Mystery of 160-year-old Punjab mass grave: ਅਜਨਾਲਾ ਦੇ ਖੂਹ 'ਚੋਂ ਮਿਲੇ ਪਿੰਜਰਾਂ ਦੀ ਅੱਠ ਸਾਲ ਬਾਅਦ ਹੋਈ ਸ਼ਨਾਖਤ, ਬੰਗਾਲ, ਉੜੀਸਾ, ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਸੀ ਸੈਨਿਕ
Ajnala News: ਪੰਜਾਬ ਯੂਨੀਵਰਸਿਟੀ ਤੋਂ ਮਿਲੀ ਜਾਣਕਾਰੀ ਮੁਤਾਬਕ ਡਾ. ਜਗਮਿੰਦਰ ਸਿੰਘ ਸਹਿਰਾਵਤ ਨੇ ਇਨ੍ਹਾਂ ਪਿੰਜਰਾਂ ਦੇ ਆਈਸੋਟੋਪ ਜਾਂਚ ਲਈ ਸੀਸੀਐਮਬੀ ਹੈਦਰਾਬਾਦ ਅਤੇ ਬੀਰਬਲ ਸਾਹਨੀ ਇੰਸਟੀਚਿਊਟ ਲਖਨਊ ਭੇਜੇ ਸਨ।
ਚੰਡੀਗੜ੍ਹ: ਅਜਨਾਲਾ ਦੇ ਪੁਰਾਣੇ ਖੂਹ ਵਿੱਚੋਂ ਮਿਲੇ ਪਿੰਜਰਾਂ ਦੀ ਸ਼ਨਾਖਤ ਹੋ ਗਈ ਹੈ। ਇਹ ਪਿੰਜਰ ਅੰਗਰੇਜ਼ਾਂ ਦੇ ਰਾਜ ਵੇਲੇ ਭਾਰਤੀ ਫੌਜੀਆਂ (Indian soldiers) ਦੇ ਸੀ। ਇਨ੍ਹਾਂ ਦੀ ਹੱਤਿਆ 1857 ਦੇ ਵਿਦਰੋਹ ਦੌਰਾਨ ਅੰਗਰੇਜ਼ਾਂ ਨੇ ਹੀ ਕੀਤੀ ਸੀ। ਇਹ ਫੌਜੀ 26ਵੀਂ ਨੇਟਿਵ ਬੰਗਾਲ ਇਨਫੈਂਟਰੀ ਬਟਾਲੀਅਨ (26th Native Bengal Infantry Battalion) ਦੇ ਸੀ। ਇਸ ਬਟਾਲੀਅਨ ਵਿੱਚ ਬੰਗਾਲ, ਉੜੀਸਾ, ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸੇ ਦੇ ਸੈਨਿਕ ਸ਼ਾਮਲ ਸਨ।
ਦੱਸ ਦਈੇ ਕਿ ਪੰਜਾਬ ਦੇ ਅਜਨਾਲਾ ਸ਼ਹਿਰ (Punjab's Ajnala) ਦੇ ਪੁਰਾਣੇ ਖੂਹ ਵਿੱਚੋਂ ਅੱਠ ਸਾਲ (28 ਫ਼ਰਵਰੀ 2014) ਪਹਿਲਾਂ ਮਨੁੱਖੀ ਪਿੰਜਰ ਮਿਲੇ ਸੀ। ਇਨ੍ਹਾਂ ਬਾਰੇ ਕਈ ਦਾਅਵੇ ਕੀਤੇ ਜਾ ਰਹੇ ਸੀ ਪਰ ਅਧਿਕਾਰਤ ਤੌਰ ਉੱਪਰ ਇਨ੍ਹਾਂ ਦੀ ਸ਼ਨਾਖਤ ਨਹੀਂ ਹੋਈ ਸੀ। ਹੁਣ ਲੰਬੀ ਖੋਜ ਮਗਰੋਂ ਸਾਹਮਣੇ ਆਇਆ ਹੈ ਕਿ ਇਹ ਪਿੰਜਰ ਗੰਗਾ ਘਾਟੀ ਦੇ ਸ਼ਹੀਦ ਫੌਜੀਆਂ ਦੇ ਸਨ। ਪੰਜਾਬ ਯੂਨੀਵਰਸਿਟੀ ਦੇ ਫੋਰੈਂਸਿਕ ਐਂਥਰੋਪੋਲੋਜਿਸਟ (ਮਾਨਵ ਵਿਗਿਆਨੀ) ਡਾ. ਜਗਮਿੰਦਰ ਸਿੰਘ ਸਹਿਰਾਵਤ ਵੱਲੋਂ ਸੈਂਟਰ ਫਾਰ ਸੈਲੂਲਰ ਐਂਡ ਮੌਲੀਕਿਊਲਰ ਬਾਇਓਲੋਜੀ (ਸੀਸੀਐਮਬੀ) ਤੇ ਬਨਾਰਸ ਹਿੰਦੂ ਯੂਨੀਵਰਸਿਟੀ ਨਾਲ ਮਿਲ ਕੇ ਕੀਤੀ ਖੋਜ ਵਿੱਚ ਇਹ ਪੁਸ਼ਟੀ ਹੋਈ ਹੈ।
ਪੰਜਾਬ ਯੂਨੀਵਰਸਿਟੀ ਤੋਂ ਮਿਲੀ ਜਾਣਕਾਰੀ ਮੁਤਾਬਕ ਡਾ. ਜਗਮਿੰਦਰ ਸਿੰਘ ਸਹਿਰਾਵਤ ਨੇ ਇਨ੍ਹਾਂ ਪਿੰਜਰਾਂ ਦੇ ਆਈਸੋਟੋਪ ਜਾਂਚ ਲਈ ਸੀਸੀਐਮਬੀ ਹੈਦਰਾਬਾਦ ਅਤੇ ਬੀਰਬਲ ਸਾਹਨੀ ਇੰਸਟੀਚਿਊਟ ਲਖਨਊ ਭੇਜੇ ਸਨ। ਵਿਗਿਆਨੀਆਂ ਦੀਆਂ ਦੋ ਵੱਖ-ਵੱਖ ਟੀਮਾਂ ਨੇ ਡੀਐਨਏ ਅਤੇ ਆਈਸੋਟੋਪ ਨਿਰੀਖਣ ਕੀਤਾ ਜਿਸ ਦੌਰਾਨ ਪਤਾ ਲੱਗਾ ਕਿ ਇਹ ਸ਼ਹੀਦ ਲੋਕ ਗੰਗਾ ਘਾਟੀ ਖੇਤਰ ਦੇ ਰਹਿਣ ਵਾਲੇ ਸਨ। ਇਹ ਅਧਿਐਨ ਵਿਗਿਆਨ ਦੀ ਪੱਤ੍ਰਿਕਾ ‘ਫਰੰਟੀਅਰਜ਼-ਇਨ-ਜੈਨੇਟਿਕਸ’ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਕੁਝ ਇਤਿਹਾਸਕਾਰਾਂ ਦਾ ਮੱਤ ਹੈ ਕਿ ਇਹ ਪਿੰਜਰ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਹੋਏ ਦੰਗਿਆਂ ਵਿੱਚ ਮਾਰੇ ਗਏ ਲੋਕਾਂ ਦੇ ਹਨ ਜਦਕਿ ਵੱਖ-ਵੱਖ ਸਰੋਤਾਂ ਦੇ ਅਧਾਰ ਉਤੇ ਪ੍ਰਚੱਲਿਤ ਧਾਰਨਾ ਹੈ ਕਿ ਇਹ ਪਿੰਜਰ ਉਨ੍ਹਾਂ ਭਾਰਤੀ ਸੈਨਿਕਾਂ ਦੇ ਹਨ, ਜਿਨ੍ਹਾਂ ਦੀ ਹੱਤਿਆ 1857 ਅਜ਼ਾਦੀ ਦੀ ਜੰਗ ਵਿੱਚ ਵਿਦਰੋਹ ਦੌਰਾਨ ਅੰਗਰੇਜ਼ਾਂ ਨੇ ਕਰ ਦਿੱਤੀ ਸੀ। ਜਾਂਚ ਟੀਮ ਦੇ ਮੁੱਖ ਮੈਂਬਰ ਸੀਸੀਐਮਬੀ ਹੈਦਰਾਬਾਦ ਦੇ ਵਿਗਿਆਨੀ ਡਾ. ਕੁਮਾਰਸਾਮੀ ਥੰਗਰਾਜ ਨੇ ਕਿਹਾ ਕਿ ਅਧਿਐਨ ਦੌਰਾਨ ਪ੍ਰਾਪਤ ਅੰਕੜਿਆਂ ਤੋਂ ਹੀ ਸ਼ਹੀਦ ਸੈਨਿਕਾਂ ਬਾਰੇ ਪੁਖ਼ਤਾ ਜਾਣਕਾਰੀ ਮਿਲੀ ਹੈ। ਪਤਾ ਲੱਗਾ ਹੈ ਕਿ 26ਵੀਂ ਨੇਟਿਵ ਬੰਗਾਲ ਇਨਫੈਂਟਰੀ ਬਟਾਲੀਅਨ ਵਿੱਚ ਬੰਗਾਲ, ਉੜੀਸਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸੇ ਦੇ ਲੋਕ ਸ਼ਾਮਲ ਸਨ।
ਜਾਂਚ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਜੰਤੂ-ਵਿਗਿਆਨ ਵਿਭਾਗ ਤੋਂ ਪ੍ਰੋ. ਗਿਆਨੇਸ਼ਵਰ ਚੌਬੇ ਨੇ ਕਿਹਾ ਕਿ ਇਸ ਅਧਿਐਨ ਦੇ ਨਤੀਜੇ ਭਾਰਤ ਦੇ ਪਹਿਲੇ ਸੁਤੰਤਰਤਾ ਸੰਗਰਾਮ ਦੇ ਅਣਗੌਲੇ ਨਾਇਕਾਂ ਦੇ ਇਤਿਹਾਸ ਵਿੱਚ ਅਹਿਮ ਅਧਿਆਇ ਜੋੜਨਗੇ। ਪ੍ਰਮੁੱਖ ਖੋਜਕਾਰ ਤੇ ਪ੍ਰਾਚੀਨ ਡੀਐਨਏ ਦੇ ਮਾਹਿਰ ਡਾ. ਨੀਰਜ ਰਾਏ ਨੇ ਕਿਹਾ ਕਿ ਇਸ ਟੀਮ ਵੱਲੋਂ ਕੀਤੀ ਗਈ ਜਾਂਚ ਬ੍ਰਿਟਿਸ਼ ਰਾਜ ਖਿਲਾਫ਼ ਅਣਪਛਾਤੇ ਸ਼ਹੀਦਾਂ ਦੇ ਸੰਘਰਸ਼ ਦੇ ਛਿਪੇ ਹੋਏ ਪਹਿਲੂਆਂ ਨੂੰ ਉਜਾਗਰ ਕਰਦੀ ਹੈ।
ਇਹ ਵੀ ਪੜ੍ਹੋ: ਉੱਚ ਅੰਕਾਂ ਵਾਲੇ OBC ਉਮੀਦਵਾਰ ਜਨਰਲ ਸ਼੍ਰੇਣੀ ਦੀਆਂ ਸੀਟਾਂ ਦੇ ਹੱਕਦਾਰ: ਸੁਪਰੀਮ ਕੋਰਟ