(Source: ECI/ABP News/ABP Majha)
Punjab News: ਮਹਿੰਗੀਆਂ ਜ਼ਮੀਨਾਂ 'ਤੇ ਕਬਜ਼ਿਆਂ ਨੂੰ ਲੈ ਕੇ ਭਿੜਨ ਲੱਗੇ ਕਿਸਾਨ, ਪਟਿਆਲਾ ਮਗਰੋਂ ਹੁਸ਼ਿਆਪੁਰ 'ਚ ਚੱਲੀਆਂ ਤਾੜ-ਤਾੜ ਗੋਲੀਆਂ
Firing in Hoshiarpur: ਪੰਜਾਬ ਵਿੱਚ ਜ਼ਮੀਨਾਂ ਦੇ ਰੇਟ ਆਸਮਾਨੀਂ ਜਾ ਲੱਗੇ ਹਨ। ਇਸ ਲਈ ਜ਼ਮੀਨੀ ਕਬਜ਼ਿਆਂ ਨੂੰ ਲੈ ਕੇ ਲੜਾਈ-ਝਗੜੇ ਤੇ ਕਤਲ ਦੇ ਕੇਸ ਵੀ ਵਧਣ ਲੱਗੇ ਹਨ। ਬੁੱਧਵਾਰ ਸਵੇਰੇ ਪਟਿਆਲਾ
Firing in Hoshiarpur: ਪੰਜਾਬ ਵਿੱਚ ਜ਼ਮੀਨਾਂ ਦੇ ਰੇਟ ਆਸਮਾਨੀਂ ਜਾ ਲੱਗੇ ਹਨ। ਇਸ ਲਈ ਜ਼ਮੀਨੀ ਕਬਜ਼ਿਆਂ ਨੂੰ ਲੈ ਕੇ ਲੜਾਈ-ਝਗੜੇ ਤੇ ਕਤਲ ਦੇ ਕੇਸ ਵੀ ਵਧਣ ਲੱਗੇ ਹਨ। ਬੁੱਧਵਾਰ ਸਵੇਰੇ ਪਟਿਆਲਾ ਵਿੱਚ ਗੋਲੀ ਚੱਲੀ ਜਿਸ ਦੌਰਾਨ ਤਿੰਨ ਲੋਕ ਮਾਰੇ ਗਏ। ਬੁੱਧਵਾਰ ਸ਼ਾਮ ਨੂੰ ਹੁਸ਼ਿਆਰਪੁਰ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਫਾਇਰਿੰਗ ਹੋਈ। ਇਸ ਦੌਰਾਨ ਦੋ ਲੋਕ ਜ਼ਖ਼ਮੀ ਹੋ ਗਏ।
ਹਾਸਲ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਤੋਂ ਕਰੀਬ 15 ਕਿਲੋਮੀਟਰ ਦੂਰ ਮੇਹਟੀਆਣਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਪੰਡੋਰੀ ਬੀਬੀ ਵਿਖੇ ਬੁੱਧਵਾਰ ਦੇਰ ਸ਼ਾਮ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਜ਼ਬਰਦਸਤ ਲੜਾਈ ਹੋ ਗਈ। ਇਸ ਦੌਰਾਨ ਇੱਕ ਦੂਜੇ 'ਤੇ ਗੋਲੀਆਂ ਚਲਾਈਆਂ ਗਈਆਂ। ਗੋਲੀ ਲੱਗਣ ਕਾਰਨ ਦੋਵੇਂ ਧਿਰਾਂ ਦੇ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਹਾਸਲ ਜਾਣਕਾਰੀ ਅਨੁਸਾਰ ਦਰਜਨਾਂ ਲੋਕ ਟਰੈਕਟਰ ਲੈ ਕੇ ਜ਼ਮੀਨ ’ਤੇ ਕਬਜ਼ਾ ਛੁਡਵਾਉਣ ਲਈ ਪੁੱਜੇ। ਜਬਰੀ ਜ਼ਮੀਨ ਵਾਹੁਣ ਦੀ ਕੋਸ਼ਿਸ਼ ਕਰ ਰਹੀ ਧਿਰ ਦਾ ਦੂਜੀ ਧਿਰ ਵੱਲੋਂ ਵਿਰੋਧ ਕੀਤਾ ਗਿਆ। ਇਸ ਮਾਮਲੇ ਨੂੰ ਲੈ ਕੇ ਵਿਵਾਦ ਵਧ ਗਿਆ। ਕੁਝ ਦੇਰ ਵਿੱਚ ਹੀ ਦੋਵਾਂ ਧਿਰਾਂ ਵਿੱਚ ਲੜਾਈ ਸ਼ੁਰੂ ਹੋ ਗਈ। ਇਸ ਦੌਰਾਨ ਇੱਕ ਪਾਸੇ ਤੋਂ ਇੰਦਰਪ੍ਰੀਤ ਸਿੰਘ ਤੇ ਦੂਜੇ ਪਾਸੇ ਤੋਂ ਸਰਪੰਚ ਅਮਰ ਸਿੰਘ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਇੰਦਰਪ੍ਰੀਤ ਸਿੰਘ ਨੂੰ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ।
ਇਸੇ ਦੌਰਾਨ ਫਾਇਰੰਗ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੇਹਟੀਆਣਾ ਵਿੱਚ ਤਾਇਨਾਤ ਐਸਐਚਓ ਇੰਸਪੈਕਟਰ ਊਸ਼ਾ ਰਾਣੀ ਤੇ ਡੀਐਸਪੀ (ਆਰ) ਸ਼ਿਵਦਰਸ਼ਨ ਸਿੰਘ ਸੰਧੂ ਵੀ ਮੌਕੇ ’ਤੇ ਪਹੁੰਚ ਗਏ। ਥਾਣਾ ਮੇਹਟੀਆਣਾ ਦੇ ਏਐਸਆਈ ਵਿਜੇ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ। ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਜ਼ਖਮੀ ਦੇ ਹੋਸ਼ 'ਚ ਆਉਣ ਤੋਂ ਬਾਅਦ ਪੁਲਸ ਸ਼ਿਕਾਇਤ ਦੇ ਆਧਾਰ 'ਤੇ ਇਸ ਮਾਮਲੇ 'ਚ ਅਗਲੀ ਕਾਰਵਾਈ ਕਰੇਗੀ।
ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਹੀ ਪਟਿਆਲਾ ਜ਼ਿਲ੍ਹੇ ਵਿੱਚ ਹਲਕਾ ਘਨੌਰ ਅਧੀਨ ਪੈਂਦੇ ਪਿੰਡ ਚਤਰ ਨਗਰ ਵਿੱਚ ਜ਼ਮੀਨੀ ਝਗੜੇ ਦੌਰਾਨ ਹੋਈ ਫਾਇਰਿੰਗ ਕਾਰਨ ਪਿਓ-ਪੁੱਤ ਸਣੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਹਾਸਲ ਜਾਣਕਾਰੀ ਅਨੁਸਾਰ ਪਿੰਡ ਚਤਰ ਨਗਰ ਵਿੱਚ ਇੱਕ ਪ੍ਰਾਈਵੇਟ ਕੰਪਨੀ ਦੀ ਜ਼ਮੀਨ ਠੇਕੇ ’ਤੇ ਲੈਣ ਸਬੰਧੀ ਪਿੰਡ ਚਤਰ ਨਗਰ ਤੇ ਨੌਗਾਵਾਂ ਦੀਆਂ ਦੋ ਧਿਰਾਂ ਵਿਚਾਲੇ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਚਤਰ ਨਗਰ ਵਾਲੀ ਧਿਰ ਨੇ ਜ਼ਮੀਨ ਵਾਹ ਦਿੱਤੀ ਤੇ ਸਵੇਰੇ ਨੌਗਾਵਾਂ ਵਾਲੀ ਧਿਰ ਨੇ ਆ ਕੇ ਵੱਟਾਂ ਪਾ ਦਿੱਤੀਆਂ ਜਿਸ ਕਾਰਨ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ।
ਪਹਿਲਾਂ ਦੋਵਾਂ ਧਿਰਾਂ ਵਿਚਾਲੇ ਬਹਿਸ ਹੋਈ ਤੇ ਮਗਰੋਂ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸ ਦੌਰਾਨ ਨੌਗਾਵਾਂ ਵਾਲੀ ਧਿਰ ਵੱਲੋਂ ਆਏ ਦਿਲਬਾਗ ਸਿੰਘ ਨੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਸਤਵਿੰਦਰ ਸਿੰਘ (32) ਪੁੱਤਰ ਧਰਮ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਦਿਲਬਾਗ ਸਿੰਘ ਦੀ ਪਿਸਤੌਲ ’ਚੋਂ ਗੋਲੀਆਂ ਖ਼ਤਮ ਹੋ ਗਈਆਂ ਤਾਂ ਦੂਜੀ ਧਿਰ ਨੇ ਕਹੀਆਂ ਨਾਲ ਦਿਲਬਾਗ ਤੇ ਉਸ ਦੇ ਪੁੱਤਰ ’ਤੇ ਹਮਲਾ ਕਰ ਦਿੱਤਾ।
ਇਸ ਨਾਲ ਦਿਲਬਾਗ ਸਿੰਘ (69) ਪੁੱਤਰ ਗੁਰਮੁੱਖ ਸਿੰਘ ਤੇ ਉਸ ਦੇ ਪੁੱਤਰ ਜਸਵਿੰਦਰ ਸਿੰਘ (36) ਉਰਫ਼ ਜੱਸੀ ਦੀ ਮੌਤ ਹੋ ਗਈ। ਇਸ ਝਗੜੇ ਦੌਰਾਨ ਹਰਜਿੰਦਰ ਸਿੰਘ ਉਰਫ਼ ਜਿੰਦਾ (30) ਪੁੱਤਰ ਧਰਮ ਸਿੰਘ ਤੇ ਹਰਪ੍ਰੀਤ ਸਿੰਘ (31) ਪੁੱਤਰ ਜਸਮੇਰ ਸਿੰਘ ਵਾਸੀ ਚਤਰ ਨਗਰ ਜ਼ਖ਼ਮੀ ਹੋ ਗਏ।