ਬੈਂਕ 'ਚ ਬੰਦੂਕ ਦੀ ਨੋਕ 'ਤੇ 15 ਲੱਖ ਰੁਪਏ ਲੁੱਟ, ਘਟਨਾ CCTV 'ਚ ਕੈਦ
ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ ਸੋਮਵਾਰ ਦੁਪਹਿਰ ਨੂੰ ਇਕ ਬੈਂਕ 'ਚ ਬੰਦੂਕ ਦੀ ਨੋਕ 'ਤੇ 15 ਲੱਖ ਰੁਪਏ ਲੁੱਟ ਲਏ ਗਏ। ਆਜ਼ਾਦ ਨਗਰ ਇਲਾਕੇ 'ਚ ਸੀਆਰ ਲਾਅ ਕਾਲਜ ਨੇੜੇ ਸਥਿਤ ਯੂਨੀਅਨ ਬੈਂਕ ਆਫ਼ ਇੰਡੀਆ 'ਚ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਹਿਸਾਰ: ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ ਸੋਮਵਾਰ ਦੁਪਹਿਰ ਨੂੰ ਇਕ ਬੈਂਕ 'ਚ ਬੰਦੂਕ ਦੀ ਨੋਕ 'ਤੇ 15 ਲੱਖ ਰੁਪਏ ਲੁੱਟ ਲਏ ਗਏ। ਆਜ਼ਾਦ ਨਗਰ ਇਲਾਕੇ 'ਚ ਸੀਆਰ ਲਾਅ ਕਾਲਜ ਨੇੜੇ ਸਥਿਤ ਯੂਨੀਅਨ ਬੈਂਕ ਆਫ਼ ਇੰਡੀਆ 'ਚ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਾਰ ਵਿੱਚ ਆਏ ਚਾਰ ਹਥਿਆਰਬੰਦ ਬਦਮਾਸ਼ ਵਾਰਦਾਤ ਕਰਕੇ ਫਰਾਰ ਹੋ ਗਏ। ਘਟਨਾ ਦੀਆਂ ਸਾਰੀਆਂ ਤਸਵੀਰਾਂ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈਆਂ ਹਨ।
ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਬੈਂਕ ਕਰਮਚਾਰੀਆਂ ਦੇ ਨਾਲ-ਨਾਲ ਗਾਹਕਾਂ ਨੂੰ ਵੀ ਬੰਧਕ ਬਣਾ ਲਿਆ। ਇਸ ਤੋਂ ਬਾਅਦ ਗਾਹਕਾਂ ਦੇ ਮੋਬਾਈਲ ਫ਼ੋਨ ਵੀ ਜ਼ਬਤ ਕਰ ਲਏ ਗਏ ਤਾਂ ਜੋ ਉਹ ਪੁਲਿਸ ਨੂੰ ਸੂਚਨਾ ਨਾ ਦੇ ਸਕਣ। ਜ਼ਿਕਰਯੋਗ ਹੈ ਕਿ ਲੁਟੇਰੇ ਕਰੀਬ 12 ਮਿੰਟ 'ਚ 15 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ।
ਲੁਟੇਰਿਆਂ ਦੇ ਫਰਾਰ ਹੋਣ ਮਗਰੋਂ ਬੈਂਕ ਕਰਮਚਾਰੀਆਂ ਨੇ ਲੁੱਟ ਦੀ ਸੂਚਨਾ ਪੁਲਿਸ ਨੂੰ ਦਿੱਤੀ।ਹਿਸਾਰ ਦੇ ਪੁਲਿਸ ਸੁਪਰਡੈਂਟ ਲੋਕੇਂਦਰ ਸਿੰਘ ਨੇ ਦੱਸਿਆ ਕਿ 4 ਬਦਮਾਸ਼ਾਂ ਨੇ ਹਥਿਆਰਾਂ ਨਾਲ ਬੈਂਕ ਗਾਰਡ ਦੀ ਕੁੱਟਮਾਰ ਕੀਤੀ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ। ਪੁਲਿਸ ਨੇ ਪੂਰੇ ਜ਼ਿਲ੍ਹੇ ਦੀ ਨਾਕਾਬੰਦੀ ਕਰ ਦਿੱਤੀ ਹੈ। ਸੀਆਈਏ ਦੀ ਟੀਮ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਸੀਸੀਟੀਵੀ ਫੁਟੇਜ ਤੋਂ ਲੁਟੇਰਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਪੈਨਸ਼ਨ ਲੈਣ ਲਈ ਆਪਣੀ ਮਾਂ ਨਾਲ ਬੈਂਕ ਆਏ ਨੌਜਵਾਨ ਸੁਰੇਸ਼ ਨੇ ਦੱਸਿਆ ਕਿ ਜਿਵੇਂ ਹੀ ਉਹ ਪੈਸੇ ਲੈਣ ਲਈ ਫਾਰਮ ਜਮ੍ਹਾਂ ਕਰਵਾ ਰਿਹਾ ਸੀ ਤਾਂ 4 ਵਿਅਕਤੀ ਬੰਦੂਕ ਲੈ ਕੇ ਆਏ ਅਤੇ ਗਾਰਡ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਇੱਕ ਵਿਅਕਤੀ ਅੰਦਰ ਆਇਆ ਅਤੇ ਬੈਗ ਵਿੱਚ ਪਾ ਕੇ ਪੈਸੇ ਲੈ ਗਿਆ। ਬੰਦੂਕ ਵੱਲ ਇਸ਼ਾਰਾ ਕਰਕੇ ਸਾਰਿਆਂ ਨੂੰ ਧਮਕੀ ਦਿੱਤੀ ਕਿ ਜੇਕਰ ਕਿਸੇ ਨੇ ਫੋਨ ਕੀਤਾ ਤਾਂ ਗੋਲੀ ਚਲਾ ਦੇਵਾਂਗੇ। ਇਸ ਤੋਂ ਬਾਅਦ ਉਸ ਦਾ ਫੋਨ ਵੀ ਖੋਹ ਲਿਆ ਗਿਆ।
ਇਹ ਬੈਂਕ ਸ਼ਹਿਰ ਦੇ ਸਭ ਤੋਂ ਸੁਰੱਖਿਅਤ ਖੇਤਰ ਵਿੱਚ ਸਥਿਤ ਹੈ, ਬੈਂਕ ਦੇ ਆਲੇ-ਦੁਆਲੇ ਜ਼ਿਲ੍ਹਾ ਡਿਪਟੀ ਕਮਿਸ਼ਨਰ, ਹਿਸਾਰ ਰੇਂਜ ਦੇ ਕਮਿਸ਼ਨਰ ਦੀ ਰਿਹਾਇਸ਼ ਹੈ, ਬੈਂਕ ਦੇ ਸਾਹਮਣੇ ਹਿਸਾਰ ਦੇ ਸਾਰੇ ਨਿਆਂਇਕ ਅਧਿਕਾਰੀ ਰਹਿੰਦੇ ਹਨ। ਅਜਿਹੇ ਸੁਰੱਖਿਅਤ ਇਲਾਕੇ 'ਚ ਵੀ ਲੁੱਟ-ਖੋਹ ਦੀਆਂ ਬੇਖੌਫ ਘਟਨਾਵਾਂ ਕਿਤੇ ਨਾ ਕਿਤੇ ਪੁਲਿਸ ਦੀ ਸੁਰੱਖਿਆ ਵਿਵਸਥਾ 'ਤੇ ਸਵਾਲ ਖੜ੍ਹੇ ਕਰਦੀਆਂ ਹਨ।