Akal Takht-SGPC Conflict: ਪੰਥਕ ਸਿਆਸਤ 'ਚ ਵੱਡਾ ਵਿਸਫੋਟ! ਅਕਾਲ ਤਖ਼ਤ ਸਾਹਿਬ ਮੂਹਰੇ ਅੜੀ ਸ਼੍ਰੋਮਣੀ ਕਮੇਟੀ, ਸਿੱਖ ਸੰਗਤਾਂ ਦਾ ਖੂਨ ਮਾਰਨ ਲੱਗਾ ਉਬਾਲੇ
ਪੰਥਕ ਸਿਆਸਤ ਅੰਦਰ ਵਿਸਫੋਟਕ ਹਾਲਾਤ ਬਣ ਗਏ ਹਨ। ਬਾਦਲ ਪਰਿਵਾਰ ਦੀ ਅਗਵਾਈ ਵਾਲਾ ਧੜਾ ਕਿਸੇ ਵੀ ਕੀਮਤ ਉਪਰ ਪਿੱਛੇ ਹਟਣ ਲਈ ਤਿਆਰ ਨਹੀਂ। ਇਸ ਕਰਕੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ

Conflict Between Akal Takht and SGPC: ਪੰਥਕ ਸਿਆਸਤ ਅੰਦਰ ਵਿਸਫੋਟਕ ਹਾਲਾਤ ਬਣ ਗਏ ਹਨ। ਬਾਦਲ ਪਰਿਵਾਰ ਦੀ ਅਗਵਾਈ ਵਾਲਾ ਧੜਾ ਕਿਸੇ ਵੀ ਕੀਮਤ ਉਪਰ ਪਿੱਛੇ ਹਟਣ ਲਈ ਤਿਆਰ ਨਹੀਂ। ਇਸ ਕਰਕੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਆਹਮੋ-ਸਾਹਮਣੇ ਆ ਗਏ ਹਨ। ਇਸ ਸਭ ਨੂੰ ਵੇਖ ਦੇਸ਼-ਵਿਦੇਸ਼ ਦੀ ਸਿੱਖ ਸੰਗਤ ਅੰਦਰ ਭਾਰੀ ਰੋਸ ਹੈ। ਜੇਕਰ ਵੇਲੇ ਸਿਰ ਇਸ ਮਾਮਲੇ ਦਾ ਕੋਈ ਸਾਰਥਿਕ ਹੱਲ ਨਾ ਨਿਕਲਿਆ ਤਾਂ ਪੰਥਕ ਸਿਆਸਤ ਵਿੱਚ ਵੱਡੇ ਧਮਾਕੇ ਹੋ ਸਕਦੇ ਹਨ।
ਦਰਅਸਲ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਟਕਰਾਅ ਬੇਹੱਦ ਡੂੰਘਾ ਹੋ ਗਿਆ ਹੈ। ਦੋਵੇਂ ਸੰਸਥਾਵਾਂ ਪੰਥਕ ਮੁੱਦਿਆਂ 'ਤੇ ਆਹਮੋ-ਸਾਹਮਣੇ ਆ ਗਈਆਂ ਹਨ। ਹਾਲਾਤ ਇਹ ਬਣ ਗਏ ਹਨ ਕਿ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਵੀ ਅੱਖੋਂ ਓਹਲੇ ਕਰਨ ਲੱਗੀ ਹੈ। ਇਸ ਸਭ ਨੂੰ ਵੇਖ ਸਿੱਖ ਭਾਈਚਾਰੇ ਵਿੱਚ ਬਹੁਤ ਗੁੱਸਾ ਹੈ।
ਦੱਸ ਦਈਏ ਕਿ ਹੁਣ ਤੱਕ ਇਹ ਚਰਚਾ ਰਹੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾਮੁਕਤੀ ਸਬੰਧੀ ਸ਼੍ਰੋਮਣੀ ਕਮੇਟੀ ਕੋਲ ਕੋਈ ਅਧਿਕਾਰ ਨਹੀਂ। ਸ਼੍ਰੋਮਣੀ ਕਮੇਟੀ ਕੋਲ ਸਿਰਫ਼ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਹੋਰ ਗ੍ਰੰਥੀਆਂ ਦੀ ਨਿਯੁਕਤੀ ਤੇ ਹਟਾਉਣ ਦਾ ਅਧਿਕਾਰ ਹੈ ਪਰ ਸ਼੍ਰੋਮਣੀ ਕਮੇਟੀ ਦੇ ਕਾਰਜਕਾਰਨੀ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਜਥੇਦਾਰਾਂ ਨੂੰ ਹਟਾ ਸਕਦੀ ਹੈ ਤੇ ਉਨ੍ਹਾਂ ਨੂੰ ਨਿਯੁਕਤ ਕਰਨ ਦਾ ਅਧਿਕਾਰ ਵੀ ਰੱਖਦੀ ਹੈ। ਇਸ ਦੇ ਨਾਲ ਹੀ ਜਥੇਦਾਰ ਦੇ ਸੁਨੇਹੇ ਤੇ ਬਿਆਨ ਸਰਵ ਵਿਆਪਕ ਨਹੀਂ। ਸ਼੍ਰੋਮਣੀ ਕਮੇਟੀ ਨੂੰ ਜਥੇਦਾਰਾਂ ਦੇ ਮਾਮਲਿਆਂ ਦੀ ਜਾਂਚ ਕਰਨ ਦਾ ਵੀ ਅਧਿਕਾਰ ਹੈ।
ਜਥੇਦਾਰ ਅਕਾਲ ਤਖ਼ਤ ਗਿਆਨੀ ਰਘਬੀਰ ਸਿੰਘ ਸ਼੍ਰੋਮਣੀ ਕਮੇਟੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਦੇ ਇਸ ਬਿਆਨ ਤੋਂ ਬਹੁਤ ਨਾਰਾਜ਼ ਹੋਏ ਤੇ ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਸ਼੍ਰੋਮਣੀ ਕਮੇਟੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਕਹੀਆਂ ਗਈਆਂ ਗੱਲਾਂ ਦਾ ਖੁਲਾਸਾ ਕੀਤਾ। ਇਸ ਕਾਰਨ ਸਿੱਖ ਭਾਈਚਾਰੇ ਵਿੱਚ ਅਕਾਲੀ ਲੀਡਰਸ਼ਿਪ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਧੜੇ ਵਿਰੁੱਧ ਗੁੱਸਾ ਵਧ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਅੰਦਰ ਪੰਥਕ ਸਿਆਸਤ ਨਵੀਂ ਕਰਵਟ ਲੈ ਸਕਦੀ ਹੈ। ਇਸ ਨਾਲ ਬਾਦਲ ਧੜੇ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਦਰਅਸਲ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹੀ ਆਵਾਜ਼ ਉੱਠਦੀ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ ਪ੍ਰਬੰਧ ਹੇਠ ਤਿੰਨਾਂ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਆਪਣੀ ਮਰਜ਼ੀ ਨਾਲ ਨਿਯੁਕਤ ਕਰਦੀ ਤੇ ਹਟਾਉਂਦੀ ਹੈ। ਇਸ ਲਈ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾਮੁਕਤੀ ਸਬੰਧੀ ਨਿਯਮ ਬਣਾਏ ਜਾਣੇ ਚਾਹੀਦੇ ਹਨ। ਅੱਜ ਤੱਕ ਸ਼੍ਰੋਮਣੀ ਕਮੇਟੀ ਨੇ ਨਾ ਤਾਂ ਇਸ ਬਾਰੇ ਕੋਈ ਨਿਯਮ ਬਣਾਏ ਤੇ ਨਾ ਹੀ ਇਹ ਜਨਤਕ ਕੀਤਾ ਹੈ ਕਿ ਗੁਰਦੁਆਰਾ ਐਕਟ ਅਨੁਸਾਰ ਸ਼੍ਰੋਮਣੀ ਕਮੇਟੀ ਨੂੰ ਜਥੇਦਾਰ ਨੂੰ ਹਟਾਉਣ ਤੇ ਨਿਯੁਕਤ ਕਰਨ ਦਾ ਅਧਿਕਾਰ ਹੈ।
ਇਸ ਕਾਰਨ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਵਿਰੁੱਧ ਆਮ ਲੋਕਾਂ ਦਾ ਗੁੱਸਾ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਸਾਹਮਣੇ ਆਉਣ ਲੱਗਾ ਹੈ। ਜੇਕਰ ਇਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਕਮੇਟੀ ਤੇ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਵਿਚਕਾਰ ਟਕਰਾਅ ਹੋਰ ਵਧ ਜਾਵੇਗਾ। ਦੂਜੇ ਪਾਸੇ ਪੰਥਕ ਟਕਰਾਅ ਨੂੰ ਵੇਖਦਿਆਂ ਦੇਸ਼ ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਵੀ ਐਕਟਿਵ ਹੋ ਗਈਆਂ ਹਨ। ਇਸ ਲਈ ਆਉਣ ਵਾਲੇ ਸਮੇਂ ਅੰਦਰ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
