ਕੈਪਟਨ ਦੇ ਸ਼ਹਿਰ 'ਚ ਕਿਸਾਨਾਂ ਦਾ ਧਰਨਾ ਜਾਰੀ, ਕੇਂਦਰ ਤੇ ਪੰਜਾਬ ਸਰਕਾਰ ਦੀ ਖੋਲ੍ਹਣਗੇ ਪੋਲ
ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸ਼ੁਰੂ ਕੀਤਾ ਗਿਆ ਤਿੰਨ ਦਿਨ ਦਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਯੂਨੀਅਨ ਵੱਲੋਂ ਧਰਨਾ ਪੰਜਾਬ ਸਰਕਾਰ 'ਚ ਕੋਰੋਨਾਵਾਇਰਸ ਨੂੰ ਪੰਜਾਬ ਵਿੱਚ ਰੋਕਣ 'ਚ ਰਹੀ ਨਾਕਾਮੀ ਦੇ ਖਿਲਾਫ ਹੈ।
ਪਟਿਆਲਾ: ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸ਼ੁਰੂ ਕੀਤਾ ਗਿਆ ਤਿੰਨ ਦਿਨ ਦਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਯੂਨੀਅਨ ਵੱਲੋਂ ਧਰਨਾ ਪੰਜਾਬ ਸਰਕਾਰ 'ਚ ਕੋਰੋਨਾਵਾਇਰਸ ਨੂੰ ਪੰਜਾਬ ਵਿੱਚ ਰੋਕਣ 'ਚ ਰਹੀ ਨਾਕਾਮੀ ਦੇ ਖਿਲਾਫ ਹੈ। ਜਥੇਬੰਦੀ ਦੇ ਆਗੂ ਸੁਖਦੇਵ ਸਿੰਘ ਕੋਕਰਿਕਲਾਂ ਨੇ ਕਿਹਾ ਕਿ ਜਥੇਬੰਦੀ ਦਾ ਹੋਰ ਕੋਈ ਵੱਡਾ ਆਗੂ ਇਸ ਧਰਨੇ 'ਚ ਸ਼ਾਮਿਲ ਨਹੀਂ ਹੋਇਆ ਜੋ ਇਕ ਯੋਜਨਾ ਦਾ ਹਿੱਸਾ ਹੈ ਕਿਉਂਕਿ ਆਗੂਆਂ ਦੀਆਂ ਜ਼ਿੰਮੇਵਾਰੀਆਂ ਵੱਖ-ਵੱਖ ਜਗ੍ਹਾ 'ਤੇ ਲਾਈਆਂ ਗਈਆਂ ਹਨ। ਜਿਸ 'ਚ ਕੁਝ ਆਗੂ ਦਿੱਲੀ ਧਰਨੇ 'ਚ ਹਨ ਅਤੇ ਕੁਝ ਪੰਜਾਬ 'ਚ ਕੰਮ ਸੰਭਾਲ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਇਸ ਧਰਨੇ ਲਈ ਬਾਕੀ ਜਥੇਬੰਦੀਆਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕੋਰੋਨਾ ਦੇ ਚਲਦੇ ਇਹ ਹੋ ਨਹੀਂ ਪਾਇਆ ਅਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਇਹ ਪਹਿਲਾਂ ਹੀ ਕਿਹਾ ਗਿਆ ਹੈ ਕਿ ਜੇ ਕਰ ਕੋਈ ਜਥੇਬੰਦੀ ਆਪਣੇ ਤੌਰ 'ਤੇ ਕੋਈ ਇਦਾਂ ਦੇ ਧਰਨੇ ਲਾਉਣਾ ਚਾਹੰਦੀ ਹੈ ਤਾਂ ਉਹ ਲਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਧਰਨੇ ਦਾ ਜੋ ਮਕਸਦ ਸੀ ਉਹ ਪੂਰਾ ਹੁੰਦਾ ਦਿੱਖ ਰਿਹਾ ਹੈ ਅਤੇ ਪੰਜਾਬ ਸਰਕਾਰ 'ਤੇ ਦਬਾਵ ਹੈ ਕਿ ਉਹ ਕੋਰੋਨਾ ਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਕਰਨ। ਨਹੀਂ ਤਾਂ ਲੋਕਾਂ ਦਾ ਗੁੱਸਾ ਸਰਕਾਰ ਨੂੰ ਝੇਲਣਾ ਪਵੇਗਾ।
ਉਨ੍ਹਾਂ ਨੇ ਕਿਹਾ ਕਿ ਧਰਨੇ 'ਚ ਕੋਰੋਨਾ ਤੋਂ ਬਚਾਅ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਧਰਨੇ ਦਾ ਮਕਸਦ ਲੋਕਾਂ ਨੂੰ ਇਕ ਵਾਰੀ ਫਿਰ ਦਿੱਲੀ ਵੱਲ ਕੂਚ ਕਰਨ ਲਈ ਤਿਆਰ ਕਰਨਾ ਵੀ ਹੈ। ਇਹ ਵੀ ਸਮਝਾਉਣਾ ਹੈ ਕਿ ਕੋਰੋਨਾ ਤੋਂ ਬਚਦੇ ਹੋਏ ਵੀ ਉਹ ਦਿੱਲੀ ਧਰਨਿਆਂ 'ਚ ਸ਼ਮੂਲੀਅਤ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਲੜਾਈ ਅਜੇ ਵੀ ਕੇਂਦਰ ਸਰਕਾਰ ਨਾਲ ਹੈ ਜੋ ਖੇਤੀ ਕਾਨੂੰਨ ਨੂੰ ਰੱਦ ਕਰਨ ਵਾਸਤੇ ਹੈ, ਪਰ ਪੰਜਾਬ ਸਰਕਾਰ ਦੀ ਨਾਕਾਮੀ ਨੂੰ ਜਗ ਜ਼ਾਹਿਰ ਕਰਨਾ ਵੀ ਧਰਨੇ ਦਾ ਮਕਸਦ ਹੈ ਜੋ ਪੂਰਾ ਹੁੰਦਾ ਦਿੱਖ ਰਿਹਾ ਹੈ।