'ਖੇਡਾਂ ਵਤਨ ਪੰਜਾਬ ਦੀਆਂ' ਦੇ ਪਹਿਲੇ ਹੀ ਦਿਨ ਦਿੱਸੇ ਢਿੱਲੇ ਪ੍ਰਬੰਧ, 4 ਲੱਖ ਤੋਂ ਵੱਧ ਖਿਡਾਰੀ ਲੈਣਗੇ ਹਿੱਸਾ
ਪੰਜਾਬ ਸਰਕਾਰ ਨੇ ਅੱਜ 'ਖੇਡਾਂ ਵਤਨ ਪੰਜਾਬ ਦੀਆਂ' ਨਾਮੀ ਸੂਬਾ ਪੱਧਰੀ ਪਹਿਲੇ ਸਮਾਗਮ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ 'ਚ ਕਰਵਾਇਆ ਗਿਆ।
ਗਗਨਦੀਪ ਸ਼ਰਮਾ
ਜਲੰਧਰ: ਪੰਜਾਬ ਸਰਕਾਰ ਨੇ ਅੱਜ 'ਖੇਡਾਂ ਵਤਨ ਪੰਜਾਬ ਦੀਆਂ' ਨਾਮੀ ਸੂਬਾ ਪੱਧਰੀ ਪਹਿਲੇ ਸਮਾਗਮ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ 'ਚ ਕਰਵਾਇਆ ਗਿਆ, ਜਿਸ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਧਰਮ ਪਤਨੀ ਨਾਲ ਵਿਸ਼ੇਸ਼ ਤੌਰ 'ਤੇ ਤਾਂ ਪੁੱਜੇ ਪਰ ਉਹ ਮਿੱਥੇ ਸਮੇਂ ਤੋਂ ਕਰੀਬ ਤਿੰਨ ਘੰਟੇ ਦੇਰੀ ਨਾਲ ਪੁੱਜੇ। ਸਮਾਗਮ ਵਿੱਚ ਇਸ ਗੱਲ ਦੀ ਕਾਫੀ ਚਰਚਾ ਵੇਖੀ ਗਈ।
ਦਰਅਸਲ ਮੁੱਖ ਮੰਤਰੀ ਸਵੇਰ ਵੇਲੇ ਅੰਮ੍ਰਿਤਸਰ 'ਚ ਸਨ ਤੇ ਜਲੰਧਰ-ਅੰਮ੍ਰਿਤਸਰ 'ਚ ਅੱਜ ਸ਼ਾਮ ਵੇਲੇ ਕੁਝ ਸਮਾਂ ਬਰਸਾਤ ਵੀ ਹੋਈ। ਇਸ ਦੌਰਾਨ ਪ੍ਰਸ਼ਾਸ਼ਨ ਦੀ ਢਿੱਲੇ ਪ੍ਰਬੰਧ ਵੀ ਨਜ਼ਰ ਆਏ। ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਸਵੇਰੇ ਤੋਂ ਹੀ ਵੱਖ-ਵੱਖ ਸਕੂਲਾਂ ਤੋਂ ਵਿਦਿਆਰਥੀਆਂ ਨੂੰ ਬੁਲਾ ਕੇ ਬਿਠਾਉਣਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਸਕੂਲਾਂ ਦੇ ਬੱਚੇ ਸਵੇਰੇ 11 ਵਜੇ ਤੋਂ ਹੀ ਸਮਾਗਮ ਵਿੱਚ ਪਹੁੰਚ ਗਏ ਜਿਸ ਕਰਕੇ ਉਨ੍ਹਾਂ ਨੂੰ ਵੀ ਗਰਮੀ ਕਰਕੇ ਪ੍ਰੇਸ਼ਾਨ ਹੋਣਾ ਪਿਆ।
ਵੱਖ-ਵੱਖ ਸਕੂਲਾਂ ਤੋਂ ਪੁੱਜੇ ਵਿਦਿਆਰਥੀਆਂ ਤੇ ਅਧਿਆਪਕਾਂ (ਬਿਨਾਂ ਨਾਮ ਦੱਸੇ) ਤੋਂ ਕਿਹਾ ਕਿ ਸਕੂਲਾਂ ਨੂੰ ਫੁਰਮਾਨ ਸੀ ਕਿ ਸਾਰੇ ਵਿਦਿਆਰਥੀਆਂ ਨੂੰ (ਸਮੇਤ ਟੀਚਰਾਂ) ਅੱਧੀ ਛੁੱਟੀ ਤੋਂ ਬਾਅਦ ਲੈ ਕੇ ਗੁਰੂ ਗੋਬਿੰਦ ਸਟੇਡੀਅਮ 'ਚ ਪੁੱਜਣਾ ਹੈ ਤੇ ਸਾਰੇ ਸਕੂਲਾਂ (ਨਿੱਜੀ ਤੇ ਸਰਕਾਰੀ) ਸਕੂਲਾਂ ਦੇ ਬੱਚੇ 11 ਵਜੇ ਤੋਂ ਹੀ ਪੁੱਜਣੇ ਸ਼ੁਰੂ ਹੋ ਗਏ ਸੀ। ਗਰਮੀ ਤੇ ਹੁੰਮਸ 'ਚ ਵਿਦਿਆਰਥੀ ਕਰੀਬ ਸੱਤ ਤੋਂ ਅੱਠ ਘੰਟੇ ਇੰਤਜਾਰ ਕਰਦੇ ਰਹੇ।
ਸਟੇਜ ਤੋਂ ਮਿਲੀ ਜਾਣਕਾਰੀ ਮੁਤਾਬਕ 15 ਹਜਾਰ ਦੇ ਕਰੀਬ ਵਿਦਿਆਰਥੀ ਅੱਜ ਉਦਘਾਟਨੀ ਸਮਾਗਮ 'ਚ ਪੁੱਜੇ। ਕੁਝ ਵਿਦਿਆਰਥੀ ਦੇ ਮਾਪੇ ਵੀ ਫਿਕਰਮੰਦੀ ਕਰਕੇ ਸਟੇਡੀਅਮ ਦੇ ਅੰਦਰ ਬਾਹਰ ਇੰਤਜਾਰ ਕਰਦੇ ਨਜਰ ਆਏ। ਭਾਵੇਂਕਿ ਅਧਿਕਾਰੀ ਬਰਸਾਤ ਕਾਰਨ ਸੀਐਮ ਦੇ ਪ੍ਰੋਗਰਾਮ 'ਚ ਦੇਰੀ ਹੋਣ ਦਾ ਕਾਰਣ ਕਹਿੰਦੇ ਦਿਸੇ ਪਰ ਜਿਨਾਂ ਸਕੂਲੀ ਬੱਚਿਆਂ ਨੂੰ 11 ਵਜੇ ਤੋਂ ਸਟੇਡੀਅਮ ਲਿਆਉਣਾ ਸ਼ੁਰੂ ਕਰ ਦਿੱਤਾ, ਇਸ ਦਾ ਜਵਾਬ ਕਿਸੇ ਕੋਲ ਨਹੀਂ ਸੀ। ਦੂਜੇ ਪਾਸੇ ਪ੍ਰਸ਼ਾਸ਼ਨ ਵੱਲੋਂ ਪੁੱਜੇ ਵਿਦਿਆਰਥੀਆਂ ਲਈ ਦੁਪਹਿਰ ਦੀ ਰੋਟੀ (ਪੈਕੇਡ) ਦੀ ਵਿਵਸਥਾ ਵੀ ਕੀਤੀ ਗਈ ਸੀ।
ਇਸ ਦੌਰਾਨ ਮੁੱਖ ਮੰਤਰੀ ਨੇ ਖੇਡਾਂ ਦਾ ਝੰਡਾ ਲਹਿਰਾਉਣ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਤੋਂ ਹਿੱਸਾ ਲੈਣ ਵਾਲੀਆਂ ਟੁਕੜੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਲਗਪਗ ਦੋ ਮਹੀਨੇ ਚੱਲਣ ਵਾਲੇ ਇਸ ਸ਼ਾਨਦਾਰ ਖੇਡ ਮੇਲੇ ਦੇ ਉਦਘਾਟਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਖੇਡ ਕੁੰਭ ਵਿੱਚ ਵੱਖ-ਵੱਖ ਉਮਰ ਵਰਗਾਂ ਦੇ 4 ਲੱਖ ਤੋਂ ਵੱਧ ਖਿਡਾਰੀ ਬਲਾਕ ਤੋਂ ਲੈ ਕੇ ਸੂਬਾ ਪੱਧਰ ਤੱਕ 28 ਖੇਡਾਂ ਵਿੱਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਸੂਬਾ ਪੱਧਰੀ ਜੇਤੂਆਂ ਨੂੰ 6 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ ਅਤੇ ਇਹ ਖੇਡ ਮੇਲੇ ਹੁਣ ਹਰੇਕ ਸਾਲ ਹੋਇਆ ਕਰੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :