ਹੁਣ ਫ਼ਸਲਾਂ ਨੂੰ ਬਰਬਾਦ ਨਹੀਂ ਕਰਨਗੇ ਆਵਾਰਾ ਪਸ਼ੂ, ਇਸ ਸਪ੍ਰੇਅ ਦਾ ਛਿੜਕਾਅ ਕਰਨ ਨਾਲ ਖੇਤ ਦੇ ਨੇੜੇ ਵੀ ਨਜ਼ਰ ਨਹੀਂ ਆਉਣਗੇ ਪਸ਼ੂ
ਸਟਾਰਟਅਪ ਕੰਪਨੀ ਨੇ ਬਾਇਓ-ਲਿਕੁਇਡ ਸਪ੍ਰੇਅ ਬਣਾਈ ਹੈ। ਬਾਇਓ-ਸਪ੍ਰੇਅ ਪੂਰੀ ਤਰ੍ਹਾਂ ਨਾਲ ਆਰਗੈਨਿਕ ਤੇ ਕੁਦਰਤੀ ਤੱਤਾਂ ਤੋਂ ਬਣਾਇਆ ਗਿਆ ਹੈ। ਛਿੜਕਾਅ ਕਰਨ ਨਾਲ ਆਵਾਰਾ ਪਸ਼ੂ ਅਤੇ ਜੰਗਲੀ ਜਾਨਵਰ ਖੇਤ ਦੇ ਨੇੜੇ ਨਹੀਂ ਆਉਣਗੇ।
Now stray cattle will not destroy the fields: ਕਿਸਾਨਾਂ ਲਈ ਖੇਤ 'ਚ ਫ਼ਸਲ ਉਗਾਉਣ ਨਾਲੋਂ ਵੱਧ ਮਿਹਨਤ ਆਵਾਰਾ ਪਸ਼ੂਆਂ ਤੋਂ ਫ਼ਸਲ ਦੀ ਸੰਭਾਲ ਕਰਨੀ ਹੁੰਦੀ ਹੈ। ਪਰ ਫਿਰ ਵੀ ਆਵਾਰਾ ਪਸ਼ੂਆਂ ਦਾ ਆਤੰਕ ਇੰਨਾ ਹੈ ਕਿ ਫਸਲਾਂ ਦਾ ਨੁਕਸਾਨ ਹੋ ਹੀ ਜਾਂਦਾ ਹੈ। ਆਵਾਰਾ ਪਸ਼ੂਆਂ ਦਾ ਆਤੰਕ ਦੇਸ਼ ਦੇ ਲਗਭਗ ਸਾਰੇ ਹਿੱਸਿਆਂ 'ਚ ਹੈ, ਪਰ ਉੱਤਰੀ ਭਾਰਤ ਦੇ ਸੂਬਿਆਂ ਜਿਵੇਂ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਆਦਿ 'ਚ ਇਹ ਬਹੁਤ ਜ਼ਿਆਦਾ ਹੈ। ਇਨ੍ਹਾਂ ਦੀ ਰੋਕਥਾਮ ਲਈ ਕਿਸਾਨਾਂ ਵੱਲੋਂ ਕੀ-ਕੀ ਨਹੀਂ ਕੀਤਾ ਜਾਂਦਾ। ਕੰਡਿਆਲੀ ਤਾਰ ਤੋਂ ਲੈ ਕੇ ਘੱਟ ਵੋਲਟੇਜ ਬਿਜਲੀ ਦਾ ਕਰੰਟ ਵੀ ਲਗਾਇਆ ਜਾਂਦਾ ਹੈ, ਪਰ ਇਹ ਸਾਰੇ ਉਪਾਅ ਕਿਸਾਨਾਂ ਲਈ ਬਹੁਤ ਮਹਿੰਗੇ ਪੈਂਦੇ ਹਨ।
ਆਵਾਰਾ ਪਸ਼ੂਆਂ ਦੀ ਇਸ ਸਮੱਸਿਆ ਨੂੰ ਧਿਆਨ 'ਚ ਰੱਖਦੇ ਹੋਏ ਤਾਮਿਲਨਾਡੂ ਦੀ ਇੱਕ ਸਟਾਰਟਅਪ ਕੰਪਨੀ ਨੇ ਬਾਇਓ-ਲਿਕੁਇਡ ਸਪ੍ਰੇਅ (Bio Liquid Spray) ਬਣਾਈ ਹੈ। ਦੱਸ ਦਈਏ ਕਿ ਇਹ ਬਾਇਓ-ਸਪ੍ਰੇਅ ਪੂਰੀ ਤਰ੍ਹਾਂ ਨਾਲ ਆਰਗੈਨਿਕ ਅਤੇ ਕੁਦਰਤੀ ਤੱਤਾਂ ਤੋਂ ਬਣਾਇਆ ਗਿਆ ਹੈ। ਇਸ ਦਾ ਛਿੜਕਾਅ ਕਰਨ ਨਾਲ ਆਵਾਰਾ ਪਸ਼ੂ ਅਤੇ ਜੰਗਲੀ ਜਾਨਵਰ ਖੇਤ ਦੇ ਨੇੜੇ ਨਹੀਂ ਆਉਣਗੇ। ਇਹ ਉਤਪਾਦ ਤਾਮਿਲਨਾਡੂ ਦੀ MIVIPRO ਨਾਂਅ ਦੀ ਇੱਕ ਸਟਾਰਟਅਪ ਕੰਪਨੀ ਵੱਲੋਂ ਬਣਾਇਆ ਗਿਆ ਹੈ, ਜਿਸ ਨੂੰ ਤਮਿਲਨਾਡੂ ਐਗਰੀਕਲਚਰਲ ਯੂਨੀਵਰਸਿਟੀ ਕੋਇੰਬਟੂਰ (TNAU) ਵੱਲੋਂ ਜਾਂਚ ਅਤੇ ਮਾਨਤਾ ਮਿਲੀ ਹੈ।
ਪਸ਼ੂਆਂ ਦੇ ਨਾਲ-ਨਾਲ ਕੀੜੇ-ਮਕੌੜੇ ਵੀ ਹੋ ਜਾਣਗੇ ਖ਼ਤਮ
ਤਾਮਿਲਨਾਡੂ ਦੀ ਇੱਕ ਸਟਾਰਟਅਪ ਕੰਪਨੀ ਵੱਲੋਂ ਬਣਾਈ ਗਈ ਇਸ ਸਪ੍ਰੇਅ ਦੀ ਵਰਤੋਂ ਉੱਤਰ ਪ੍ਰਦੇਸ਼ ਦੇ ਕਿਸਾਨ ਕਰ ਰਹੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹ ਸਪ੍ਰੇਅ ਪੂਰੀ ਤਰ੍ਹਾਂ ਕੁਦਰਤੀ ਅਤੇ ਜੈਵਿਕ ਉਤਪਾਦਾਂ ਤੋਂ ਬਣਾਈ ਗਈ ਹੈ, ਜਿਸ ਦਾ ਫ਼ਸਲ 'ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਇਸ ਤੋਂ ਇਲਾਵਾ ਇਸ ਦਾ ਛਿੜਕਾਅ ਕਰਨ ਨਾਲ ਫ਼ਸਲ ਵਿੱਚੋਂ ਕੀੜੇ-ਮਕੌੜੇ ਖ਼ਤਮ ਹੋ ਜਾਂਦੇ ਹਨ।
ਇਸ ਤਰ੍ਹਾਂ ਕੀਤਾ ਜਾਂਦਾ ਹੈ ਛਿੜਕਾਅ
ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਹਰਬਲ ਸਪ੍ਰੇਅ ਫਸਲ ਪ੍ਰਬੰਧਨ ਲਈ ਆਲ ਆਊਟ ਵਾਂਗ ਕੰਮ ਕਰਦੀ ਹੈ। ਇਸ ਨਾਲ ਫ਼ਸਲ ਅਤੇ ਪਸ਼ੂਆਂ 'ਚ ਕੀੜਿਆਂ ਅਤੇ ਬਿਮਾਰੀਆਂ ਦੀ ਸਮੱਸਿਆ ਤਾਂ ਦੂਰ ਹੁੰਦੀ ਹੈ, ਨਾਲ ਹੀ ਜ਼ਮੀਨ ਨੂੰ ਵੀ ਲਾਭ ਮਿਲਦਾ ਹੈ। ਇੱਕ ਖੇਤ 'ਚ ਹਰਬੋਲੀਵ+ਬਾਇਓ ਸਪ੍ਰੇਅ ਨੂੰ ਮਿਲਾ ਕੇ 14 ਲੀਟਰ ਦੀ ਮਾਤਰਾ ਕਾਫ਼ੀ ਹੈ। ਫ਼ਸਲ ਦੇ ਸ਼ੁਰੂਆਤੀ ਪੜਾਅ 'ਚ ਹਰ ਹਫ਼ਤੇ ਇੱਕ ਸਪ੍ਰੇਅ ਕਰੋ। ਇਸ ਤੋਂ ਬਾਅਦ ਫਸਲ ਅਤੇ ਜ਼ੋਖ਼ਮ ਦੇ ਅਨੁਸਾਰ ਤੁਸੀਂ ਹਰ 15 ਦਿਨਾਂ ਬਾਅਦ ਹਰਬੋਲੀਵ+ਬਾਇਓ ਦਾ ਛਿੜਕਾਅ ਕਰ ਸਕਦੇ ਹੋ।
ਉੱਤਰ ਪ੍ਰਦੇਸ਼ ਦੇ ਕਿਸਾਨ ਤਾਮਿਲਨਾਡੂ ਦੀ ਸਟਾਰਟਅੱਪ ਕੰਪਨੀ MIVIPRO ਵੱਲੋਂ ਵਿਕਸਤ ਤਾਮਿਲਨਾਡੂ ਐਗਰੀਕਲਚਰਲ ਯੂਨੀਵਰਸਿਟੀ ਕੋਇੰਬਟੂਰ (TNAU) ਵੱਲੋਂ ਪ੍ਰਮਾਣਿਤ ਇਸ ਸਪ੍ਰੇਅ ਦਾ ਛਿੜਕਾਅ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਇਸ ਦਾ ਫ਼ਾਇਦਾ ਵੀ ਦੇਖਣ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਦਿੱਲੀ ਸਥਿੱਤ ਗ਼ੈਰ-ਸਰਕਾਰੀ ਸੰਸਥਾ ਟਰਾਂਸਫਾਰਮ ਰੂਰਲ ਇੰਡੀਆ ਫਾਊਂਡੇਸ਼ਨ (TRIF) ਕਿਸਾਨਾਂ 'ਚ ਜਾਗਰੂਕਤਾ ਵਧਾਉਣ ਲਈ ਕੰਮ ਕਰ ਰਹੀ ਹੈ।