International Flights: ਵਿਦੇਸ਼ ਆਉਣ-ਜਾਣ ਵਾਲਿਆਂ ਨੂੰ ਮੁੜ ਝਟਕਾ, ਕਈ ਦੇਸ਼ਾਂ ਦੀਆਂ ਫਲਾਈਟਾਂ 'ਤੇ ਲੱਗ ਸਕਦੀ ਪਾਬੰਦੀ
Covid New Variant: ਸੂਤਰਾਂ ਮੁਤਾਬਕ ਕਈ ਦੇਸ਼ਾਂ ਦੀਆਂ ਉਡਾਣਾਂ ਉੱਪਰ ਮੁੜ ਪਾਬੰਦੀ ਲੱਗ ਸਕਦੀ ਹੈ। ਇਸ ਤੋਂ ਇਲਾਵਾ ਸਖਤ ਗਾਈਡਲਾਈਨਜ਼ ਲਾਗੂ ਹੋ ਸਕਦੀਆਂ ਹਨ।
ਨਵੀਂ ਦਿੱਲੀ: ਵਿਦੇਸ਼ ਆਉਣ-ਜਾਣ ਵਾਲਿਆਂ ਨੂੰ ਮੁੜ ਝਟਕਾ ਲੱਗ ਕਦਾ ਹੈ। ਕਰੋਨਾ ਦੇ ਨਵੇਂ ਰੂਪ ‘ਓਮੀਕਰੋਨ’ ਦੇ ਫੈਲਣ ਕਾਰਨ ਕਈ ਦੇਸ਼ਾਂ ਦੀਆਂ ਫਲਾਈਟਾਂ 'ਤੇ ਪਾਬੰਦੀ ਲੱਗ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਉਡਾਣਾਂ ’ਤੇ ਲਾਈ ਗਈ ਪਾਬੰਦੀ ਨੂੰ ਹਟਾਉਣ ਦੀ ਯੋਜਨਾ ਦੀ ਸਮੀਖਿਆ ਕਰਨ। ਸੂਤਰਾਂ ਮੁਤਾਬਕ ਕਈ ਦੇਸ਼ਾਂ ਦੀਆਂ ਉਡਾਣਾਂ ਉੱਪਰ ਮੁੜ ਪਾਬੰਦੀ ਲੱਗ ਸਕਦੀ ਹੈ। ਇਸ ਤੋਂ ਇਲਾਵਾ ਸਖਤ ਗਾਈਡਲਾਈਨਜ਼ ਲਾਗੂ ਹੋ ਸਕਦੀਆਂ ਹਨ।
ਦੱਸ ਦਈਏ ਕਿ ਭਾਰਤ ਨੇ ਕਰੋਨਾ ਦੀ ਲਾਗ ਦਾ ਖ਼ਤਰਾ ਘਟਣ ਵਾਲੇ ਮੁਲਕਾਂ ’ਚ ਉਡਾਣਾਂ ਸ਼ੁਰੂ ਕਰਨ ਦਾ ਫ਼ੈਸਲਾ ਅਜੇ ਸ਼ੁੱਕਰਵਾਰ ਨੂੰ ਹੀ ਲਿਆ ਸੀ। ਇਸ ਨਾਲ ਵਿਦੇਸ਼ ਆਉਣ-ਜਾਣ ਵਾਲਿਆਂ ਨੂੰ ਕਾਫੀ ਰਾਹਤ ਮਿਲੀ ਸੀ। ਹੁਣ ਕੋਰੋਨਾ ਦਾ ਨਵਾਂ ਰੂਪ ਆਉਣ ਮਗਰੋਂ ਮੁੜ ਸਖਤੀ ਹੋਣ ਲੱਗੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਵੱਲੋਂ ਲਾਗ ਦੇ ਨਵੇਂ ਸਰੂਪ ਨੂੰ ਖ਼ਤਰਨਾਕ ਐਲਾਨਣ ਮਗਰੋਂ ਪੀਐਮ ਮੋਦੀ ਨੇ ਸਾਰੀਆਂ ਕੌਮਾਂਤਰੀ ਉਡਾਣਾਂ ਖਾਸ ਕਰਕੇ ਲਾਗ ਫੈਲਣ ਵਾਲੇ ਮੁਲਕਾਂ ਤੋਂ ਆਉਣ ਵਾਲੇ ਨਾਗਰਿਕਾਂ ਦੀ ਨਿਗਰਾਨੀ ਕਰਨ ਤੇ ਨਿਰਦੇਸ਼ਾਂ ਮੁਤਾਬਕ ਲੋਕਾਂ ਦੇ ਟੈਸਟ ਕਰਨ ਦੇ ਨਿਰਦੇਸ਼ ਦਿੱਤੇ ਹਨ।
ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਕਰੋਨਾ ਦੇ ਨਵੇਂ ਸਰੂਪ ਤੋਂ ਪ੍ਰਭਾਵਿਤ ਮੁਲਕਾਂ ਤੋਂ ਭਾਰਤ ਆਉਣ ਵਾਲੀਆਂ ਉਡਾਣਾਂ ’ਤੇ ਰੋਕ ਲਾਉਣ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਮੁਲਕ ਬੜੀ ਮੁਸ਼ਕਲ ਨਾਲ ਕਰੋਨਾ ਮਹਾਮਾਰੀ ਤੋਂ ਉਭਰਿਆ ਹੈ ਤੇ ਨਵੇਂ ਸਰੂਪ ਨੂੰ ਭਾਰਤ ’ਚ ਦਾਖ਼ਲ ਹੋਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।
ਦੱਸ ਦਈਏ ਕਿ ਕਰੋਨਾ ਦਾ ਨਵਾਂ ਰੂਪ ਓਮੀਕਰੋਨ ਪਿਛਲੇ ਚਾਰ ਦਿਨਾਂ ਵਿੱਚ ਅੱਠ ਦੇਸ਼ਾਂ ਵਿਚ ਮਾਰ ਕਰ ਚੁੱਕਾ ਹੈ। ਇਨ੍ਹਾਂ ਵਿੱਚ ਦੱਖਣੀ ਅਫਰੀਕਾ, ਇਜ਼ਰਾਇਲ, ਹਾਂਗਕਾਂਗ, ਬੋਤਸਵਾਨਾ, ਬੈਲਜੀਅਮ, ਜਰਮਨੀ, ਚੈਕ ਗਣਰਾਜ ਤੇ ਬਰਤਾਨੀਆ ਸ਼ਾਮਲ ਹੈ। ਇਸ ਰੂਪ ਬਾਰੇ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ 24 ਨਵੰਬਰ ਨੂੰ ਵਿਸ਼ਵ ਸਿਹਤ ਸੰਸਥਾ ਨੂੰ ਜਾਣਕਾਰੀ ਦਿੱਤੀ ਸੀ। ਡਬਲਿਊਐਚਓ ਨੇ ਦੱਖਣੀ ਏਸ਼ਿਆਈ ਦੇਸ਼ਾਂ ਨੂੰ ਕਰੋਨਾ ਦੇ ਨਵੇਂ ਰੂਪ ਤੋਂ ਚੌਕਸ ਰਹਿਣ ਲਈ ਕਿਹਾ ਸੀ।
ਇਹ ਵੀ ਪੜ੍ਹੋ: Covid New Variant: ਕੋਰੋਨਾ ਦੇ ਨਵੇਂ ਰੂਪ ‘ਓਮੀਕਰੋਨ’ ਨੇ ਮਚਾਈ ਦੁਨੀਆ ਭਰ 'ਚ ਦਹਿਸ਼ਤ, ਪੀਐਮ ਮੋਦੀ ਵੱਲੋਂ ਸਖਤ ਨਿਰਦੇਸ਼
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: