Punjab News: ਮਰੀਜ਼ ਸੁਵਿਧਾ ਕੇਂਦਰ ਬਣਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣੇਗਾ 'ਪੰਜਾਬ', ਕੇਜਰੀਵਾਲ ਤੇ CM ਮਾਨ ਕਰਨਗੇ ਮਿਸ਼ਨ ਸਿਹਤਮੰਦ ਪੰਜਾਬ ਦੀ ਸ਼ੁਰੂਆਤ
Mission Sehatmand Punjab: ਪੰਜਾਬ ਸੂਬਾ ਜੋ ਕਿ ਜਲਦ ਹੀ ਇੱਕ ਹੋਰ ਨਵਾਂ ਇਤਿਹਾਸ ਰਚਣ ਜਾ ਰਿਹਾ ਹੈ, ਜੀ ਹਾਂ ਪੰਜਾਬ ਬਣੇਗਾ ਮਰੀਜ਼ ਸੁਵਿਧਾ ਕੇਂਦਰ ਬਣਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ।
Mission Sehatmand Punjab: ਮਾਨ ਸਰਕਾਰ ਜੋ ਕਿ ਲਗਾਤਾਰ ਲੋਕ ਹਿੱਤ ਦੇ ਲਈ ਨਵੇਂ ਅਤੇ ਵੱਖਰੇ ਉਪਰਾਲੇ ਕਰ ਰਹੀ ਹੈ। ਜਿਸ ਦੇ ਚੱਲਦੇ ਪੰਜਾਬ ਸਰਕਾਰ ਸੂਬੇ 'ਚ ਸਿਹਤ ਕ੍ਰਾਂਤੀ ਦੀ ਦਿਸ਼ਾ ਵੱਲ ਇਕ ਹੋਰ ਕਦਮ ਅੱਗੇ ਵਧਾ ਰਹੀ ਹੈ। 2 ਅਕਤੂਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਟਿਆਲਾ ਦੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿਖੇ ਨਵੇਂ ਆਈਸੀਯੂ ਅਤੇ ਐੱਨਆਈਸੀਯੂ ਦਾ ਉਦਘਾਟਨ ਕਰਨਗੇ। ਦੋਵੇਂ ਮੁੱਖ ਮੰਤਰੀ 550 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਵਿਚ ਮਿਸ਼ਨ ਸਿਹਤਮੰਦ ਪੰਜਾਬ ਦੀ ਸ਼ੁਰੂਆਤ ਵੀ ਕਰਨਗੇ।
ਮੰਤਰੀ ਡਾ. ਬਲਬੀਰ ਸਿੰਘ ਨੇ ਆਖੀਆਂ ਇਹ ਗੱਲਾਂ
ਇਹ ਪ੍ਰਗਟਾਵਾ ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਅਤੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਚੇਅਰਮੈਨ ਗੁਰਦੇਵ ਸਿੰਘ ਲੱਖਣਾ ਤੇ ਜਗਰੂਪ ਸਿੰਘ ਸੇਖਵਾਂ ਵੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਬਣੇਗਾ ਮਰੀਜ਼ ਸੁਵਿਧਾ ਕੇਂਦਰ ਬਣਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਵੈਂਟੀਲੇਟਰ ਅਤੇ ਕਾਰਡੀਅਕ ਮਾਨੀਟਰ ਵਾਲੇ 66 ਬੈੱਡ ਲਗਾਏ ਗਏ ਹਨ ਜਿਹੜੇ ਕਿ ਐਮਰਜੈਂਸੀ, ਸਰਜਰੀ ਤੋਂ ਪਹਿਲਾਂ ਤੇ ਬਾਅਦ ’ਚ ਮਰੀਜ਼ਾਂ ਦੀ ਸੰਭਾਲ ਕਰਨਗੇ। ਇਸ ਨਾਲ ਹੀ ਐੱਨਆਈਸੀਯੂ ਨਵਜਾਤ ਬੱਚਿਆਂ ਦੀ ਸੰਭਾਲ ਕਰੇਗਾ।
ਇਹ ਸਾਰੀਆਂ ਸੁਵਿਧਾਵਾਂ ਮਿਲਣਗੀਆਂ
ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਢਲੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਤੋਂ ਬਾਅਦ ਸਾਡੀ ਸਰਕਾਰ ਦਾ ਅਗਲਾ ਟੀਚਾ ਸੈਕੰਡਰੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨਾ ਹੈ। ਇਸ ਲਈ 550 ਕਰੋੜ ਖਰਚ ਕੇ ਸਾਰੇ ਜ਼ਿਲ੍ਹਾ ਹਸਪਤਾਲ, ਸਬ ਡਿਵੀਜ਼ਨ ਹਸਪਤਾਲ ਤੇ ਕਮਿਊਨਿਟੀ ਹੈਲਥ ਸੈਂਟਰਾਂ ਨੂੰ ਐਮਰਜੈਂਸੀ ਬਲਾਕ, ਸੀਟੀ ਸਕੈਨ, ਐੱਮਆਰਆਈ, ਵੈਂਟੀਲੇਟਰ, ਕਾਰਡੀਅਕ ਮਾਨੀਟਰ ਬੈੱਡ ਆਦਿ ਨਾਲ ਲੈਸ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿਚ 19 ਜ਼ਿਲ੍ਹਾ ਹਸਪਤਾਲ, ਛੇ ਸਬ ਡਵੀਜ਼ਨ ਹਸਪਤਾਲ ਅਤੇ 40 ਕਮਿਊਨਿਟੀ ਹੈਲਥ ਕੇਅਰ ਸੈਂਟਰਾਂ ਨੂੰ ਅਪਗੇ੍ਡ ਕੀਤਾ ਜਾਵੇਗਾ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿੱਥੇ ਮਰੀਜ਼ ਸੁਵਿਧਾ ਕੇਂਦਰ ਹੋਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।