Punjab Congress Crisis: ਅੱਜ ਜੰਤਰ-ਮੰਤਰ ਜਾਕੇ ਕਾਂਗਰਸ ਲੀਡਰਾਂ ਨੂੰ ਮਿਲਣਗੇ ਕੈਪਟਨ ਅਮਰਿੰਦਰ
ਪਾਰਟੀ 'ਚ ਕੈਪਟਨ ਦੇ ਸਿਆਸੀ ਵਿਰੋਧੀ ਨਵਜੋਤ ਸਿੱਧੂ ਨੇ ਸੋਮਵਾਰ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਦੇ ਨਾਲ ਮਿਲ ਕੇ ਪੌਲੀਟੀਕਲ ਬਿਜ਼ਨੈਸ ਚਲਾਉਣ ਦਾ ਵੱਡਾ ਇਲਜ਼ਾਮ ਲਾਇਆ ਸੀ।
ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ਪਰੇਡ ਜਾਰੀ ਹੈ। ਕੈਪਟਨ ਅੱਜ ਫਿਰ ਸਾਢੇ ਤਿੰਨ ਘੰਟੇ ਤਕ ਖੜਗੇ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਕਮੇਟੀ ਨੇ ਕੈਪਟਨ ਨੂੰ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਫਾਸਟ ਟ੍ਰੈਕ ਰਣਨੀਤੀ ਬਣਾਉਣ ਦਾ ਮਸ਼ਵਰਾ ਦਿੱਤਾ ਤਾਂ ਕੈਪਟਨ ਨੇ ਪੰਜਾਬ 'ਚ ਅੰਦਰੂਨੀ ਕਲੇਸ਼ ਦੇ ਚੱਲਦਿਆਂ ਪਾਰਟੀ ਲੀਡਰਾਂ ਵੱਲੋਂ ਹੋ ਰਹੀ ਬਿਆਨਬਾਜ਼ੀ ਦਾ ਰੋਣਾ ਰੋਇਆ।
ਕੈਪਟਨ ਤੇ ਸਿੱਧੂ ਨੂੰ ਲੈਕੇ ਕਾਂਗਰਸ ਚ ਮੈਰਾਥਨ ਕਸਰਤ ਜਾਰੀ
ਪਾਰਟੀ 'ਚ ਕੈਪਟਨ ਦੇ ਸਿਆਸੀ ਵਿਰੋਧੀ ਨਵਜੋਤ ਸਿੱਧੂ ਨੇ ਸੋਮਵਾਰ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਦੇ ਨਾਲ ਮਿਲ ਕੇ ਪੌਲੀਟੀਕਲ ਬਿਜ਼ਨੈਸ ਚਲਾਉਣ ਦਾ ਵੱਡਾ ਇਲਜ਼ਾਮ ਲਾਇਆ ਸੀ। ਕੈਪਟਨ ਤੇ ਸਿੱਧੂ ਨੂੰ ਲੈਕੇ ਕਾਂਗਰਸ 'ਚ ਮੈਰਾਥਨ ਕਸਰਤ ਜਾਰੀ ਹੈ। ਪਹਿਲਾਂ ਜੋ ਕੰਮ ਸੋਨੀਆਂ ਗਾਂਧੀ ਦੀ ਤਿੰਨ ਮੈਂਬਰੀ ਕਮੇਟੀ ਨੇ ਕੀਤਾ ਓਹੀ ਹੁਣ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਕਰ ਰਹੇ ਹਨ।
ਰਾਹੁਲ ਇਕ-ਇਕ ਕਰਕੇ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਮਿਲ ਰਹੇ ਹਨ। ਇਹੀ ਸਭ ਚਾਰ ਦਿਨ ਕਮੇਟੀ ਕਰ ਚੁੱਕੀ ਹੈ। ਕੀ ਰਾਹੁਲ ਨੂੰ ਕਮੇਟੀ ਮੈਂਬਰ ਦੀ ਰਿਪੋਰਟ 'ਤੇ ਕੋਈ ਸ਼ੱਕ ਹੈ? ਜਾਂ ਰਾਹੁਲ ਕਮੇਟੀ ਦੀ ਬਜਾਇ ਖੁਦ ਪੰਜਾਬ ਦੇ ਉਨ੍ਹਾਂ ਲੀਡਰਾਂ ਦੀ ਨਬਜ਼ ਟੋਲਣਾ ਚਾਹੁੰਦੇ ਨੇ ਤਾਂ ਕਿ ਆਖਰੀ ਫੈਸਲਾ ਲੈਂਦਿਆਂ ਸਮੇਂ ਕੋਈ ਸ਼ੰਕਾ ਨਾ ਰਹੇ। ਰਾਹੁਲ ਮੰਗਲਵਾਰ ਦੁਪਹਿਰ ਤੋਂ ਪੰਜਾਬ ਦੇ ਲੀਡਰਾਂ ਨੂੰ ਮਿਲ ਰਹੇ ਹਨ। ਛੇ ਕੈਬਨਿਟ ਮੰਤਰੀਆਂ ਤੇ ਚਾਰ ਵਿਧਾਇਕਾਂ ਨਾਲ ਉਨ੍ਹਾਂ ਦੀ ਮੁਲਾਕਾਤ ਹੋ ਚੁੱਕੀ ਹੈ। ਇਨ੍ਹਾਂ 'ਚ ਸਿੱਧੂ ਦੇ ਕਰੀਬੀ ਪਰਗਟ ਸਿੰਘ ਵੀ ਸ਼ਾਮਲ ਸਨ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਬਲਕਿ ਪੰਜਾਬ ਦੇ ਮੁੱਦਿਆਂ ਨੂੰ ਲੈਕੇ ਹੈ। ਅਸੀਂ ਰਾਹੁਲ ਜੀ ਨੂੰ ਇਹੀ ਦੱਸਿਆ ਹੈ ਤੇ ਉਮੀਦ ਹੈ ਕਿ ਇਕ ਹਫ਼ਤੇ 'ਚ ਮਸਲਾ ਹੱਲ ਹੋ ਜਾਵੇਗਾ।
ਕਾਂਗਰਸ ਦੇ ਸਭ ਤੋਂ ਵੱਡੇ ਲੀਡਰਾਂ ਚੋਂ ਅਜੇ ਤਕ ਕੋਈ ਵੀ ਕੈਪਟਨ ਨੂੰ ਨਹੀਂ ਮਿਲਿਆ
ਕਾਂਗਰਸ ਦੇ ਸਭ ਤੋਂ ਵੱਡੇ ਲੀਡਰਾਂ ਚੋਂ ਅਜੇ ਤਕ ਕੋਈ ਵੀ ਕੈਪਟਨ ਨੂੰ ਨਹੀਂ ਮਿਲਿਆ। ਹੁਣ ਤਕ ਸਿਰਫ਼ ਇਨ੍ਹਾਂ ਤਿੰਨ ਲੀਡਰਾਂ ਨੂੰ ਮਿਲਣ ਲਈ ਦਿੱਲੀ ਆਉਣ ਵਾਲੇ ਅਮਰਿੰਦਰ ਸਿੰਘ ਨੂੰ ਦੋ ਵਾਰ ਕਮੇਟੀ ਦੇ ਸਾਹਮਣੇ ਤਿੰਨ-ਤਿੰਨ ਘੰਟੇ ਲਾ ਚੁੱਕੇ ਹਨ। ਕੈਪਟਨ ਇਸ ਪਰੇਡਬਾਜ਼ੀ ਤੋਂ ਖਾਸੇ ਪਰੇਸ਼ਾਨ ਹਨ। ਪਰ ਫਿਰ ਵੀ ਪਾਰਟੀ ਅਨੁਸ਼ਾਸ਼ਨ 'ਚ ਬਣੇ ਰਹਿਣ ਲਈ ਕੌੜਾ ਘੁੱਟ ਭਰ ਰਹੇ ਹਨ।
ਹਾਈਕਮਾਨ ਦੇ ਸਾਹਮਣੇ ਇਸ ਲੜਾਈ 'ਚ ਕੈਪਟਨ ਪਾਰਟੀ ਲੀਡਰਾਂ ਦੇ ਨਾਲ ਵੀ ਤਾਲਮੇਲ ਬਿਠਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਪਰ ਕੈਪਟਨ ਦੇ ਕਈ ਖਾਸ-ਮ-ਖਾਸ ਮੰਤਰੀ ਤੇ ਵਿਧਾਇਕ ਇਸ ਸਿਆਸੀ ਸਫ਼ਰ 'ਚ ਉਨ੍ਹਾਂ ਦਾ ਸਾਥ ਛੱਡ ਗਏ। ਹਾਲਾਂਕਿ ਪਾਰਟੀ ਦੇ ਕਈ ਸੰਸਦ ਕੈਪਟਨ ਦੇ ਨਾਲ ਜ਼ਰੂਰ ਖੜੇ ਹਨ।