ਨਿਰਮਲ ਸਿੰਘ ਕਾਹਲੋਂ ਦੇ ਜਾਣ ਨਾਲ ਅਕਾਲੀ ਦਲ ਤੇ ਹਲਕੇ ਨੂੰ ਵੱਡਾ ਘਾਟਾ ਕਰਾਰ, ਸਾਬਕਾ ਸਪੀਕਰ ਦਾ ਅੰਤਿਮ ਸੰਸਕਾਰ
ਗੁਰਦਾਸਪੁਰ: ਸ਼੍ਰੋਮਣੀ ਅਕਾਲੀ ਦਲ ਦੇ ਸਨੀਅਰ ਨੇਤਾ ਤੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦਾ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ।
ਗੁਰਦਾਸਪੁਰ: ਸ਼੍ਰੋਮਣੀ ਅਕਾਲੀ ਦਲ ਦੇ ਸਨੀਅਰ ਨੇਤਾ ਤੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦਾ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਵੱਖ-ਵੱਖ ਰਾਜਨੀਤਕ, ਸਮਾਜਿਕ ਤੇ ਧਾਰਮਿਕ ਆਗੂ ਆਖਰੀ ਵਿਦਾਈ ਦੇਣ ਪਹੁੰਚੇ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਨੇਤਾ ਤੇ ਸਾਬਕਾ ਮੰਤਰੀ ਤੇ ਵਿਧਾਨ ਸਭਾ ਸਪੀਕਰ ਨਿਰਮਲ ਸਿੰਘ ਕਾਹਲੋਂ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਬੀਤੇ ਕੱਲ੍ਹ ਅੰਮ੍ਰਿਤਸਰ ਹਸਪਤਾਲ ਵਿੱਚ ਇਲਾਜ ਦੌਰਾਨ ਉਹ ਦਮ ਤੋੜ ਗਏ।
ਅੱਜ ਨਿਰਮਲ ਸਿੰਘ ਕਾਹਲੋਂ ਦੇ ਅੰਤਿਮ ਸੰਸਕਾਰ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਦਾਦੂਜੋਧ ਵਿਖੇ ਅੰਤਿਮ ਯਾਤਰਾ ਵਿੱਚ ਵਿਦਾਈ ਦੇਣ ਵੱਡੀ ਗਿਣਤੀ ਵਿੱਚ ਅਕਾਲੀ ਦਲ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕਾਂਗਰਸੀ ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਲਖਬੀਰ ਸਿੰਘ ਲੋਧੀਨੰਗਲ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਸੁੱਚਾ ਸਿੰਘ ਲੰਗਾਹ, ਗੁਰਬਚਨ ਸਿੰਘ ਬੱਬੇਹਾਲੀ, ਮਨਪ੍ਰੀਤ ਸਿੰਘਤੇ ਆਪ ਨੇਤਾ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਹੋਰਨਾਂ ਰਾਜਨੀਤਕ ਸਮਾਜਿਕ ਤੇ ਧਾਰਮਿਕ ਆਗੂ ਪਹੁੰਚੇ
ਇਸ ਮੌਕੇ ਅਕਾਲੀ ਦਲ ਪਾਰਟੀ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਿਥੇ ਨਿਰਮਲ ਸਿੰਘ ਕਾਹਲੋਂ ਦੇ ਜਾਣ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਘਾਟਾ ਹੈ, ਉੱਥੇ ਹੀ ਵੱਡਾ ਘਾਟਾ ਅਕਾਲੀ ਦਲ ਪਾਰਟੀ ਨੂੰ ਵੀ ਹੈ ਕਿਉਂਕਿ ਉਹ ਟਕਸਾਲੀ ਤੇ ਸੂਝਵਾਨ ਲੀਡਰ ਸਨ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਨਿਰਮਲ ਸਿੰਘ ਕਾਹਲੋਂ ਇੱਕ ਪੜ੍ਹੇ ਲਿਖੇ ਤੇ ਸੂਝਵਾਨ ਲੀਡਰ ਸਨ। ਉਨ੍ਹਾਂ ਦੇ ਦੇਹਾਂਤ ਨਾਲ ਅਕਾਲੀ ਦਲ ਪਾਰਟੀ ਨੂੰ ਹੀ ਨਹੀਂ ਬਲਕਿ ਪੰਜਾਬ ਦੀ ਰਾਜਨੀਤੀ ਨੂੰ ਅੱਜ ਵੱਡਾ ਘਾਟਾ ਹੈ। ਉਨ੍ਹਾਂ ਦੇ ਹਲਕੇ ਤੇ ਪਰਿਵਾਰ ਨੂੰ ਵੱਡਾ ਘਾਟਾ ਹੈ ਜੋ ਕਦੇ ਪੂਰਾ ਨਹੀਂ ਹੋਵੇਗਾ।
ਨਿਰਮਲ ਸਿੰਘ ਕਾਹਲੋਂ ਦਾ ਜਨਮ 3 ਅਪ੍ਰੈਲ 1936 ਨੂੰ ਚੱਕ ਨੰਬਰ 41/14/ਐਲ, ਜ਼ਿਲ੍ਹਾ ਮਿੰਟਗੁਮਰੀ, ਪਾਕਿਸਤਾਨ ਵਿਖੇ ਹੋਇਆ ਤੇ ਵੰਡ ਬਾਅਦ ਪਰਿਵਾਰ ਪਾਕਿਸਤਾਨ ਛੱਡ ਆਇਆ ਤੇ ਪੜ੍ਹਾਈ ਤੋਂ ਬਾਅਦ ਜੀਵਨ ਦੀ ਸ਼ੁਰੂਆਤ ਵਿੱਚ ਉਹ ਪਹਿਲਾਂ ਇੱਕ ਸਰਕਾਰੀ ਅਧਿਆਪਕ ਵਜੋਂ ਤਾਇਨਾਤ ਹੋਏ। ਉਨ੍ਹਾਂ ਦੀ ਧਰਮ ਪਤਨੀ ਵੀ ਸਰਕਾਰੀ ਅਧਿਆਪਕ ਸਨ। ਨਿਰਮਲ ਸਿੰਘ ਕਾਹਲੋਂ ਨੇ ਨੌਕਰੀ ਛੱਡ ਵਕਾਲਤ ਦੀ ਪੜ੍ਹਾਈ ਕਰ ਵਕੀਲ ਬਣੇ ਤੇ ਸਿਆਸਤ ਵਿੱਚ ਕਦਮ ਰੱਖਿਆ।
ਨਿਰਮਲ ਸਿੰਘ ਕਾਹਲੋਂ 1985 ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ। ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਬਣੇ। ਉਸ ਤੋਂ ਬਾਅਦ ਬਰਨਾਲਾ ਸਰਕਾਰ ਵਿੱਚ 1986 ਵਿੱਚ ਸਿੱਖਿਆ ਰਾਜ ਮੰਤਰੀ ਬਣੇ। ਸੰਨ 1997 ਵਿੱਚ ਫਿਰ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਵਿਧਾਇਕ ਚੁਣੇ ਗਏ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ 5 ਸਾਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਰਹੇ।
ਮੁੜ ਸੰਨ 2007 ਵਿੱਚ ਫ਼ਤਹਿਗੜ੍ਹ ਚੂੜੀਆਂ ਤੋਂ ਤੀਸਰੀ ਵਾਰ ਵਿਧਾਇਕ ਬਣੇ ਤੇ 2007 ਤੋਂ 2012 ਤੱਕ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ।ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਕੋਰ ਕਮੇਟੀ ਮੈਂਬਰ ਵੀ ਰਹੇ।ਜਦਕਿ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਮਣੇ ਜਾਂਦੇ ਸਨ ਤੇ ਪਿਛਲੇ ਸਮੇ ਤੋ ਬਿਮਾਰ ਚਲ ਰਹੇ ਸਨ ਤੇ ਅੰਮ੍ਰਿਤਸਰ ਵਿੱਚ ਪ੍ਰਾਈਵੇਟ ਹਸਪਤਾਲ ਦਾਖਲ ਸਨ ਜਿੱਥੇ ਉਨ੍ਹਾਂ ਅੰਤਿਮ ਬੀਤੇ ਕੱਲ੍ਹ ਆਖਰੀ ਸਾਹ ਲਾਏ।