ਪਹਾੜਾਂ 'ਤੇ ਮੀਂਹ ਨਾਲ ਮੈਦਾਨੀ ਇਲਾਕਿਆਂ ਦਾ ਮੌਸਮ ਬਦਲੇਗਾ, ਅਗਲੇ 10 ਦਿਨਾਂ ਤੱਕ ਤਾਪਮਾਨ 'ਚ ਗਿਰਾਵਟ ਆਵੇਗੀ
Weather Update: ਮੌਸਮ ਵਿਭਾਗ ਮੁਤਾਬਕ ਦਿੱਲੀ, ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬੁੱਧਵਾਰ ਤੋਂ ਹੀਟ ਵੇਵ ਤੋਂ ਰਾਹਤ ਮਿਲਣ ਵਾਲੀ ਹੈ। ਉੱਤਰੀ-ਪੱਛਮੀ ਰਾਜਸਥਾਨ ਅਤੇ ਉੱਤਰੀ ਹਰਿਆਣਾ ਵਿੱਚ 13 ਅਪ੍ਰੈਲ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।
Weather report: ਕਹਿਰ ਦੀ ਗਰਮੀ ਕਾਰਨ ਝੁਲਸ ਰਹੇ ਪੂਰੇ ਉੱਤਰੀ ਤੇ ਮੱਧ ਭਾਰਤ ਲਈ ਰਾਹਤ ਦੀ ਖਬਰ ਹੈ। ਅਗਲੇ 10 ਦਿਨਾਂ ਤੱਕ ਤਾਪਮਾਨ ਵਿੱਚ ਗਿਰਾਵਟ ਆਵੇਗੀ। ਲੂ ਚੱਲਣੀ ਬੰਦ ਹੋ ਜਾਵੇਗੀ। ਹਾਲਾਂਕਿ ਅਪ੍ਰੈਲ ਦੇ ਆਖਰੀ ਹਫਤੇ 'ਚ ਗਰਮੀ ਫਿਰ ਤੋਂ ਭਿਆਨਕ ਰੂਪ ਦਿਖਾਉਣ ਲੱਗ ਜਾਵੇਗੀ। ਦੇਸ਼ ਦੀਆਂ ਕਈ ਥਾਵਾਂ 'ਤੇ ਤਾਪਮਾਨ ਦੇ ਪਿਛਲੇ ਸਾਰੇ ਰਿਕਾਰਡ ਟੁੱਟਣ ਦੀ ਸੰਭਾਵਨਾ ਹੈ। ਇਹ ਅਨੁਮਾਨ ਮੌਸਮ ਏਜੰਸੀ ਸਕਾਈਮੇਟ ਦਾ ਹੈ।
ਮੌਸਮ ਏਜੰਸੀ ਮੁਤਾਬਕ ਸਰਗਰਮ ਪੱਛਮੀ ਗੜਬੜ ਨੇ ਕਸ਼ਮੀਰ ਵਿੱਚ ਦਸਤਕ ਦੇ ਦਿੱਤੀ ਹੈ। ਇਸ ਦੇ ਪ੍ਰਭਾਵ ਕਾਰਨ 13-14 ਅਪ੍ਰੈਲ ਨੂੰ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਭਾਰੀ ਮੀਂਹ ਦੇ ਨਾਲ ਕਦੇ-ਕਦਾਈਂ ਗੜੇਮਾਰੀ ਵੀ ਹੋ ਸਕਦੀ ਹੈ। ਇਸ ਤੋਂ ਬਾਅਦ 18 ਅਪ੍ਰੈਲ ਨੂੰ ਹੋਰ ਵੈਸਟਰਨ ਡਿਸਟਰਬੈਂਸ ਫਿਰ ਆਵੇਗਾ। ਇਸ ਦਾ ਪ੍ਰਭਾਵ ਉੱਤਰ ਤੋਂ ਮੱਧ ਭਾਰਤ ਤੱਕ 22 ਅਪ੍ਰੈਲ ਤੱਕ ਰਹੇਗਾ। ਫਿਰ 23 ਅਪ੍ਰੈਲ ਤੋਂ ਬਾਅਦ ਤਾਪਮਾਨ 'ਚ ਤੇਜ਼ੀ ਨਾਲ ਵਾਧਾ ਹੋਵੇਗਾ।
ਉਧਰ, ਭਾਰਤੀਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਆਰਕੇ ਜੇਨਾਮਾਨੀ ਨੇ ਕਿਹਾ ਕਿ ਉੱਤਰ ਪੱਛਮੀ ਭਾਰਤ ਵਿੱਚ ਗਰਮੀ ਦੀ ਲਹਿਰ ਖ਼ਤਮ ਹੋ ਗਈ ਹੈ ਤੇ ਬੱਦਲਾਂ ਦੀ ਵਧਦੀ ਮੌਜੂਦਗੀ ਕਾਰਨ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ। ਦਿੱਲੀ, ਪੰਜਾਬ, ਰਾਜਸਥਾਨ ਤੇ ਹਰਿਆਣਾ ਵਿੱਚ ਬੱਦਲਾਂ ਦੀ ਮੌਜੂਦਗੀ ਨਾਲ ਤਾਪਮਾਨ ਵਿੱਚ 2-3 ਡਿਗਰੀ ਸੈਲਸੀਅਸ ਦੀ ਗਿਰਾਵਟ ਆਵੇਗੀ।
ਸਕਾਈਮੇਟ ਦੇ ਮੌਸਮ ਵਿਗਿਆਨੀ ਮਹੇਸ਼ ਪਲਾਵਤ ਨੇ ਕਿਹਾ ਕਿ ਅਪ੍ਰੈਲ ਤੇ ਮਈ ਵਿੱਚ ਅਰਬ ਸਾਗਰ ਜਾਂ ਬੰਗਾਲ ਦੀ ਖਾੜੀ ਤੋਂ ਨਮੀ ਲੈ ਕੇ ਆਉਣ ਵਾਲੀਆਂ ਹਵਾਵਾਂ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਵੱਡੀ ਰਾਹਤ ਦੇਵੇਗੀ। ਇਨ੍ਹਾਂ ਦੇ ਪ੍ਰਭਾਵ ਕਾਰਨ ਤੇਜ਼ ਗਰਮੀ ਦੌਰਾਨ ਦੁਪਹਿਰ ਵੇਲੇ ਅਚਾਨਕ ਬੱਦਲ ਛਾਏ ਰਹਿਣਗੇ ਤੇ ਸ਼ਾਮ ਨੂੰ ਗਰਜ ਦੇ ਨਾਲ ਮੀਂਹ ਪਵੇਗਾ। ਅਜਿਹੀਆਂ ਘਟਨਾਵਾਂ ਆਉਣ ਵਾਲੇ ਹਰ ਹਫ਼ਤੇ ਵਾਪਰਨਗੀਆਂ।
ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਨਿੱਜੀ ਏਜੰਸੀ ਸਕਾਈਮੇਟ ਨੇ ਵੀ ਇੱਕ ਦਿਨ ਪਹਿਲਾਂ 2022 ਲਈ ਮਾਨਸੂਨ ਦੀ ਭਵਿੱਖਬਾਣੀ ਜਾਰੀ ਕਰ ਦਿੱਤੀ ਹੈ। ਇਸ ਹਿਸਾਬ ਨਾਲ ਇਸ ਸਾਲ ਮਾਨਸੂਨ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ। ਯਾਨੀ ਇਸ ਵਾਰ 4 ਮਹੀਨਿਆਂ ਦੌਰਾਨ 98 ਫੀਸਦੀ ਬਾਰਸ਼ ਹੋਵੇਗੀ। ਆਮ ਤੌਰ 'ਤੇ, ਭਾਰਤ ਵਿੱਚ ਜੂਨ ਤੇ ਸਤੰਬਰ ਦੇ ਵਿਚਕਾਰ 880.6 ਮਿਲੀਮੀਟਰ ਬਾਰਿਸ਼ ਹੁੰਦੀ ਹੈ, ਜਿਸਦਾ ਮਤਲਬ ਹੈ ਕਿ ਇਹ 2022 ਵਿੱਚ ਉਸੇ ਮਾਤਰਾ ਦਾ 98% ਹੋ ਸਕਦਾ ਹੈ। ਸਕਾਈਮੇਟ ਨੇ ਵੀ ਇਸ ਅੰਦਾਜ਼ੇ 'ਚ 5 ਫੀਸਦੀ ਵਾਧੇ ਜਾਂ ਕਮੀ ਦਾ ਮਾਰਜਿਨ ਰੱਖਿਆ ਹੈ।
ਇਹ ਵੀ ਪੜ੍ਹੋ: 78 ਸਾਲਾ ਬੇਬੇ ਨੇ ਸਾਰੀ ਜਾਇਦਾਦ ਕੀਤੀ ਰਾਹੁਲ ਗਾਂਧੀ ਦੇ ਨਾਂ, ਦੱਸਿਆ ਇਹ ਕਾਰਨ