Mankirt Aulakh: ਗੈਂਗਸਟਰਾਂ ਦੇ ਨਿਸ਼ਾਨੇ 'ਤੇ ਬੱਬੂ ਮਾਨ ਤੇ ਮਨਕੀਰਤ ਔਲਖ! ਤਾਜ਼ਾ ਖੁਲਾਸੇ ਮਗਰੋਂ ਪੁਲਿਸ 'ਚ ਮੱਚੀ ਖਲਬਲੀ
ਜਾਣਕਾਰੀ ਮੁਤਾਬਕ ਚੰਡੀਗੜ੍ਹ ਪੁਲਿਸ ਦੇ ਅਪਰੇਸ਼ਨ ਸੈੱਲ ਦੀ ਟੀਮ ਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਦੇ ਕਤਲ ਦੀ ਯੋਜਨਾ ਬਣਾਉਣ ਵਾਲੇ ਦਵਿੰਦਰ ਬੰਬੀਹਾ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ
Punjab News: ਪੁਲਿਸ ਦੀ ਸਖਤੀ ਦੇ ਬਾਵਜੂਦ ਗੈਂਗਸਟਰਾਂ ਦੇ ਹੌਸਲੇ ਬੁਲੰਦ ਹਨ। ਇੱਕ ਪਾਸੇ ਗੈਂਗਸਟਰ ਨਿੱਤ ਫਿਰੌਤੀਆਂ ਮੰਗ ਰਹੇ ਹਨ ਤੇ ਦੂਜੇ ਪਾਸੇ ਪ੍ਰਸਿੱਧ ਹਸਤੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਯੋਜਨਾਵਾਂ ਬਣਾ ਰਹੇ ਹਨ। ਤਾਜ਼ਾ ਮਾਮਲਾ ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਨਿਸ਼ਾਨਾ ਬਣਾਉਣ ਦੀ ਪਲਾਨਿੰਗ ਦਾ ਸਾਹਮਣੇ ਆਇਆ ਹੈ। ਇਸ ਖੁਲਾਸੇ ਨੇ ਪੁਲਿਸ ਪ੍ਰਸਾਸ਼ਨ ਵਿੱਚ ਖਲਬਲੀ ਮਚਾ ਦਿੱਤੀ ਹੈ।
ਇਹ ਵੀ ਪੜ੍ਹੋ: ਕਾਮੇਡੀ ਕਿੰਗ ਤੋਂ ਐਕਟਿੰਗ, ਫਿਰ ਬਣੇ ਸਿਆਸਤਦਾਨ, ਜਾਣੋ ਕਿਵੇਂ ਪੰਜਾਬ ਦਾ 'ਮਾਨ' ਬਣੇ ਭਗਵੰਤ
ਬੰਬੀਹਾ ਗੈਂਗ ਦੇ ਚਾਰ ਮੈਂਬਰ ਗ੍ਰਿਫ਼ਤਾਰ
ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਪੁਲਿਸ ਦੇ ਅਪਰੇਸ਼ਨ ਸੈੱਲ ਦੀ ਟੀਮ ਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਦੇ ਕਤਲ ਦੀ ਯੋਜਨਾ ਬਣਾਉਣ ਵਾਲੇ ਦਵਿੰਦਰ ਬੰਬੀਹਾ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਤੋਂ 4 ਪਿਸਤੌਲ, 23 ਕਾਰਤੂਸ ਤੇ ਇਕ ਕਾਰ ਬਰਾਮਦ ਕੀਤੀ ਹੈ।
ਮੁਲਜ਼ਮਾਂ ਦੀ ਹੋਈ ਸ਼ਨਾਖਤ
ਮੁਲਜ਼ਮਾਂ ਦੀ ਪਛਾਣ ਮਨੂੰ ਬੱਤਾ (29) ਵਾਸੀ ਪਿੰਡ ਬੁੜੈਲ, ਅਮਨ ਕੁਮਾਰ ਉਰਫ਼ ਵਿੱਕੀ (29) ਵਾਸੀ ਪੰਚਕੂਲਾ, ਸੰਜੀਵ ਉਰਫ ਸੰਜੂ (23) ਤੇ ਕਮਲਦੀਪ ਉਰਫ ਕਿੰਮੀ (26) ਵਾਸੀ ਮਲੋਆ ਵਜੋਂ ਹੋਈ ਹੈ। ਪੁਲਿਸ ਪੜਤਾਲ ਦੌਰਾਨ ਪਤਾ ਲੱਗਿਆ ਕਿ ਇਸ ਗਰੋਹ ਨੂੰ ਕੈਨੇਡਾ ਤੋਂ ਲੱਕੀ ਪਟਿਆਲ, ਪ੍ਰਿੰਸ ਕੁਰਾਲੀ ਤੇ ਮਲੇਸ਼ੀਆ ਤੋਂ ਲਾਲੀ ਵ੍ਹਟਸਐੱਪ ਤੇ ਸੋਸ਼ਲ ਮੀਡੀਆ ਰਾਹੀਂ ਚਲਾ ਰਹੇ ਸਨ।
ਚੰਡੀਗੜ੍ਹ ਪੁਲਿਸ ਦੇ ਅਪਰੈਸ਼ਨ ਸੈੱਲ ਦੇ ਇੰਸਪੈਕਟਰ ਅਮਨਜੋਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਸੂਹ ਦੇ ਆਧਾਰ ’ਤੇ ਸੈਕਟਰ-44 ਵਿੱਚ ਨਾਕਾਬੰਦੀ ਕਰਕੇ ਮਨੂੰ ਬੱਤਾ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਮਨੂੰ ਤੋਂ ਇੱਕ ਪਿਸਤੌਲ, 5 ਕਾਰਤੂਸ ਤੇ ਇੱਕ ਕਾਰ ਬਰਾਮਦ ਕੀਤੀ, ਜਿਸ ਮਗਰੋਂ ਪੁੱਛ ਪੜਤਾਲ ਦੇ ਆਧਾਰ ’ਤੇ ਤਿੰਨ ਹੋਰ ਮੁਲਜ਼ਮਾਂ ਨੂੰ ਖਰੜ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਅਮਨਜੋਤ ਨੇ ਕਿਹਾ ਕਿ ਮੁਲਜ਼ਮ ਅਮਨ ਉਰਫ ਵਿੱਕੀ ਤੋਂ ਪੁੱਛ ਪੜਤਾਲ ਦੌਰਾਨ ਪਤਾ ਲੱਗਿਆ ਕਿ ਦਵਿੰਦਰ ਬੰਬੀਹਾ ਗੈਂਗ ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਅਮਨ ਨੇ ਪੁਲਿਸ ਨੂੰ ਦੱਸਿਆ ਕਿ ਕੈਨੇਡਾ ਬੈਠੇ ਪ੍ਰਿੰਸ ਨੇ ਫੋਨ ’ਤੇ ਜੰਮੂ ਕਸ਼ਮੀਰ ਵਿੱਚ ਜਾਣ-ਪਛਾਣ ਕੱਢਣ ਲਈ ਆਖਿਆ ਤਾਂ ਜੋ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਗਾਇਕ ਬੁੱਬੂ ਮਾਨ ਤੇ ਮਨਕੀਰਤ ਔਲਖ ਦਾ ਕਤਲ ਕੀਤਾ ਜਾ ਸਕੇ ਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਜੰਮੂ ਕਸ਼ਮੀਰ ਤੋਂ ਏਕੇ-47 ਵਰਗੇ ਹਥਿਆਰ ਮੰਗਵਾਏ ਜਾ ਸਕਣ।
ਅਮਨ ਨੇ ਦੱਸਿਆ ਕਿ ਪ੍ਰਿੰਸ ਨੇ ਜੰਮੂ ਕਸ਼ਮੀਰ ਦੇ ਸ੍ਰੀਨਗਰ ਵਿੱਚ ਹਥਿਆਰਾਂ ਦਾ ਪ੍ਰਬੰਧ ਕਰ ਦਿੱਤਾ ਸੀ, ਜਿਨ੍ਹਾਂ ਨੂੰ ਲਿਆਉਣਾ ਬਾਕੀ ਸੀ। ਪੁਲਿਸ ਦੀ ਪੁੱਛ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਚੰਡੀਗੜ੍ਹ ਦੇ ਸੈਕਟਰ-38 ਵੈਸਟ ਨੇੜੇ ਸਾਲ 2020 ਵਿੱਚ ਹੋਏ ਸੁਰਜੀਤ ਬਾਊਂਸਰ ਦੇ ਕਤਲ ’ਚ ਸ਼ਾਮਲ ਦੋ ਮੁਲਜ਼ਮਾਂ ਨੀਰਜ ਗੁਪਤਾ ਤੇ ਦੀਪਕ ਮਾਨ ਨੂੰ ਪ੍ਰਿੰਸ ਦੇ ਕਹਿਣ ’ਤੇ ਰਹਿਣ ਲਈ ਜਗ੍ਹਾ ਮੁਹੱਈਆ ਕਰਵਾਈ ਗਈ ਸੀ। ਇਸ ਤੋਂ ਇਲਾਵਾ ਅਸਲਾ ਅਤੇ ਹੋਰ ਬਣਦੀ ਮਦਦ ਕੀਤੀ ਗਈ ਸੀ। ਪੁਲਿਸ ਜਾਂਚ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਮਨੂੰ ਬੱਤਾ ਖ਼ਿਲਾਫ਼ ਪਹਿਲਾਂ ਵੀ ਦੋ ਕੇਸ ਦਰਜ ਹਨ।