ਰੇਤਾ-ਬਜਰੀ ਦੇ ਭਾਅ ਚੜ੍ਹੇ ਅਸਮਾਨੀ, ਆਮ ਲੋਕਾਂ ਦੇ ਨਾਲ-ਨਾਲ ਸਰਕਾਰੀ ਟੈਂਡਰਾਂ ਦਾ ਵੀ ਕੰਮ ਰੁਕਿਆ, ਸਰਕਾਰ ਖ਼ਿਲਾਫ਼ ਖੁੱਲ੍ਹ ਸਕਦੈ ਵੱਡਾ ਮੋਰਚਾ
ਇਸ ਮੌਕੇ ਆਮ ਲੋਕਾਂ ਤੇ ਵਪਾਰੀਆਂ ਵੱਲੋਂ ਦਬੀ ਆਵਾਜ਼ ਵਿੱਚ ਕਿਹਾ ਜਾ ਰਿਹਾ ਹੈ ਕਿ ਜੇ ਸਰਕਾਰ ਨੇ ਛੇਤੀ ਹੀ ਇਸ ਮਸਲੇ ਦੀ ਕੋਈ ਹੱਲ ਨਾ ਕੀਤਾ ਤਾਂ ਉਹ ਸਰਕਾਰ ਖ਼ਿਲਾਫ ਸੰਘਰਸ਼ ਵਿੱਢਣ ਨੂੰ ਮਜਬੂਰ ਹੋ ਜਾਣਗੇ।
Punjab News: ਪੰਜਾਬ ਵਿੱਚ ਰੇਤਾ-ਬਜਰੀ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਕਾਰਨ ਉਸਾਰੀ ਕਾਰਜਾਂ ਦੀ ਰਫ਼ਤਾਰ ਮੱਠੀ ਪੈ ਰਹੀ ਹੈ ਅਤੇ ਉਸਾਰੀ ਸਮੱਗਰੀ ਦੀ ਵਿਕਰੀ ਦਾ ਗ੍ਰਾਫ 70 ਫ਼ੀਸਦੀ ਤੋਂ ਹੇਠਾਂ ਜਾਣ ਕਾਰਨ ਉਸਾਰੀ ਨਾਲ ਸਬੰਧਤ ਬਾਜ਼ਾਰ ਮੰਦੀ ਦਾ ਸ਼ਿਕਾਰ ਹੋ ਰਿਹਾ ਹੈ।
ਪੰਜਾਬ ਵਿੱਚ ਰੇਤਾ-ਬਜਰੀ ਦੇ ਰੇਟ ਆਮ ਆਦਮੀ ਦੀ ਪਹੁੰਚ ਵਿੱਚ ਲਿਆਉਣ ਦੇ ਦਾਅਵੇ ਕਰਨ ਵਾਲੀ ਸੂਬਾ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਕਿਉਂਕਿ ਰੇਤਾ-ਬੱਜਰੀ ਦਾ ਰੇਟ 40 ਤੋਂ 45 ਰੁਪਏ ਤੱਕ ਪਹੁੰਚ ਗਿਆ ਹੈ। ਇਹ ਆਮ ਆਦਮੀ ਦੀ ਪਹੁੰਚ ਤੋਂ ਪੂਰੀ ਤਰ੍ਹਾਂ ਬਾਹਰ ਹੈ, ਆਮ ਆਦਮੀ ਉਸਾਰੀ ਨੂੰ ਰੋਕ ਕੇ ਸਰਕਾਰ ਨੂੰ ਕੋਸ ਰਿਹਾ ਹੈ।ਰੇਤਾ-ਬੱਜਰੀ ਦੇ ਰੇਟ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਹਨ, ਇਸ ਲਈ ਲੋਕਾਂ ਨੇ ਆਪਣੇ ਨਿਰਮਾਣ ਕਾਰਜ ਬੰਦ ਕਰ ਦਿੱਤੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਵਿੱਚ ਰੇਤਾ ਬਜਰੀ ਦਾ ਵੱਡਾ ਮੁੱਦਾ ਸੀ ਪਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਬੇਲੋੜੀ ਬਿਆਨਬਾਜ਼ੀ ਛੱਡ ਕੇ ਇਸ ਮੁੱਦੇ ਨੂੰ ਲੈ ਕੇ ਕੋਈ ਰਣਨੀਤੀ ਉਲੀਕੇ ਤਾਂ ਜੋ ਆਮ ਲੋਕਾਂ ਨੂੰ ਕੋਈ ਸੁੱਖ ਦਾ ਸਾਹ ਮਿਲ ਸਕੇ।
ਜੇ ਗੱਲ ਪਠਾਨਕੋਟ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਰੇਤਾ 45 ਰੁਪਏ ਦੇ ਭਾਅ ਨਾਲ ਤੇ ਇਸ ਤੋਂ ਵੀ ਮਹਿੰਗਾ ਮਿਲ ਰਿਹਾ ਹੈ ਜੋ ਕਿ ਆਮ ਲੋਕਾਂ ਦੀ ਪਹੁੰਚ ਤੋਂ ਤਕਰੀਬਨ ਦੂਰ ਹੋ ਗਿਆ ਹੈ। ਇਸ ਨੂੰ ਲੈ ਕੇ ਲੋਕਾਂ ਦੇ ਨਿਰਮਾਣ ਕਾਰਜਾਂ ਦੇ ਨਾਲ ਨਾਲ ਸਰਕਾਰੀ ਕੰਮ ਵੀ ਰੁਕ ਗਏ ਹਨ। ਸਰਕਾਰੀ ਵਿਕਾਸ ਕਾਰਜਾਂ ਦੇ ਵਪਾਰੀਆਂ ਨੇ ਘੱਟ ਰੇਟ ਤੇ ਟੈਂਡਰ ਲਏ ਸੀ ਪਰ ਹੁਣ ਰੇਟ ਮਹਿੰਗੇ ਹੋਣ ਕਾਰਨ ਉਨ੍ਹਾਂ ਦਾ ਕੰਮ ਵੀ ਠੱਪ ਹੋ ਗਿਆ ਹੈ।
ਇਸ ਮੌਕੇ ਆਮ ਲੋਕਾਂ ਤੇ ਵਪਾਰੀਆਂ ਵੱਲੋਂ ਦਬੀ ਆਵਾਜ਼ ਵਿੱਚ ਕਿਹਾ ਜਾ ਰਿਹਾ ਹੈ ਕਿ ਜੇ ਸਰਕਾਰ ਨੇ ਛੇਤੀ ਹੀ ਇਸ ਮਸਲੇ ਦੀ ਕੋਈ ਹੱਲ ਨਾ ਕੀਤਾ ਤਾਂ ਉਹ ਸਰਕਾਰ ਖ਼ਿਲਾਫ ਸੰਘਰਸ਼ ਵਿੱਢਣ ਨੂੰ ਮਜਬੂਰ ਹੋ ਜਾਣਗੇ।