Holiday in School: ਪੰਜਾਬ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ, ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ, ਭਾਰੀ ਮੀਂਹ ਕਾਰਨ ਲਿਆ ਫੈਸਲਾ, ਵੱਧ ਸਕਦੀਆਂ ਹੋਰ ਛੁੱਟੀਆਂ !
Holiday in School:
Holiday in School: ਪੰਜਾਬ ਅਤੇ ਹਿਮਾਚਲ ਵਿੱਚ ਭਾਰੀ ਮੀਂਹ ਤੋਂ ਬਾਅਦ ਰੋਪੜ ਜ਼ਿਲ੍ਹੇ ਦੇ ਬਲਾਕ ਨੰਗਲ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ 13 ਸਕੂਲਾਂ ਵਿੱਚ ਪਾਣੀ ਭਰ ਗਿਆ ਹੈ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਉਕਤ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ।
ਇਨ੍ਹਾਂ ਸਕੂਲਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਭੱਲਾੜੀ, ਨੰਗਰਾਂ, ਖਾਬੜਾ, ਖੇੜਾ ਕਮਲੋਟ, ਭੈਣੀ, ਅਮਰਪੁਰ ਬੇਲਾ, ਬ੍ਰਹਮਪੁਰ, ਲੋਅਰ ਅਤੇ ਮਾਹਿਲਵਾਂ ਦੇ ਨਾਲ-ਨਾਲ ਸਰਕਾਰੀ ਮਿਡਲ ਸਕੂਲ ਮਾਹਿਲਵਾਂ, ਖਾਨਪੁਰ, ਸਰਕਾਰੀ ਹਾਈ ਸਕੂਲ ਕੁਲਰੀਆਂ, ਦਸਗਰਾਈ ਅਤੇ ਸਰਕਾਰੀ ਸੀਨੀਅਰ ਸਕੂਲ ਸੁਖਸਾਲ ਸ਼ਾਮਲ ਹਨ।
ਰੋਪੜ ਖੇਤਰ ਵਿੱਚ ਬੀਤੇ ਦਿਨ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇੱਥੇ ਸਤਲੁਜ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ। ਕਿਉਂਕਿ ਹਿਮਾਚਲ ਵਿੱਚ ਮੀਂਹ ਦਾ ਪਾਣੀ ਮੈਦਾਨੀ ਇਲਾਕਿਆਂ ਵੱਲ ਵੱਧ ਰਿਹਾ ਹੈ। ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਖੇਤਰਾਂ ਦੇ ਸਕੂਲਾਂ ਵਿੱਚ ਛੁੱਟੀਆਂ ਵਧਾਈਆਂ ਜਾ ਸਕਦੀਆਂ ਹਨ। ਪੰਜਾਬ ਵਿੱਚ ਸ਼ਨੀਵਾਰ ਰਾਤ ਤੋਂ ਭਾਰੀ ਮੀਂਹ ਪੈ ਰਿਹਾ ਹੈ। ਬੀਤੇ ਦਿਨ ਵੀ ਸੂਬੇ ਵਿੱਚ ਸਾਰੀਆਂ ਥਾਵਾਂ 'ਤੇ ਤੇਜ਼ ਮੀਂਹ ਦੇਖਣ ਨੂੰ ਮਿਲਿਆ ਸੀ। ਅੱਜ ਵੀ ਸਵੇਰ ਦੇ ਸਮੇਂ ਪੰਜਾਬ ਵਿੱਚ ਕਈ ਜਿਲ੍ਹਿਆਂ ਵਿੱਚ ਮੀਂਹ ਪਿਆ ਹੈ।
ਓਧਰ ਮੌਸਮ ਵਿਭਾਗ ਨੇ ਅੱਜ ਚੰਡੀਗੜ੍ਹ ਵਿੱਚ ਵੀ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਕੁਝ ਖੇਤਰਾਂ ਵਿੱਚ ਗਰਜ ਨਾਲ ਮੀਂਹ ਪੈ ਸਕਦਾ ਹੈ। ਇਸ ਸਮੇਂ ਅਸਮਾਨ ਵਿੱਚ ਬੱਦਲ ਛਾਏ ਹੋਏ ਹਨ। ਸ਼ਹਿਰ 'ਚ ਪਿਛਲੇ 24 ਘੰਟਿਆਂ 'ਚ 129.7 ਮਿਲੀਮੀਟਰ ਬਾਰਿਸ਼ ਹੋਈ ਹੈ। ਜੋ ਕਿ ਇਸ ਸੀਜ਼ਨ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਬਾਰਿਸ਼ ਹੈ। ਇਸ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ।
ਮੌਸਮ ਵਿਭਾਗ ਨੇ ਕੱਲ੍ਹ ਵੱਧ ਤੋਂ ਵੱਧ ਤਾਪਮਾਨ 27.8 ਡਿਗਰੀ ਸੈਲਸੀਅਸ ਦਰਜ ਕੀਤਾ ਸੀ। ਜਿਸ ਵਿਚ 24 ਘੰਟਿਆਂ ਵਿਚ 6.2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ ਆਮ ਨਾਲੋਂ 5.7 ਡਿਗਰੀ ਸੈਲਸੀਅਸ ਘੱਟ ਸੀ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਸਵੇਰੇ ਸਾਢੇ ਪੰਜ ਵਜੇ ਤਾਪਮਾਨ 24.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ 15 ਅਗਸਤ ਤੱਕ ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਚੰਗੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਪਹਿਲੀ ਜੂਨ ਤੋਂ ਹੁਣ ਤੱਕ ਸ਼ਹਿਰ ਵਿੱਚ ਕੁੱਲ 455.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ।