ਹੋਰ ਸਮੱਗਰੀ ਬਰਾਮਦ
ਉਨ੍ਹਾਂ ਕਿਹਾ ਕਿ ਸ਼ਹਿਰੀ ਤੇ ਦਿਹਾਤੀ ਵਸੋਂ ਨੂੰ ਇਨ੍ਹਾਂ ਕਲੀਨਿਕਾਂ ਰਾਹੀਂ ਘਰਾਂ ਦੇ ਨਜ਼ਦੀਕ ਮਿਆਰੀ ਸਿਹਤ ਸੁਵਿਧਾਵਾਂ, ਟੈਸਟ, ਦਵਾਈਆਂ ਆਦਿ ਮੁਫ਼ਤ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ ਇਸੇ ਉਦਮ ਸਦਕਾ ਹਰ ਸਬ ਡਵੀਜ਼ਨ ਅੰਦਰ ਇਨ੍ਹਾਂ ਕਲੀਨਿਕਾਂ ’ਤੇ ਇਲਾਜ ਕਰਵਾਉਣ ਵਾਲੇ ਲੋੜਵੰਦਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਅਤੇ ਇਸ ਨਾਲ ਵੱਡੇ ਹਸਪਤਾਲਾਂ ਦੀਆਂ ਓ.ਪੀ.ਡੀ ਵਿੱਚ ਵੀ ਲੋਕਾਂ ਨੂੰ ਖੜ੍ਹਨਾ ਨਹੀਂ ਪੈਂਦਾ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ, ਸਹਾਇਕ ਕਮਿਸ਼ਨਰ ਜਸਪਿੰਦਰ ਸਿੰਘ ਤੇ ਦੇਵਦਰਸ਼ਦੀਪ ਸਿੰਘ, ਐਸ.ਡੀ.ਐਮ ਮੂਨਕ ਸੂਬਾ ਸਿੰਘ, ਐਸ.ਡੀ.ਐਮ ਸੰਗਰੂਰ ਚਰਨਜੋਤ ਸਿੰਘ ਵਾਲੀਆ, ਐਸਡੀਐਮ ਧੂਰੀ ਅਮਿਤ ਗੁਪਤਾ, ਐਸ ਡੀ ਐਮ ਸੁਨਾਮ ਪ੍ਰਮੋਦ ਸਿੰਗਲਾ, ਐਸ ਡੀ ਐਮ ਭਵਾਨੀਗੜ੍ਹ ਵਿਨੀਤ ਕੁਮਾਰ, ਐਸ.ਡੀ.ਐਮ ਦਿੜ੍ਹਬਾ ਰਾਜੇਸ਼ ਸ਼ਰਮਾ, ਐਸ.ਡੀ.ਐਮ ਭਵਾਨੀਗੜ੍ਹ ਵਿਨੀਤ ਕੁਮਾਰ, ਸਿਵਲ ਸਰਜਨ ਡਾ. ਕਿਰਪਾਲ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਕਾਸ ਧੀਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਜ਼ਰੂਰੀ ਸੂਚਨਾ ! ਦਿਵਿਆਂਗਜਨਾਂ ਨੂੰ ਬਣਾਉਟੀ ਅੰਗ ਲਗਾਉਣ ਲਈ 18 ਜਨਵਰੀ ਨੂੰ ਲੱਗੇਗਾ ਵਿਸ਼ੇਸ਼ ਕੈਂਪ