Punjab News: ਮਜੀਠੀਆ ਨੂੰ ਅੱਜ ਮੋਹਾਲੀ ਅਦਾਲਤ 'ਚ ਵਿਜੀਲੈਂਸ ਕਰੇਗੀ ਪੇਸ਼, 7 ਦਿਨਾਂ ਦਾ ਰਿਮਾਂਡ ਹੋ ਰਿਹਾ ਖਤਮ, 3 ਜੁਲਾਈ ਨੂੰ ਹਾਈਕੋਰਟ 'ਚ ਸੁਣਵਾਈ
ਅੱਜ ਬਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। 2 ਜੁਲਾਈ ਨੂੰ ਉਨ੍ਹਾਂ ਦਾ 7 ਦਿਨਾਂ ਦਾ ਰਿਮਾਂਡ ਖਤਮ ਹੋ ਰਿਹਾ ਹੈ। ਇਸ ਤੋਂ ਪਹਿਲਾਂ, ਕੱਲ੍ਹ ਵਿਜੀਲੈਂਸ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਮਜੀਠਾ ਸਥਿਤ ਘਰ ਅਤੇ ਦਫ਼ਤਰ ਲੈ..

Punjab News: ਨਸ਼ਾ ਤਸਕਰੀ ਨਾਲ ਜੁੜੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਅੱਜ (2 ਜੁਲਾਈ) ਨੂੰ ਵਿਜੀਲੈਂਸ ਬਿਊਰੋ ਵੱਲੋਂ ਸੀਨੀਅਰ ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਨੂੰ ਮੋਹਾਲੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਅੱਜ ਉਨ੍ਹਾਂ ਦਾ 7 ਦਿਨਾਂ ਦਾ ਰਿਮਾਂਡ ਖਤਮ ਹੋ ਰਿਹਾ ਹੈ। ਇਸ ਤੋਂ ਪਹਿਲਾਂ, ਕੱਲ੍ਹ ਵਿਜੀਲੈਂਸ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਮਜੀਠਾ ਸਥਿਤ ਘਰ ਅਤੇ ਦਫ਼ਤਰ ਲੈ ਕੇ ਗਈ ਸੀ। ਇਸਦੇ ਨਾਲ-ਨਾਲ ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ, ਉਤਰ ਪ੍ਰਦੇਸ਼ ਅਤੇ ਚੰਡੀगੜ੍ਹ 'ਚ ਵੀ ਇਕੱਠੇ ਹੀ ਛਾਪੇਮਾਰੀ ਕੀਤੀ ਗਈ।
ਦੂਜੇ ਪਾਸੇ, ਮਜੀਠੀਆ ਨੇ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਇੱਕ ਯਾਚਿਕਾ ਦਾਇਰ ਕੀਤੀ ਹੈ, ਜਿਸ 'ਚ ਗ੍ਰਿਫ਼ਤਾਰੀ ਨੂੰ ਗੈਰਕਾਨੂੰਨੀ ਦੱਸਿਆ ਗਿਆ ਹੈ ਅਤੇ ਰਿਮਾਂਡ ਆਰਡਰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਸ ਯਾਚਿਕਾ 'ਤੇ 3 ਜੁਲਾਈ ਨੂੰ ਸੁਣਵਾਈ ਹੋਣੀ ਹੈ।
ਇਸ ਦਿਨ ਹੋਈ ਸੀ ਗ੍ਰਿਫਤਾਰੀ
ਵਿਜੀਲੈਂਸ ਬਿਊਰੋ ਨੇ 540 ਕਰੋੜ ਦੀ ਡਰੱਗ ਮਨੀ ਨਾਲ ਜੁੜੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ 25 ਜੂਨ ਸਵੇਰੇ 4.30 ਵਜੇ ਕੇਸ ਦਰਜ ਕੀਤਾ। ਇਸ ਤੋਂ ਬਾਅਦ ਰਾਜ ਦੇ 26 ਥਾਵਾਂ 'ਤੇ ਮਜੀਠੀਆ ਨਾਲ ਜੁੜੇ ਠਿਕਾਣਿਆਂ 'ਤੇ ਛਾਪੇ ਮਾਰੇ ਗਏ। ਫਿਰ ਸਵੇਰੇ 11.30 ਵਜੇ ਤੋਂ ਬਾਅਦ ਮਜੀਠੀਆ ਨੂੰ ਅੰਮ੍ਰਿਤਸਰ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਵਿਜੀਲੈਂਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਦੌਰਾਨ 29 ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, 8 ਡਾਇਰੀਆਂ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਹ ਸਾਰਾ ਸਮਾਨ ਮਜੀਠੀਆ ਕੋਲੋਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ।
ਸਾਹਮਣੇ ਆਇਆ ਹੈ ਕਿ ਹੁਣ ਇਸ ਮਾਮਲੇ ਦੀ ਜਾਂਚ NCB (ਨਾਰਕੋਟਿਕਸ ਕੰਟਰੋਲ ਬਿਊਰੋ) ਵੀ ਕਰੇਗੀ। ਐਨ.ਸੀ.ਬੀ. ਨੇ ਪੰਜਾਬ ਵਿਜੀਲੈਂਸ ਬਿਊਰੋ ਤੋਂ ਕੇਸ ਸਬੰਧੀ ਰਿਕਾਰਡ ਮੰਗਿਆ ਹੈ। ਇਸ 'ਤੇ ਪੰਜਾਬ ਸਰਕਾਰ ਨੇ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਤਰੀਕੇ ਨਾਲ ਕੇਂਦਰ ਸਰਕਾਰ ਆਪਣੀ ਪੁਰਾਣੀ ਸਾਂਝੀਦਾਰ ਪਾਰਟੀ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
2021 ਵਿੱਚ ਕਾਂਗਰਸ ਸਰਕਾਰ ਨੇ ਦਰਜ ਕੀਤਾ ਸੀ ਕੇਸ
ਪੰਜਾਬ ਸਰਕਾਰ ਨੇ 2021 ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਬਿਕਰਮ ਸਿੰਘ ਮਜੀਠੀਆ ਖਿਲਾਫ ਐਨ.ਡੀ.ਪੀ.ਐੱਸ. ਐਕਟ ਦੀ ਧਾਰਾ 25 (ਅਪਰਾਧ ਲਈ ਸੁਵਿਧਾ ਦਿਣਾ), 27A (ਡਰੱਗਸ ਲਈ ਵਿੱਤੀ ਸਹਾਇਤਾ) ਅਤੇ 29 (ਸਾਜ਼ਿਸ਼) ਹੇਠ FIR ਦਰਜ ਕੀਤੀ ਸੀ। ਇਹ FIR ਕਾਂਗਰਸ ਸਰਕਾਰ ਵੱਲੋਂ ਦਰਜ ਕੀਤੀ ਗਈ ਸੀ।
ਇਸ ਮਾਮਲੇ 'ਚ ਮਜੀਠੀਆ ਨੂੰ ਜੇਲ੍ਹ ਵੀ ਜਾਣਾ ਪਿਆ ਸੀ। ਕੋਰਟ ਦੀ ਇਜਾਜ਼ਤ ਨਾਲ ਉਨ੍ਹਾਂ ਨੇ ਚੋਣ ਵੀ ਲੜੀ ਸੀ। 10 ਅਗਸਤ 2022 ਨੂੰ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਹੁਣ ਤੱਕ 5 ਵੱਖ-ਵੱਖ ਐਸ.ਆਈ.ਟੀ. (SIT) ਬਣ ਚੁੱਕੀਆਂ ਹਨ, ਪਰ ਹੁਣ ਤੱਕ ਚਾਲਾਨ ਪੇਸ਼ ਨਹੀਂ ਹੋਇਆ ਹੈ।






















