CM Bhagwant Mann: ਸੀਐਮ ਭਗਵੰਤ ਮਾਨ ਦਾ ਕਾਰੋਬਾਰੀਆਂ ਲਈ ਵੱਡਾ ਐਲਾਨ, 10 ਦਿਨਾਂ 'ਚ NOC ਮਿਲੇਗੀ
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰੀਆਂ ਨੂੰ ਕੋਈ ਵੀ ਕਾਰੋਬਾਰ ਸ਼ੁਰੂ ਕਰਨ ਵੇਲੇ ਕੋਈ ਮੁਸ਼ਕਲ ਨਹੀਂ ਹੋਏਗੀ। ਕਾਰੋਬਾਰੀਆਂ ਨੂੰ 10 ਦਿਨਾਂ ਦੇ ਅੰਦਰ ਹੀ ਐਨਓਸੀ ਮਿਲ ਜਾਇਆ ਕਰੇਗੀ
CM Bhagwant Mann: ਪੰਜਾਬ ਸਰਕਾਰ ਨੇ ਇੰਡਸਟਰੀ ਸੈਕਟਰ ਨੂੰ ਵੱਡਾ ਤੋਹਫਾ ਦਿੱਤਾ ਹੈ। ਇਸ ਦਾ ਐਲਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰੀਆਂ ਨੂੰ ਕੋਈ ਵੀ ਕਾਰੋਬਾਰ ਸ਼ੁਰੂ ਕਰਨ ਵੇਲੇ ਕੋਈ ਮੁਸ਼ਕਲ ਨਹੀਂ ਹੋਏਗੀ। ਕਾਰੋਬਾਰੀਆਂ ਨੂੰ 10 ਦਿਨਾਂ ਦੇ ਅੰਦਰ ਹੀ ਐਨਓਸੀ ਮਿਲ ਜਾਇਆ ਕਰੇਗੀ। ਇਸ ਲਈ ਗਰੀਨ ਸਟੈਂਪ ਪੇਪਰ ਜਾਰੀ ਕੀਤਾ ਜਾਏਗਾ। ਇਸ ਦਾ ਮਤਲਬ ਹੋਏਗਾ ਸਭ ਕੁਝ ਕਲੀਅਰ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਇਤਿਹਾਸਕ ਫੈਸਲਾ ਹੈ ਤੇ ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜੋ ਬਾਕੀਆਂ ਨੂੰ ਵੀ ਪ੍ਰੇਰਿਤ ਕਰੇਗਾ।
ਇੰਡਸਟਰੀ ਅਤੇ ਨਿਵੇਸ਼ ਕਰਨ ਵਾਲਿਆਂ ਨੂੰ ਲੈਕੇ ਵੱਡਾ ਫੈਸਲਾ...ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ । Live https://t.co/C3wPCGY7CQ
— Bhagwant Mann (@BhagwantMann) May 12, 2023
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ਪੰਜਾਬ ਦੇ ਵਿੱਚ ਇੰਡਸਟਰੀ ਲਈ ਸਟੈਂਪ ਪੇਪਰਾਂ ਦਾ ਰੰਗ ਬਦਲਿਆ ਜਾ ਰਿਹਾ ਹੈ। ਜੇ ਕਿਸੇ ਨੇ ਫੈਕਟਰੀ ਲਾਉਣੀ ਹੈ ਤਾਂ ਉਸ ਨੂੰ ਹਰਾ ਸਟੈਂਪ ਪੇਪਰ ਖ਼ਰੀਦਣ ਲਈ ਕਿਹਾ ਜਾਵੇਗਾ ਕਿਉਂਕਿ ਇਸ ਵਿੱਚ ਸੀਐਲਯੂ, ਜੰਲਗਾਤ, ਪ੍ਰਦੂਸ਼ਣ ਤੇ ਫਾਇਰ ਨਾਲ ਸਬੰਧਤ ਸਾਰੇ ਵਿਭਾਗਾ ਦੇ ਐਨਓਸੀ ਦੇ ਪੈਸੇ ਵਿੱਚ ਸ਼ਾਮਲ ਕਰ ਲਏ ਜਾਣਗੇ। ਇਸ ਨਾਲ ਵਪਾਰੀਆਂ ਦੀ ਖੱਜਲ ਖੁਆਰੀ ਬਚੇਗੀ। ਮਾਨ ਨੇ ਕਿਹਾ ਦੇ ਦੇਸ਼ ਵਿੱਚ ਪੰਜਾਬ ਪਹਿਲਾ ਸੂਬਾ ਹੈ ਜਿਸ ਨੇ ਇਹ ਫੈਸਲਾ ਲਿਆ ਹੈ। ਮਾਨ ਨੇ ਕਿਹਾ ਕਿ ਅਜੇ ਇਹ ਸਿਰਫ਼ ਇੰਡਸਟਰੀ ਲਈ ਸ਼ੁਰੂ ਕੀਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਇੰਡਸਟਰੀਆਂ ਲਈ ਵੀ ਵੱਖੋ-ਵੱਖਰੇ ਅਸਟਾਮ ਪੇਪਰ ਬਣਾਏ ਜਾਣਗੇ।
ਹਾਸਲ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਉਦਯੋਗਿਕ ਖੇਤਰ ਨਾਲ ਸਬੰਧਤ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਉਦਯੋਗਿਕ ਜ਼ਮੀਨਾਂ ਲਈ ਹਰੇ ਰੰਗ ਦੇ ਸਟੈਂਪ ਪੇਪਰ ਹੋਣਗੇ। ਇਸ ਤੋਂ ਆਸਾਨੀ ਨਾਲ ਪਤਾ ਲੱਗ ਜਾਵੇਗਾ ਕਿ ਇਹ ਜ਼ਮੀਨ ਕਾਰੋਬਾਰੀ ਨੇ ਕਿਸ ਮਕਸਦ ਲਈ ਖਰੀਦੀ ਸੀ ਤੇ ਇਸ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਨਿਵੇਸ਼ ਕਰਨ ਵਾਲੇ ਕਾਰੋਬਾਰੀਆਂ ਨੂੰ ਸੂਬਾ ਸਰਕਾਰ ਨੂੰ ਦੱਸਣਾ ਹੋਏਗਾ ਕਿ ਉਹ ਕਿੱਥੇ ਤੇ ਕਿਸ ਮਕਸਦ ਲਈ ਜ਼ਮੀਨ ਖਰੀਦਣਾ ਚਾਹੁੰਦੇ ਹਨ। ਇਸ ਤੋਂ ਬਾਅਦ ਸੀਐਲਯੂ ਦੀ ਟੀਮ ਜ਼ਮੀਨ ਸਬੰਧੀ ਜਾਂਚ ਤੋਂ ਬਾਅਦ ਪ੍ਰਵਾਨਗੀ ਦੇਵੇਗੀ।
ਇਸ ਤੋਂ ਬਾਅਦ ਫੈਕਟਰੀ ਮਾਲਕ ਨੂੰ ਹੋਰ ਸਟੈਂਪ ਪੇਪਰ ਤੋਂ ਮਹਿੰਗੇ ਹਰੇ ਰੰਗ ਦੇ ਸਟੈਂਪ ਖਰੀਦਣ ਲਈ ਕਿਹਾ ਜਾਵੇਗਾ ਕਿਉਂਕਿ ਇਸ ਵਿੱਚ CLU, ਜੰਗਲਾਤ, ਪ੍ਰਦੂਸ਼ਣ ਤੇ ਅੱਗ ਨਾਲ ਸਬੰਧਤ NOC ਲਈ ਪੈਸੇ ਸ਼ਾਮਲ ਹੋਣਗੇ। ਜਿਵੇਂ ਹੀ ਰਜਿਸਟਰੀ ਹੋ ਜਾਵੇਗੀ, ਉਸ ਤੋਂ ਬਾਅਦ ਕਾਰੋਬਾਰੀ ਫੈਕਟਰੀ ਦੀ ਉਸਾਰੀ ਸ਼ੁਰੂ ਕਰ ਸਕਣਗੇ।
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਵੇਰੇ ਟਵੀਟ ਕਰਕੇ ਕਿਹਾ ਸੀ ਕਿ ਅੱਜ ਅਸੀਂ ਇੱਕ ਇਤਿਹਾਸਿਕ ਫੈਸਲਾ ਲੈਣ ਜਾ ਰਹੇ ਹਾਂ ਜਿਸ ਨਾਲ ਇੰਡਸਟਰੀ ਨੂੰ ਇੱਕ ਵੱਡੀ ਰਾਹਤ ਮਿਲੇਗੀ ਤੇ ਪੰਜਾਬ 'ਚ ਨਿਵੇਸ਼ ਕਰਨ ਵਾਲਿਆਂ ਨੂੰ ਖੱਜਲ-ਖੁਆਰੀ ਤੇ ਭ੍ਰਿਸ਼ਟਾਚਾਰ ਤੋਂ ਰਾਹਤ ਮਿਲੇਗੀ…ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜੋ ਬਾਕੀਆਂ ਨੂੰ ਵੀ ਪ੍ਰੇਰਿਤ ਕਰੇਗਾ...ਦੁਪਹਿਰ ਨੂੰ ਮੈਂ ਆਪ LIVE ਹੋ ਕੇ ਤੁਹਾਡੇ ਨਾਲ ਵੇਰਵੇ ਸਾਂਝੇ ਕਰਾਂਗਾ...
ਮੁੱਖ ਮੰਤਰੀ ਨੇ ਕਈ ਵੱਡੇ ਐਲਾਨ ਕੀਤੇ ਹਨ
ਕੁਝ ਦਿਨ ਪਹਿਲਾਂ ਇੱਕ ਵੱਡਾ ਫੈਸਲਾ ਲੈਂਦੇ ਹੋਏ ਸੀਐਮ ਮਾਨ ਨੇ ਪੰਜਾਬ ਦੇ ਸਰਕਾਰੀ ਦਫਤਰਾਂ ਦਾ ਸਮਾਂ ਬਦਲ ਦਿੱਤਾ ਸੀ। ਇਹ ਕਦਮ ਸਰਕਾਰੀ ਦਫ਼ਤਰਾਂ ਵਿੱਚ ਬਿਜਲੀ ਦੀ ਖਪਤ ਨੂੰ ਘੱਟ ਕਰਨ ਲਈ ਚੁੱਕਿਆ ਗਿਆ ਹੈ। ਸੀਐਮ ਮਾਨ ਨੇ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7.30 ਵਜੇ ਤੋਂ ਦੁਪਹਿਰ 2 ਵਜੇ ਤੱਕ ਰੱਖਿਆ ਹੈ। ਇਸ ਤੋਂ ਇਲਾਵਾ ਸੀ.ਐਮ ਮਾਨ ਨੇ ਪੰਜਾਬ ਦੇ ਚਾਰ ਸ਼ਹਿਰਾਂ ਨੂੰ ‘ਸੀਐਮ ਦਿ ਯੋਗਸ਼ਾਲਾ’ ਦਾ ਤੋਹਫ਼ਾ ਵੀ ਦਿੱਤਾ ਹੈ। ਇਸ ਪ੍ਰੋਗਰਾਮ ਤਹਿਤ ਲੋਕਾਂ ਨੂੰ ਯੋਗਾ ਦੀਆਂ ਕਲਾਸਾਂ ਮੁਫਤ ਉਪਲਬਧ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।