ਹਾਲੀਵੁੱਡ ਦੀਆਂ ਸਭ ਤੋਂ ਮਨਹੂਸ ਤੇ ਸਰਾਪਿਤ ਫਿਲਮਾਂ, ਜਿਨ੍ਹਾਂ ‘ਚ ਕੰਮ ਕਰਨ ਵਾਲੇ ਐਕਟਰਾਂ ਨਾਲ ਹੋਈਆਂ ਅਜੀਬ ਘਟਨਾਵਾਂ
ਅਸੀਂ ਤੁਹਾਨੂੰ ਅਜਿਹੀਆਂ ਹਾਲੀਵੁੱਡ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਸ਼ੂਟਿੰਗ ਕਰਦੇ ਸਮੇਂ ਐਕਟਰਾਂ ਤੇ ਫਿਲਮ ਦੀ ਟੀਮ ਦੇ ਨਾਲ ਅਣਸੁਖਾਵੀ ਘਟਨਾਵਾਂ ਵਾਪਰੀਆਂ, ਜਿਵੇਂ ਕੋਈ ਤਾਕਤ ਉਨ੍ਹਾਂ ਨੂੰ ਇਹ ਫਿਲਮਾਂ ਬਣਾਉਣ ਤੋਂ ਰੋਕ ਰਹੀ ਹੋਵੇ
Hollywood Horror Movies That Were Cursed In Real Life: ਬਹੁਤ ਸਾਰੇ ਲੋਕ ਹਾਰਰ ਯਾਨਿ ਡਰਾਉਣੀਆਂ ਫਿਲਮਾਂ ਦੇ ਸ਼ੌਕੀਨ ਹੁੰਦੇ ਹਨ। ਹਾਰਰ ਫਿਲਮਾਂ ਬਣਾਉਣ ‘ਚ ਹਾਲੀਵੁੱਡ ਤੋਂ ਉੱਪਰ ਕੋਈ ਨਹੀਂ। ਹਾਲੀਵੁੱਡ ਦੀਆਂ ਕਈ ਅਜਿਹੀਆਂ ਹਾਰਰ ਫਿਲਮਾਂ ਬਣੀਆਂ ਹਨ, ਜੋ ਬੇਹੱਦ ਡਰਾਉਣੀਆਂ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਕਈ ਫਿਲਮਾਂ ਅਜਿਹੀਆਂ ਵੀ ਬਣੀਆਂ, ਜੋ ਅਸਲ ਵਿੱਚ ਮਨਹੂਸ ਅਤੇ ਸਰਾਪਿਤ ਸੀ। ਜੀ ਹਾਂ, ਅੱਜ ਅਸੀਂ ਤੁਹਾਨੂੰ ਅਜਿਹੀਆਂ ਹਾਲੀਵੁੱਡ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਸ਼ੂਟਿੰਗ ਕਰਦੇ ਸਮੇਂ ਐਕਟਰਾਂ ਤੇ ਫਿਲਮ ਦੀ ਟੀਮ ਦੇ ਨਾਲ ਅਣਸੁਖਾਵੀ ਘਟਨਾਵਾਂ ਵਾਪਰੀਆਂ, ਜਿਵੇਂ ਕਿ ਕੋਈ ਤਾਕਤ ਉਨ੍ਹਾਂ ਨੂੰ ਇਹ ਫਿਲਮਾਂ ਬਣਾਉਣ ਤੋਂ ਰੋਕ ਰਹੀ ਹੋਵੇ। ਦੇਖ ਇਹ ਲਿਸਟ:
ਰੋਜ਼ਮੈਰੀਜ਼ ਬੇਬੀ (1968)
ਰੋਜ਼ਮੈਰੀਜ਼ ਬੇਬੀ ਹਾਲੀਵੁੱਡ ਦੀ ਹਾਰਰ ਫਿਲਮ ਹੈ। ਇਸ ਫਿਲਮ ਦਾ ਨਿਰਮਾਣ 1968 ‘ਚ ਹੋਇਆ ਸੀ। ਇਹ ਆਪਣੇ ਜ਼ਮਾਨੇ ਦੀ ਸੁਪਰਹਿੱਟ ਫਿਲਮ ਰਹੀ ਹੈ। ਕਿਹਾ ਜਾਂਦਾ ਹੈ ਕਿ ਇਹ ਫਿਲਮ ਸੱਚੀਆਂ ਘਟਨਾਵਾਂ ‘ਤੇ ਆਧਾਰਿਤ ਸੀ। ਫਿਲਮ ਭਾਵੇਂ ਸਫਲ ਰਹੀ, ਪਰ ਇਸ ਬਣਾਉਣ ਵਾਲੀ ਟੀਮ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਫਿਲਮ ਦੇ ਡਾਇਰੈਕਟਰ ਰੋਮਨ ਪੋਲਿੰਸਕੀ ਦੀ ਪਤਨੀ ਪ੍ਰਸਿੱਧ ਅਦਾਕਾਰਾ ਸ਼ਾਰੋਨ ਟੇਟ ਦਾ ਫਿਲਮ ਬਣਨ ਤੋਂ 1 ਸਾਲ ਦੇ ਅੰਦਰ ਹੀ ਕਤਲ ਹੋ ਗਿਆ। ਸ਼ਾਰੋਨ ਟੇਟ ਨੂੰ ਸੀਰੀਅਲ ਕਿੱਲਰ ਚਾਰਲਜ਼ ਮੈਨਸਨ ਨੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਸੀ। ਨਾਲ ਹੀ ਉਸ ਦੇ ਗਰਭ ਚ ਪਲਣ ਵਾਲਾ ਬੱਚਾ ਵੀ ਮਾਰ ਦਿੱਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਇਸ ਫਿਲਮ ਦੀ ਕਹਾਣੀ ਕਿਸੇ ਨਾਵਲ ਤੋਂ ਲਈ ਗਈ ਸੀ। ਉਸ ਨਾਵਲ ‘ਚ ਜਿਵੇਂ ਡਾਇਨ ਲੋਕਾਂ ਨੂੰ ਮਾਰਦੀ ਹੈ, ਅਸਲ ਜ਼ਿੰਦਗੀ ‘ਚ ਵੀ ਫਿਲਮ ਦੀ ਟੀਮ ਦੇ ਕਈ ਮੈਂਬਰ ਉਸੇ ਤਰ੍ਹਾਂ ਮਰੇ ਸੀ। ਫਿਲਮ ਦੀ ਟੀਮ ਦਾ ਇੱਕ ਮੈਂਬਰ ਕਰਿਸਟੌਡ ਕੋਮੇਡਾ ਪਹਾੜੀ ਤੋਂ ਹੇਠਾਂ ਡਿੱਗ ਗਿਆ। ਸਿਰ ‘ਚ ਡੂੰਘੀ ਸੱਟ ਵੱਜਣ ਕਾਰਨ ਉਹ ਕੋਮਾ ‘ਚ ਚਲਾ ਗਿਆ ਅਤੇ ਕਦੇ ਵੀ ਕੋਮਾ ਤੋਂ ਬਾਹਰ ਨਹੀਂ ਆ ਸਕਿਆ। ਇਥੋਂ ਤੱਕ ਕਿ ਫਿਲਮ ਦੀ ਟੀਮ ਦੇ ਕਈ ਮੈਂਬਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਫਿਲਮ ਬਣਾਉਂਦੇ ਹੋਏ ਉਨ੍ਹਾਂ ਨੂੰ ਅਜੀਬ ਸ਼ਕਤੀਆ ਦੇ ਆਲੇ ਦੁਆਲੇ ਹੋਣ ਦਾ ਅਹਿਸਾਸ ਹੋਇਆ ਸੀ।
ਦ ਐਕਸੋੌਰਸਿਸਟ (1973)
ਦ ਐਕਸੋੌਰਸਿਸਟ ਆਪਣੇ ਜ਼ਮਾਨੇ ਦੀ ਸਭ ਤੋਂ ਡਰਾਉਣੀ ਫਿਲਮਾਂ ‘ਚੋਂ ਇੱਕ ਮੰਨੀ ਜਾਂਦੀ ਹੈ। ਪਰ ਇਸ ਦੇ ਨਾਲ ਨਾਲ ਇਹ ਸਭ ਤੋਂ ਮਨਹੂਸ ਤੇ ਸਰਾਪਿਤ ਫਿਲਮਾਂ ‘ਚ ਵੀ ਸ਼ੁਮਾਰ ਹੈ। ਫਿਲਮ ‘ਚ ਇੱਕ ਛੋਟੀ ਲੜਕੀ ਦੇ ਅੰਦਰ ਸ਼ੈਤਾਨੀ ਆਤਮਾ ਆ ਜਾਂਦੀ ਹੈ ਅਤੇ ਇਸ ਤੋਂ ਬਾਅਦ ਉਹ ਕੁੜੀ ਅਜੀਬ ਹਰਕਤਾਂ ਕਰਦੀ ਹੈ। ਫਿਲਮ ‘ਚ ਕਈ ਸੀਨ ਇੰਨੇਂ ਡਰਾਉਣੇ ਹਨ ਕਿ ਉਸ ਸਮੇਂ ਥੀਏਟਰ ‘ਚ ਫਿਲਮ ਦੇਖਦੇ ਹੋਏ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਫਿਲਮ ਮੇਕਰ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਫਿਲਮ ਬਣਾਉਣ ਤੋਂ ਪਹਿਲਾਂ ਹੀ ਟੀਮ ਦੇ ਨਾਲ ਅਜੀਬ ਘਟਨਾਵਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਫਿਲਮ ਦੀ ਸ਼ੂਟਿੰਗ ਦੌਰਾਨ 20 ਲੋਕਾਂ ਦੀ ਮੌਤ ਹੋਈ। ਫਿਲਮ ਦੀ ਮੁੱਖ ਅਦਾਕਾਰਾ ਲਿੰਦਾ ਬਲੇਅਰ ਦੇ ਬੇਟੇ ਦੀ ਮੌਤ ਹੋ ਗਈ। ਫਿਲਮ ਦੇ ਸੈੱਟ ‘ਤੇ ਅਦਾਕਾਰਾ ਬਲੇਅਰ ਬੁਰੀ ਤਰ੍ਹਾਂ ਜ਼ਖਮੀ ਹੋਈ।
ਦ ਓਮੇਨ (1976)
ਦ ਓਮੇਨ ਵੀ ਹਾਲੀਵੁੱਡ ਦੀਆਂ ਸਭ ਤੋਂ ਡਰਾਉਣੀਆਂ ਫਿਲਮਾਂ ‘ਚੋਂ ਇੱਕ ਹੈ। ਇਹ ਫਿਲਮ ਹਾਲੀਵੁੱਡ ‘ਚ ਅੱਜ ਤੱਕ ਦੀ ਸਭ ਤੋਂ ਭਿਆਨਕ ਤੇ ਮਨਹੂਸ ਫਿਲਮ ਮੰਨੀ ਜਾਂਦੀ ਹੈ। ਫਿਲਮ ਦੀ ਟੀਮ ਨਾਲ ਸ਼ੂਟਿੰਗ ਦੌਰਾਨ ਕਈ ਅਜੀਬ ਘਟਨਾਵਾਂ ਹੋਈਆਂ। ਇਹੀ ਨਹੀਂ ਕਈ ਕਰੂ ਮੈਂਬਰਾਂ ਨੇ ਇਸ ਫਿਲਮ ਦੇ ਚੱਕਰ ;ਚ ਆਪਣੀ ਜਾਨ ਵੀ ਗੁਆਈ ਸੀ। ਫਿਲਮ ਦੇ ਮੁੱਖ ਕਲਾਕਾਰ ਗਰੈਗਰੀ ਪੈੱਕ ਤੇ ਲੇਖਕ ਡੇਵਿਡ ਨੇ ਇੰਗਲੈਂਡ ਜਾਣ ਲਈ ਅਲੱਗ ਅਲੱਗ ਥਾਵਾਂ ਤੋਂ ਫਲਾਈਟਾਂ ਲਈਆਂ, ਪਰ ਦੋਵਾਂ ਦੇ ਜਹਾਜ਼ਾਂ ‘ਤੇ ਬਿਜਲੀ ਡਿੱਗ ਗਈ। ਇਹੀ ਨਹੀਂ ਸ਼ੂਟਿੰਗ ਦੌਰਾਨ ਇੱਕ ਕਰੂ ਮੈਂਬਰ ਦੀ ਕਾਰ ਦਾ ਐਕਸੀਡੈਂਟ ਹੋ ਗਿਆ। ਇਸ ਹਾਦਸੇ ‘ਚ ਸਾਰੇ ਕਰੂ ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ। ਬੁਰੀਆਂ ਘਟਨਾਵਾਂ ਦਾ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ। ਫਿਲਮ ਦੇ ਡਾਇਰੈਕਟਰ ਰਿਚਰਡ ਡੌਨਲਡ ਨੇ ਕਿਤੇ ਜਾਣਾ ਸੀ, ਜਿਸ ਦੇ ਲਈ ਉਨ੍ਹਾਂ ਨੇ ਇੱਕ ਚਾਰਟਰ ਪਲੇਨ ਬੁੱਕ ਕਰਾਉਣਾ ਸੀ, ਪਰ ਉਸ ਦਿਨ ਕੋਈ ਵੀ ਜਹਾਜ਼ ਉਪਲਬਧ ਨਹੀਂ ਸੀ। ਜਿਹੜੇ ਜਹਾਜ਼ ‘ਚ ਰਿਚਰਡ ਨੇ ਜਾਣਾ ਸੀ ਉਹ ਜਹਾਜ਼ ਕਿਸੇ ਕਾਰ ਤੇ ਕਰੈਸ਼ ਹੋ ਗਿਆ ਅਤੇ ਪਲੇਨ ਸਮੇਤ ਕਾਰ ‘ਚ ਸਵਾਰ ਸਾਰੇ ਹੀ ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ। ਹੈਰਾਨੀ ਵਾਲੀ ਗੱਲ ਤਾਂ ਇਹ ਸੀ ਜਿਸ ਕਾਰ ‘ਤੇ ਜਹਾਜ਼ ਕਰੈਸ਼ ਹੋਇਆ ਸੀ, ਉਸ ਕਾਰ ‘ਚ ਜਹਾਜ਼ ਦੇ ਪਾਇਲਟ ਦਾ ਪਰਿਵਾਰ ਜਾ ਰਿਹਾ ਸੀ। ਫਿਰ ਕੁੱਝ ਦਿਨਾਂ ਬਾਅਦ ਫਿਲਮ ਦੇ ਸਪੈਸ਼ਲ ਇਫੈਕਟ ਡਾਇਰੈਕਟਰ ਜੌਨ ਰਿਚਰਡਸਨ ਆਪਣੀ ਗਰਲ ਫਰੈਂਡ ਨਾਲ ਕਿਤੇ ਜਾ ਰਹੇ ਸੀ। ਰਸਤੇ ‘ਚ ਉਨ੍ਹਾਂ ਦੀ ਕਾਰ ਦਾ ਭਿਆਨਕ ਐਕਸੀਡੈਂਟ ਹੋ ਗਿਆ, ਇਸ ਹਾਦਸੇ ‘ਚ ਉਨ੍ਹਾਂ ਦੀ ਪ੍ਰੇਮਿਕਾ ਦਾ ਸਿਰ ਧੜ ਤੋਂ ਵੱਖ ਹੋ ਗਿਆ। ਹੈਰਾਨੀ ਵਾਲੀ ਗੱਲ ਇਹ ਸੀ ਕਿ ਇਸ ਫਿਲਮ ‘ਚ ਬਿਲਕੁਲ ਅਜਿਹਾ ਹੀ ਇੱਕ ਸੀਨ ਹੈ, ਜਿਸ ਵਿੱਚ ਇੱਕ ਕਾਰ ਐਕਸੀਡੈਂਟ ਦੌਰਾਨ ਵਿਅਕਤੀ ਦਾ ਸਿਰ ਧੜ ਤੋਂ ਵੱਖ ਹੋ ਜਾਂਦਾ ਹੈ।
ਦ ਕਾਂਜਰਿੰਗ (2013)
ਹਾਲੀਵੁੱਡ ਦੀ ਬਹੁਚਰਚਿਤ ਫਿਲਮ ‘ਦ ਕਾਂਜਰਿੰਗ’ ਸੁਪਰਹਿੱਟ ਫਿਲਮ ਹੈ। ਇਸ ਫਿਲਮ ਨੂੰ ਭਾਰਤ ‘ਚ ਵੀ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫਿਲਮ ਨੂੰ ਵੀ ਮਹਾ ਮਨਹੂਸ ਤੇ ਸਰਾਪਿਤ ਮੰਨਿਆ ਜਾਂਦਾ ਹੈ। ਵੈਸੇ ਵੀ ਇਹ ਫਿਲਮ ਸੱਚੀਆਂ ਘਟਨਾਵਾਂ ‘ਤੇ ਆਧਾਰਿਤ ਹੈ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਟੀਮ ਨਾਲ ਕਈ ਤਰ੍ਹਾਂ ਦੇ ਹਾਦਸੇ ਤੇ ਅਜੀਬ ਘਟਨਾਵਾਂ ਹੋਈਆਂ। ਫਿਲਮ ‘ਚ ਕੰਮ ਕਰਦੇ ਕਈ ਲੋਕਾਂ ਨੇ ਤਾਂ ਫਿਲਮ ਮੇਕਰਾਂ ਨੂੰ ਖੁਦ ਨੂੰ ਹਟਾਉਣ ਦੀ ਅਪੀਲ ਵੀ ਕੀਤੀ ਸੀ। ਫਿਲਮ ਦੇ ਡਾਇਰੈਕਟਰ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਜਦੋਂ ਵੀ ਫਿਲਮ ਨੂੰ ਲੈਕੇ ਫੋਨ ‘ਤੇ ਨਿਰਮਾਤਾ ਨਾਲ ਗੱਲ ਕਰਦੇ ਸੀ ਤਾਂ ਫੋਨ ‘ਤੇ ਅਕਸਰ ਉਨ੍ਹਾਂ ਨੂੰ ਕਿਸੇ ਅਜੀਬ ਤਰ੍ਹਾਂ ਦੀ ਡਿਸਟਰਬੈਂਸ ਦਾ ਅਹਿਸਾਸ ਹੁੰਦਾ ਸੀ। ਫਿਲਮ ‘ਚ ਲੌਰੇਨ ਵਾਰੇਨ ਦਾ ਕਿਰਦਾਰ ਨਿਭਾਉਣ ਵਾਲੀ ਵੇਰਾ ਫਾਰਮੇਗਾ ਨੇ ਦੱਸਿਆ ਕਿ ਉਹ ਕਦੇ ਵੀ ਆਪਣੇ ਡਾਇਲੌਗ ਘਰ ਜਾ ਕੇ ਯਾਦ ਨਹੀਂ ਕਰਦੀ ਸੀ, ਨਾ ਹੀ ਉਨ੍ਹਾਂ ਨੇ ਕਦੇ ਫਿਲਮ ਦੀ ਸਕ੍ਰਿਪਟ ਘਰ ਜਾ ਕੇ ਪੜ੍ਹੀ। ਕਿਉਂਕਿ ਉਨ੍ਹਾਂ ਨੂੰ ਫਿਲਮ ਦੀ ਸਕ੍ਰਿਪਟ ਨੂੰ ਪੜ੍ਹਦੇ ਸਮੇਂ ਬਹੁਤ ਡਰ ਲਗਦਾ ਸੀ ਤੇ ਨਾਲ ਹੀ ਅਜੀਬ ਤਾਕਤਾਂ ਦੇ ਆਲੇ ਦੁਆਲੇ ਹੋਣ ਦਾ ਅਹਿਸਾਸ ਹੁੰਦਾ ਸੀ।